ਮਾਇਆ ਦੁਪਹਿਰ ਵੇਲ਼ੇ ਪੁਰਾਣੇ ਐਲੂਮੀਨੀਅਮ ਦੇ ਭਾਂਡੇ ਵਿੱਚੋਂ ਚੌਲ਼ਾਂ ਦੇ ਅਖੀਰਲੇ ਦਾਣੇ ਤੱਕ ਖੁਰਚ ਰਹੀ ਹੈ। ਬੱਸ ਇਹੀ ਉਨ੍ਹਾਂ ਦੇ ਪੂਰੇ ਦਿਨ ਦੀ ਖੁਰਾਕ ਬਣਨੀ ਹੈ। ਕੜਾਈ ਵਿੱਚ ਸ਼ਿਵਾ ਅਤੇ ਉਨ੍ਹਾਂ ਲਈ ਮਸੂਰ ਦੀ ਦਾਲ ਨਹੀਂ ਬਚੀ।
23 ਸਾਲਾ ਮਾਇਆ ਕਹਿੰਦੀ ਹਨ,''ਅਸੀਂ ਸਿਰਫ਼ ਇੱਕ ਡੰਗ ਹੀ ਖਾਣਾ ਖਾਂਦੇ ਹਾਂ, ਪਰ ਆਪਣੇ ਬੱਚਿਆਂ ਲਈ ਦੋ ਵਾਰੀ ਖਾਣਾ ਪਕਾਉਂਦੇ ਹਾਂ। ਸਾਡੀ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਉਨ੍ਹਾਂ ਨੂੰ ਰੱਜਵੀਂ ਰੋਟੀ ਮਿਲ਼ੇ।'' ਉਨ੍ਹਾਂ ਦੀ ਝੌਂਪੜੀ ਜੋ ਬਾਂਸ ਦੀ ਬਣੀ ਹੈ ਉਹਦੀਆਂ ਕੰਧਾਂ ਅਤੇ ਛੱਤ ਪੁਰਾਣੀਆਂ ਸਾੜੀਆਂ ਅਤੇ ਚਾਦਰਾਂ ਦੇ ਨਾਲ਼ ਢੱਕੀਆਂ ਹੋਈਆਂ ਹਨ। ਆਪਣੇ ਝੌਂਪੜੀ ਦੇ ਸਾਹਮਣੇ ਬੈਠੇ 25 ਸਾਲਾ ਸ਼ਿਵ ਕਹਿੰਦੇ ਹਨ,''ਮਹਾਂਮਾਰੀ ਸ਼ੁਰੂ ਹੋਣ ਤੋਂ ਬਾਅਦ ਤੋਂ ਹੀ ਅਸੀਂ ਘੱਟ ਰਾਸ਼ਨ ਖਰੀਦ ਪਾ ਰਹੇ ਹਾਂ।''
ਮਾਰਚ 2020 ਤੋਂ ਤਾਲਾਬੰਦੀ ਦੀ ਸ਼ੁਰੂਆਤ ਤੋਂ ਬਾਅਦ ਹੀ, ਮਾਇਆ ਅਤੇ ਸ਼ਿਵ ਗੰਡਾਡੇ ਆਪਣੇ ਅਤੇ ਆਪਣੇ ਚਾਰੇ ਬੱਚਿਆਂ (ਜਿਨ੍ਹਾਂ ਦੀ ਉਮਰ 2 ਸਾਲ ਤੋਂ 7 ਸਾਲ ਤੱਕ ਹੈ) ਦਾ ਢਿੱਡ ਭਰਨ ਲਈ ਸੰਘਰਸ਼ ਕਰ ਰਹੇ ਹਨ।
ਖੁੱਲ੍ਹੇ ਮੈਦਾਨ ਵਿੱਚ ਬਣੀ ਉਨ੍ਹਾਂ ਦੀ ਝੌਂਪੜੀ ਪੰਧਾਰਯਚਿਵਾੜੀ ਪਿੰਡ ਤੋਂ ਕਰੀਬ 6 ਤੋਂ 7 ਕਿਲੋਮੀਟਰ ਦੀ ਦੂਰੀ 'ਤੇ ਹੈ, ਜੋ ਬੀਡ ਜ਼ਿਲ੍ਹੇ ਦੇ ਬੀਡ ਤਾਲੁਕਾ ਵਿੱਚ ਉਨ੍ਹਾਂ ਦੀ ਬਸਤੀ ਦੇ ਸਭ ਤੋਂ ਵੱਧ ਨੇੜੇ ਹੈ। ਜਦੋਂ ਮੀਂਹ ਪੈਂਦਾ ਹੈ ਤਾਂ ਝੌਂਪੜੀ ਦੀਆਂ ਰੰਗੀਨ ਕੰਧਾਂ ਅਤੇ ਛੱਤਾਂ ਤੋਂ ਪਾਣੀ ਚੋਂਦਾ ਹੈ।
ਮੈਦਾਨ ਵਿੱਚ ਬਣੀਆਂ 14 ਝੌਂਪੜੀਆਂ ਵਿੱਚ ਮਸਨਜੋਗੀ ਭਾਈਚਾਰੇ ਦੇ ਲੋਕ ਰਹਿੰਦੇ ਹਨ, ਜੋ ਇੱਕ ਖ਼ਾਨਾਬਦੋਸ਼ ਕਬੀਲੇ (ਮਹਾਰਾਸ਼ਟਰ ਵਿੱਚ ਓਬੀਸੀ ਵਜੋਂ ਸੂਚੀਬੱਧ) ਹਨ ਜੋ ਰਵਾਇਤੀ ਤੌਰ 'ਤੇ ਭੀਖ ਮੰਗ ਕੇ ਗੁਜ਼ਾਰਾ ਵਾਲ਼ੇ ਮੰਨੇ ਜਾਂਦੇ ਸਨ। ਇਹ ਪਰਿਵਾਰ ਸਾਲ ਵਿੱਚ ਇੱਕ ਵਾਰੀ ਕੰਮ ਅਤੇ ਮਜ਼ਦੂਰੀ ਦੀ ਭਾਲ਼ ਵਿੱਚ ਇੱਕ ਜ਼ਿਲ੍ਹੇ ਤੋਂ ਦੂਸਰੇ ਜ਼ਿਲ੍ਹੇ ਭਟਕਦੇ ਰਹਿੰਦੇ ਹਨ।













