ਬੀੜੀ ਦੇ ਕਸ਼ ਭਰਦਿਆਂ ਰਤਨ ਸਿੰਘ, ਫਰੀਦਾਬਾਦ ਦੇ ਮੰਗਰ ਪਿੰਡ ਦੇ ਗੁੱਜਰ ਭਾਈਚਾਰੇ ਨਾਲ਼ ਸਬੰਧ ਰੱਖਣ ਵਾਲ਼ੇ ਚਰਵਾਹੇ, ਆਪਣੀਆਂ ਬੱਕਰੀਆਂ ਨੂੰ ਹੱਕ ਰਹੇ ਹਨ। ਅਰਾਵਲੀ ਪਹਾੜੀ ਦੇ ਚੜ੍ਹਾਈ ਕਰਨ ਪਿੱਛੋਂ ਹਰਿਆਵਲ ਭਰੀ ਥਾਂ ‘ਤੇ ਪਹੁੰਚਣ ਉਪਰੰਤ ਉਹ ਪਾਣੀ ਪੀਣ ਲਈ ਆਵਾਜ਼ ਲਗਾਉਂਦੇ ਹਨ। “ਟਰਰ ਟਰਰ,” ਇਹ ਆਵਾਜ਼ ਕੰਨੀਂ ਪੈਂਦੇ ਹੀ 45 ਬੱਕਰੀਆਂ ਜਮਾਂ ਹੋਣੀਆਂ ਸ਼ੁਰੂ ਹੋ ਗਈਆਂ।
“ਹਰ ਆਵਾਜ਼ ਦਾ ਲਹਿਜ਼ਾ ਅਤੇ ਸੁਰ ਅਲੱਗ ਹੈ ਜੋ ਖਾਸ ਨਿਰਦੇਸ਼ਾਂ ਦਾ ਸੂਚਕ ਹੈ ਅਤੇ ਇਸ ਤਰ੍ਹਾਂ ਦੀਆਂ ਦਰਜਨਾਂ ਵੱਖ-ਵੱਖ ਆਵਾਜ਼ਾਂ ਹਨ ਜਿਨ੍ਹਾਂ ਰਾਹੀਂ ਇੱਜੜ ਨੂੰ ਕਾਬੂ ਕੀਤਾ ਜਾਂਦਾ ਹੈ,” ਉਹ ਦੱਸਦੇ ਹਨ।
ਇੱਕ ਸਧਾਰਨ ਅਤੇ ਕੋਮਲ ਲਹਿਜੇ ਵਿੱਚ “ਆਓ ਆਓ” ਦੀ ਆਵਾਜ਼ ਹੈ ਜੋ ਬੱਕਰੀਆਂ ਨੂੰ ਚਰਵਾਹੇ ਕੋਲ਼ ਲੈ ਕੇ ਆਉਂਦੀ ਹੈ। ਫ਼ਿਰ ਇੱਕ “ਲੈ ਲੈ ਲੈ” ਦੀ ਅਲੱਗ ਆਵਾਜ਼ ਹੈ ਜੋ ਬੱਕਰੀਆਂ ਨੂੰ ਸੰਕੇਤ ਦਿੰਦੀ ਹੈ ਕਿ ਲੂਣ ਖਾਣ ਦਾ ਵੇਲਾ ਹੋ ਗਿਆ।
“ਆਓਲੇ ਆਓਲੇ- ਊਹ ਊਹ” ਇਸ ਆਵਾਜ਼ ਦੇ ਦੋ ਸੰਕੇਤ ਹਨ, ਇੱਕ ਤਾਂ ਇੱਜੜ ਨੂੰ ਭਰੋਸਾ ਦੇਣਾ ਕਿ ਆਜੜੀ ਕੋਲ਼ ਹੈ ਅਤੇ ਕਿਸੇ ਸ਼ਿਕਾਰੀ ਜਾਨਵਰ ਨੂੰ ਚੇਤਾਵਨੀ ਦੇਣੀ ਕਿ ਇੱਜੜ ਇਕੱਲਾ ਨਹੀਂ ਹੈ।
65 ਸਾਲਾਂ ਦੇ ਰਤਨ ਸਿੰਘ ਹਰ ਆਵਾਜ਼ ਕੱਢ ਕੇ ਦਿਖਾਉਂਦੇ ਹਨ ਅਤੇ ਵਿਸਥਾਰ ਨਾਲ਼ ਲਹਿਜ਼ੇ ਅਤੇ ਤਾਲ ਵਿਚਕਾਰ ਅੰਤਰ ਦੱਸਦੇ ਹਨ ਕਿ ਕਿਸ ਤਰ੍ਹਾਂ ਇਹ ਆਵਾਜ਼ਾਂ ਆਜੜੀ ਅਤੇ ਇੱਜੜ ਵਿਚਾਲੇ ਪ੍ਰਾਚੀਨ ਰਿਸ਼ਤੇ ਨੂੰ ਸਹੇਜ ਕੇ ਰੱਖਦੀਆਂ ਹਨ।
ਲੰਬੇ ਅਤੇ ਦੁਬਲੇ-ਪਤਲੇ ਸਿੰਘ ਕੁੜਤੇ-ਪਜਾਮੇ ਨਾਲ਼ ਪਗੜੀ ਬੰਨ ਕੇ ਰੱਖਦੇ ਹਨ। ਉਹਨਾਂ ਨੇ ਚਮੜੇ ਦੇ ਭਾਰੀ ਜੁੱਤੇ ਪਹਿਨੇ ਹਨ ਜੋ ਪਹਾੜੀਆਂ ਵਿੱਚ ਤਿੱਖੇ ਪੱਥਰਾਂ ਅਤੇ ਕੰਡਿਆਂ ਵਿੱਚ ਤੁਰਨ ਲਈ ਅਨੁਕੂਲ ਹਨ।
ਸਿੰਘ ਦਿੱਲੀ-ਹਰਿਆਣਾ ਬਾਰਡਰ ‘ਤੇ ਅਰਾਵਲੀ ਪਰਵਤ ਲੜੀ ਵਿੱਚ ਪੈਂਦੇ ਪਿੰਡ ਮੰਗਰ ਤੋਂ ਆਉਂਦੇ ਹਨ ਜੋ ਆਪਣੀ ਜੈਵ-ਵਿਭਿੰਨਤਾ ਲਈ ਪ੍ਰਸਿੱਧ ਹੈ।

















