ਜਦੋਂ ਸੰਤੋਸ਼ ਖਾੜੇ ਨੂੰ ਪਤਾ ਲੱਗਾ ਕਿ ਉਹਨਾਂ ਨੇ ਮਹਾਰਾਸ਼ਟਰ ਪਬਲਿਕ ਸਰਵਿਸ ਕਮਿਸ਼ਨ (MPSC) ਦਾ ਦਾਖ਼ਲਾ ਇਮਤਿਹਾਨ ਪਾਸ ਕਰ ਲਿਆ ਹੈ, ਉਹਨਾਂ ਨੇ ਇੱਕ ਮਿੱਤਰ ਨੂੰ ਕਿਹਾ ਕਿ ਉਹ ਉਹਨਾਂ ਨੂੰ ਬੀੜ ਤੋਂ 180 ਕਿਲੋਮੀਟਰ ਦੂਰ ਸੋਲਾਪੁਰ ਤੱਕ ਗੱਡੀ ਵਿੱਚ ਲੈ ਜਾਵੇ। ਗੰਨੇ ਦੇ ਹਰੇ-ਭਰੇ ਖ਼ੇਤ ਵਿੱਚ ਪਹੁੰਚ ਕੇ ਉਹ ਬਾਂਸ, ਤੂੜੀ ਅਤੇ ਤਰਪਾਲ ਨਾਲ ਬਣੇ ਇੱਕ ਅਸਥਾਈ ਘਰ ਦੀ ਭਾਲ ਕਰਨ ਲੱਗੇ । ਇਸ 25 ਸਾਲਾ ਨੌਜਵਾਨ ਨੇ ਮਿੰਟਾਂ ਵਿੱਚ ਉਸ ਘਰ ਨੂੰ ਢਾਹ ਦਿੱਤਾ ਜਿੱਥੇ ਉਸਦੇ ਮਾਤਾ-ਪਿਤਾ ਪਿਛਲੇ 30 ਸਾਲਾਂ ਤੋਂ ਵੱਧ ਸਮੇਂ ਤੋਂ ਗੰਨੇ ਦੇ ਛੇ ਮਹੀਨਿਆਂ ਦੇ ਸੀਜ਼ਨ ਦੋਰਾਨ ਵਾਢੀ ਮਜ਼ਦੂਰਾਂ ਵੱਜੋਂ ਰਹਿੰਦੇ ਰਹੇ ਹਨ।
“ਇਹ ਗੱਲ ਦੀ ਖੁਸ਼ੀ ਕਿ ਮੇਰੇ ਮਾਤਾ-ਪਿਤਾ ਹੁਣ ਕਦੇ ਵੀ ਗੰਨੇ ਦੀ ਵਾਢੀ ਕਰਨ ਵਾਲੇ ਮਜ਼ਦੂਰਾਂ ਵੱਜੋਂ ਕੰਮ ਨਹੀਂ ਕਰਨਗੇ ਮੇਰੇ ਇਹ ਜਾਣਨ ਦੀ ਖੁਸ਼ੀ ਤੋਂ ਕਿਤੇ ਜ਼ਿਆਦਾ ਸੀ ਕਿ ਮੈਂ NT-D (ਖਾਨਾਬਦੋਸ਼ ਕਬੀਲਿਆਂ ਦੀ ਇੱਕ ਉਪ ਸ਼੍ਰੇਣੀ) ਵਿੱਚੋਂ ਸਭ ਤੋਂ ਉੱਪਰ ਆਇਆ ਹਾਂ,” ਖਾੜੇ ਨੇ ਕਿਹਾ, ਜੋ ਪਰਿਵਾਰ ਦੇ 3 ਏਕੜ ਦੇ ਮੀਂਹ ਨਾਲ਼ ਭਰੇ ਖ਼ੇਤ ਨਾਲ਼ ਲੱਗਦੇ ਆਪਣੇ ਘਰ ਦੇ ਵੱਡੇ ਬਰਾਂਡੇ ਵਿਚ ਇੱਕ ਪਲਾਸਟਿਕ ਦੀ ਕੁਰਸੀ ’ਤੇ ਬੈਠੇ ਸਨ।
ਇਹ ਖ਼ਬਰ ਸੁਣ ਕੇ ਉਹਨਾਂ ਦੀਆਂ ਅੱਖਾਂ ਵਿੱਚੋਂ ਖੁਸ਼ੀ ਦੇ ਹੰਝੂ ਵਹਿ ਤੁਰੇ ਸਨ। ਖਾੜੇ ਇੱਕ ਮਜ਼ਦੂਰ ਦੇ ਪੁੱਤਰ ਹਨ ਜੋ ਪਿਛਲੇ ਤਿੰਨ ਦਹਾਕਿਆਂ ਤੋਂ ਹਰ ਸਾਲ ਸੋਕਾ ਪ੍ਰਭਾਵਿਤ ਪਟੋਦਾ ਤੋਂ ਸੋਲਾਪੁਰ ਜ਼ਿਲ੍ਹੇ ਵੱਲ ਅਸਥਾਈ ਪ੍ਰਵਾਸ ਕਰਦੇ ਹਨ। ਉਹਨਾਂ ਨੇ ਦੱਸਿਆ ਕਿ ਸਾਵਰਗਾਂਓ ਘਾਟ ਦੇ 90 ਪ੍ਰਤੀਸ਼ਤ ਪਰਿਵਾਰ ਉਹਨਾਂ ਵਾਂਗ ਹਰ ਸਾਲ ਸਲਾਨਾ ਵਾਢੀ ਲਈ ਗੰਨਾ ਉਗਾਉਣ ਵਾਲੇ ਖੇਤਰਾਂ ਜਿਵੇ ਕਿ ਪੱਛਮੀ ਮਹਾਰਾਸ਼ਟਰ ਅਤੇ ਕਰਨਾਟਕਾ ਵੱਲ ਅਸਥਾਈ ਪ੍ਰਵਾਸ ਕਰਦੇ ਹਨ।
ਵੰਜਾਰੀ ਭਾਈਚਾਰੇ ਨਾਲ਼ ਸਬੰਧਤ ਖਾੜੇ ਨੇ ਬੜੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਨਾਲ਼ 2021 MPSC ਪ੍ਰੀਖਿਆ ਪਾਸ ਕੀਤੀ— ਉਹਨਾਂ ਨੇ ਪੂਰੇ ਰਾਜ ਵਿੱਚੋਂ ਜਨਰਲ ਕੈਟੇਗਰੀ ਵਿੱਚੋਂ 16ਵਾਂ ਸਥਾਨ ਅਤੇ NT-D ਕੈਟੇਗਰੀ ਵਿੱਚੋਂ ਚੋਟੀ ਦਾ ਸਥਾਨ ਪ੍ਰਾਪਤ ਕੀਤਾ।
“ਇਹ ਮੇਰੇ ਮਾਪਿਆਂ ਦੇ ਸਾਲਾ ਬੱਧੀ ਕਰੜੇ ਸੰਘਰਸ਼ ਦਾ ਨਤੀਜਾ ਹੈ। ਜੋ ਜਾਨਵਰ ਕਾ ਜੀਨਾ ਹੋਤਾ ਹੈ, ਵਹੀ ਇਨਕਾ ਜੀਨਾ ਹੋਤਾ ਹੈ (ਇਹਨਾਂ ਦੀ ਜ਼ਿੰਦਗੀ ਜਾਨਵਰਾਂ ਵਰਗੀ ਹੁੰਦੀ ਹੈ),” ਵਾਢੀ ਦੌਰਾਨ ਗੰਨਾ ਮਜ਼ਦੂਰਾਂ ਦੀ ਜ਼ਿੰਦਗੀ ਬਾਰੇ ਦੱਸਦੇ ਹੋਏ ਉਹਨਾ ਨੇ ਕਿਹਾ। “ਮੇਰਾ ਮੁਢਲਾ ਮੰਤਵ ਇੱਕ ਚੰਗੀ ਨੌਕਰੀ ਲੱਭਣਾ ਸੀ ਤਾ ਜੋ ਉਹਨਾਂ ਨੂੰ ਹੋਰ ਗੰਨੇ ਦੀ ਵਾਢੀ ਲਈ ਪ੍ਰਵਾਸ ਨਾ ਕਰਨਾ ਪਵੇ।







