2000 ਦੇ ਦਹਾਕੇ ਵਿੱਚ, ਮੁੱਖ ਧਾਰਾ ਦੇ ਪ੍ਰਕਾਸ਼ਨ ਦੀਆਂ ਨੌਕਰੀਆਂ ਵਿੱਚ ਲੱਗੇ ਲੋਕਾਂ ਨੂੰ ਸੌਂਪੇ ਗਏ ਕੰਮਾਂ ਵਿੱਚ ਆਮ ਆਦਮੀ ਦੀਆਂ ਮੁਸੀਬਤਾਂ ਪ੍ਰਤੀ ਅਵਾਜ਼ ਬੁਲੰਦ ਕਰਨਾ ਨਹੀਂ ਸਗੋਂ ਵ੍ਹਿਸਕੀ ਨਾਲ਼ ਖਾਣਾ ਖਾਣ ਤੇ ਪਾਲਤੂ ਜਾਨਵਰਾਂ ਦੀਆਂ ਜੋੜੀਆਂ ਬਣਾਉਣ ਜਿਹੇ ਵਿਸ਼ਿਆਂ ਦੇ ਇਰਦ-ਗਿਰਦ ਘੁੰਮਦੇ ਫਿਰਨਾ ਸੀ। ਜਿਹੜੇ ਲੋਕ ਆਪਣੇ ਵਿਚਾਰਾਂ ਨਾਲ਼ ਜੁੜੇ ਰਹਿੰਦੇ ਹਨ, ਉਨ੍ਹਾਂ ਨੂੰ ਅਕਸਰ 'ਝੋਲ਼ਾਵਾਲਾ' ਕਿਹਾ ਜਾਂਦਾ ਰਿਹਾ ਹੈ (ਇੱਕ ਅਜਿਹਾ ਵਿਅਕਤੀ ਜੋ ਆਪਣੇ ਮੋਢੇ 'ਤੇ ਝੋਲ਼ਾ ਲਮਕਾਉਂਦਾ ਹੈ, ਉੱਤਰੀ ਭਾਰਤ ਵਿਚ ਇਹ ਤਸਵੀਰ ਆਮ ਤੌਰ 'ਤੇ ਖੱਬੇਪੱਖੀ ਵਿਚਾਰਾਂ ਨਾਲ਼ ਜੁੜੇ ਹੋਣ ਵਾਲ਼ੇ ਵਿਅਕਤੀ ਦੀ ਹੁੰਦੀ ਹੈ ਅਤੇ ਇਨ੍ਹਾਂ ਸ਼ਬਦਾਂ ਦਾ ਇਸਤੇਮਾਲ ਉਹਨੂੰ ਨੀਵਾਂ ਦਿਖਾਉਣ ਲਈ ਕੀਤਾ ਜਾਂਦਾ ਹੈ)।
ਸੈਂਟਰ ਫ਼ਾਰ ਮੀਡੀਆ ਸਟੱਡੀਜ਼ ਦੁਆਰਾ 2014 ਵਿੱਚ ਕੀਤੇ ਗਏ ਇੱਕ ਅਧਿਐਨ ਦੇ ਅਨੁਸਾਰ, ਦੇਸ਼ ਦੀ 69 ਪ੍ਰਤੀਸ਼ਤ ਆਬਾਦੀ ਪੇਂਡੂ ਹੈ - ਜਿੱਥੇ 80.33 ਕਰੋੜ ਲੋਕ ਲਗਭਗ 800 ਭਾਸ਼ਾਵਾਂ ਬੋਲਦੇ ਹਨ- ਪਰ ਪ੍ਰਿੰਟ ਮੀਡੀਆ ਵਿੱਚ ਹੋਮਪੇਜ 'ਤੇ ਇਨ੍ਹਾਂ ਨੂੰ ਸਿਰਫ਼ 0.67 ਪ੍ਰਤੀਸ਼ਤ ਜਗ੍ਹਾ ਮਿਲ਼ਦੀ ਹੈ। ਰਾਸ਼ਟਰੀ ਅਖ਼ਬਾਰਾਂ ਦੇ ਮੁੱਖ ਪੰਨੇ 'ਤੇ ਲਗਭਗ 66 ਪ੍ਰਤੀਸ਼ਤ ਖ਼ਬਰਾਂ ਦਿੱਲੀ ਅਧਾਰਤ ਰਿਪੋਰਟਾਂ ਹੀ ਹੁੰਦੀਆਂ ਹਨ।
''ਆਪਣੇ 35 ਸਾਲਾਂ ਦੇ ਪੱਤਰਕਾਰੀ ਤਜ਼ਰਬੇ 'ਚ ਮੈਂ ਕਦੇ ਵੀ ਕੋਈ ਅਜਿਹਾ ਅਖ਼ਬਾਰ ਜਾਂ ਟੀਵੀ ਚੈਨਲ ਨਹੀਂ ਦੇਖਿਆ, ਜਿਸ ਕੋਲ਼ ਕਿਸਾਨ, ਮਜ਼ਦੂਰ ਅਤੇ ਹੋਰ ਮਹੱਤਵਪੂਰਨ ਸਮਾਜਿਕ ਖੇਤਰਾਂ ਦੀ ਰਿਪੋਰਟ ਕਰਨ ਵਾਲ਼ੇ ਰਿਪੋਰਟਰ ਹੋਣ। ਉਨ੍ਹਾਂ ਕੋਲ਼ ਬਾਲੀਵੁੱਡ, ਅਮੀਰ ਲੋਕਾਂ ਦੇ ਸਮਾਗਮਾਂ ਅਤੇ ਉਨ੍ਹਾਂ ਦੇ ਕਾਰੋਬਾਰਾਂ ਬਾਰੇ ਰਿਪੋਰਟ ਕਰਨ ਲਈ ਪੂਰੇ ਸਮੇਂ ਦੇ ਪੱਤਰਕਾਰ ਹਨ। ਪਰ ਖੇਤੀਬਾੜੀ ਅਤੇ ਕਿਰਤ ਬਾਰੇ ਰਿਪੋਰਟ ਕਰਨ ਲਈ ਕੋਈ ਪੱਤਰਕਾਰ ਨਹੀਂ ਹੋਵੇਗਾ। ਇਸੇ ਸੰਦਰਭ ਵਿੱਚੋਂ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ (ਪਾਰੀ) ਦੀ ਉਤਪਤੀ ਦਾ ਵਿਚਾਰ ਉੱਭਰਿਆ," ਪ੍ਰਸਿੱਧ ਪੱਤਰਕਾਰ ਅਤੇ ਪਾਰੀ ਦੇ ਸੰਸਥਾਪਕ-ਸੰਪਾਦਕ ਪਲਾਗੁੰਮੀ ਸਾਈਨਾਥ ਕਹਿੰਦੇ ਹਨ। ਪੇਂਡੂ ਰਿਪੋਰਟਿੰਗ ਦੇ 43 ਸਾਲਾਂ ਦੇ ਸਫ਼ਰ ਦੌਰਾਨ ਉਨ੍ਹਾਂ ਨੇ ਪੱਤਰਕਾਰੀ ਨਾਲ਼ ਸਬੰਧਤ 60 ਤੋਂ ਵੱਧ ਪੁਰਸਕਾਰ ਪ੍ਰਾਪਤ ਕੀਤੇ ਹਨ।
ਪਾਰੀ ਇੱਕ ਮਲਟੀਮੀਡੀਆ ਭੰਡਾਰ ਹੈ। ਇਹ ਇੱਕ ਜੀਵਤ ਰਸਾਲਾ ਹੈ ਅਤੇ ਜਨਤਾ ਦੇ ਰੋਜ਼ਾਨਾ ਜੀਵਨ ਨਾਲ਼ ਜੁੜੀ ਆਰਕਾਈਵ ਹੈ। ਕਾਊਂਟਰ ਮੀਡੀਆ ਟਰੱਸਟ ਦੁਆਰਾ ਸ਼ੁਰੂ ਕੀਤਾ ਗਿਆ ਇਹ ਆਰਕਾਈਵ ਦਸੰਬਰ 2014 ਵਿੱਚ 10-12 ਲੋਕਾਂ ਦੀ ਟੀਮ ਨਾਲ਼ ਸ਼ੁਰੂ ਕੀਤਾ ਗਿਆ ਸੀ। ਪੇਂਡੂ ਪੱਤਰਕਾਰੀ ਦੇ ਟੀਚੇ ਨਾਲ਼ ਸ਼ੁਰੂ ਕੀਤੇ ਗਏ ਇਸ ਮਲਟੀਮੀਡੀਆ ਪਲੇਟਫ਼ਾਰਮ ਵਿੱਚ ਅੱਜ ਪੇਂਡੂ ਭਾਰਤ 'ਤੇ ਅਧਿਕਾਰਤ ਰਿਪੋਰਟਾਂ, ਪੇਂਡੂ ਜੀਵਨ-ਜਾਂਚ, ਕਲਾ ਤੇ ਸਿਖਲਾਈ ਦੀ ਪਹਿਲਕਦਮੀ ਦੇ ਨਾਲ਼-ਨਾਲ਼ ਦੁਰਲੱਭ ਦਸਤਾਵੇਜਾਂ ਦੀ ਇੱਕ ਆਨਲਾਈਨ ਲਾਈਬ੍ਰੇਰੀ ਸ਼ਾਮਲ ਹੈ। ਪਾਰੀ, ਟੈਕਸਟ, ਫ਼ੋਟੋਆਂ, ਚਿੱਤਰਾਂ, ਆਡੀਓ, ਵੀਡੀਓ ਅਤੇ ਦਸਤਾਵੇਜ਼ਾਂ ਦੇ ਰੂਪ ਵਿੱਚ ਮੂਲ਼ ਫੀਲਡ ਰਿਪੋਰਟਾਂ ਬਣਾਉਂਦੀ ਹੈ ਜੋ ਆਮ ਭਾਰਤੀਆਂ ਦੇ ਜੀਵਨ ਨੂੰ ਕਵਰ ਕਰਦੇ ਹਨ ਅਤੇ ਕਿਰਤ, ਰੋਜ਼ੀ-ਰੋਟੀ, ਸ਼ਿਲਪਕਾਰੀ, ਸੰਕਟ, ਕਹਾਣੀਆਂ, ਗੀਤ ਅਤੇ ਹੋਰ ਬਹੁਤ ਕੁਝ ਕਵਰ ਕਰਦੀਆਂ ਹਨ।












