ਪਹਿਲੀ ਤੱਕਣੀ ਵਿੱਚ ਤੁਸੀਂ ਰਿਜ਼ਵਾਨਾ ਹਾਜੀ ਦੀਆਂ ਖ਼ੂਬਸੂਰਤ, ਪਾਣੀ ਨਾਲ਼ ਭਰੀਆਂ, ਬਦਾਮ-ਰੰਗੀਆਂ ਅੱਖਾਂ ਵੱਲ ਧਿਆਨ ਦਿੱਤੇ ਬਗ਼ੈਰ ਨਹੀਂ ਰਹਿ ਸਕਦੇ। ਉਹ ਆਪਣੀਆਂ ਅੱਖਾਂ ਪੂੰਝਦੀ ਹੈ, ਚੁੰਨ੍ਹੀ ਨੂੰ ਖਿਸਕਾ ਕੇ ਵਾਲ਼ਾਂ ਨੂੰ ਰਤਾ ਕੁ ਸੰਵਾਰਦੀ ਹੈ ਤੇ ਭਰੋਸੇ ਭਰੀ ਅਵਾਜ਼ ਵਿੱਚ ਦੱਸਦੀ ਹੈ ਕਿ ਧੁੱਪ ਵਾਲ਼ਾ ਚਸ਼ਮਾ ਤਾਂ ਸਿਰਫ਼ ਪੁਰਸ਼ਾਂ ਲਈ ਹੀ ਹੁੰਦਾ ਹੈ।
''ਮੇਰੇ ਪਤੀ ਲਾਉਂਦੇ ਨੇ,'' ਸਿਰ ਹਿਲਾ ਕੇ ਸ਼ਰੀਫ ਵੱਲ ਇਸ਼ਾਰਾ ਕਰਦਿਆਂ ਉਹ ਕਹਿੰਦੀ ਹੈ ਜੋ ਲੰਬੇ ਚੱਪੂ ਨਾਲ਼ ਨੇੜਲੀ ਕਿਆਰੀ ਵਿੱਚੋਂ ਲੂਣ ਦਾ ਰਵਾ ਘਸੀਟ ਰਿਹਾ ਹੁੰਦਾ ਹੈ, ਜਿਸ ਦੀਆਂ ਅੱਖਾਂ ਚਸ਼ਮੇ ਮਗਰ ਲੁਕੀਆਂ ਹਨ।
''ਪਰ ਤੂੰ ਕਿਉਂ ਨਹੀਂ ਲਾਉਂਦੀ?'' ਇਸ ਸਵਾਲ 'ਤੇ ਉਹ ਠਹਾਕਾ ਲਾ ਕੇ ਹੱਸ ਪੈਂਦੀ ਹੈ, ਜਿਵੇਂ ਇਹ ਕੋਈ ਅਸੰਭਵ ਤੇ ਅਜੀਬ ਗੱਲ ਹੋਵੇ। ''ਇੱਥੇ ਬਜ਼ੁਰਗ ਵੀ ਨੇ। ਉਹ ਕੀ ਕਹਿਣਗੇ! ਸਾਡੇ ਭਾਈਚਾਰਿਆਂ ਵਿੱਚ, ਔਰਤਾਂ ਧੁੱਪ ਦਾ ਚਸ਼ਮਾ ਨਹੀਂ ਲਾਉਂਦੀਆਂ,'' ਹੱਥ ਹਿਲਾ ਕੇ ਜਿਵੇਂ ਇਸ ਸਵਾਲ ਨੂੰ ਮੂਲ਼ੋਂ ਹੀ ਖਾਰਜ ਕਰ ਦਿੰਦੀ ਹੈ। ਪਾਣੀ ਛੱਡਦੀਆਂ ਆਪਣੀਆਂ ਅੱਖਾਂ ਨੂੰ ਦੋਬਾਰਾ ਪੂੰਝਦੀ ਹੈ ਤੇ ਗੱਲ ਜਾਰੀ ਰੱਖਦੀ ਹੈ,''ਮੈਨੂੰ ਸ਼ਰਮ ਵੀ ਆਉਂਦੀ ਆ।'' ਉਨ੍ਹਾਂ ਦੀ ਝਿਜਕ ਉਨ੍ਹਾਂ ਦੀਆਂ ਗੱਲਾਂ ਵਾਂਗਰ ਹੀ ਸੱਚੀ ਵੀ ਜਾਪਦੀ ਹੈ।
ਅੱਖਾਂ ਵਿੱਚ ਬਾਰ-ਬਾਰ ਪਾਣੀ ਆਉਣ ਨਾਲ਼ ਰਿਜ਼ਵਾਨਾ ਦੀਆਂ ਅੱਖਾਂ ਦੀ ਰੌਸ਼ਨੀ 'ਤੇ ਵੀ ਮਾੜਾ ਅਸਰ ਪੈਂਦਾ ਹੈ। ਲੂਣ ਕਿਆਰੀਆਂ 'ਚੋਂ ਉੱਠਦੀ ਖ਼ੁਸ਼ਕ, ਲੂਣੀ ਹਵਾ ਜਿਸ ਅੰਦਰ ਘੱਟੇ ਦੇ ਨਾਲ਼ ਲੂਣ ਦੇ ਰਵੇ ਅੱਖਾਂ ਵਿੱਚ ਪੈਣ ਨਾਲ਼ ਉਹ ਖ਼ੁਸ਼ਕ ਵੀ ਹੁੰਦੀਆਂ ਹਨ ਤੇ ਖ਼ਰਾਬ ਵੀ। ਗੁਜਰਾਤ ਦੀਆਂ ਲੂਣ-ਕਿਆਰੀਆਂ ਵਿੱਚ ਕੰਮ ਕਰਨ ਵਾਲ਼ੇ ਅਗਰਿਆ ਵਿੱਚ ਇਹ ਬੀਮਾਰੀ ਬਹੁਤ ਆਮ ਹੈ। ''ਅਗਰ'' ਗੁਜਰਾਤ ਵਿੱਚ ਲੂਣ ਦੇ ਖੇਤਾਂ ਨੂੰ ਕਹਿੰਦੇ ਹਨ। ਇਹ ਖੇਤ ਛੋਟਾ ਕੱਛ ਦੇ ਰਣ ਵਿੱਚ 5,000 ਵਰਗ ਕਿਲੋਮੀਟਰ ਦੇ ਦਾਇਰੇ ਵਿੱਚ ਫੈਲੇ ਹੋਏ ਹਨ। ਰਣ ਦਾ ਇਹ ਇਲਾਕਾ ਸਮੁੰਦਰ ਤਲ਼ ਤੋਂ ਨੀਂਵਾਂ ਹੈ ਤੇ ਅਕਾਰ ਪਿਆਲੇ ਜਿਹਾ ਹੈ, ਮਾਨਸੂਨ ਦੌਰਾਨ ਇਹ ਮੌਸਮੀ ਜਲਾਸ਼ਯ ਬਣ ਜਾਂਦਾ ਹੈ ਪਰ ਗਰਮੀ ਤੇ ਸਰਦੀ ਦੌਰਾਨ ਇਹ ਜ਼ਮੀਨ ਖ਼ੁਸ਼ਕ ਬਣੀ ਰਹਿੰਦੀ ਹੈ।
ਰਣ ਦੇ ਮੈਦਾਨ ਦਾ ਇਓਂ ਮਾਰੂਥਲ ਤੋਂ ਜਲਾਸ਼ਯ ਵਿੱਚ ਬਦਲਣਾ ਸੱਚਮੁੱਚ ਇੱਕ ਵਿਲੱਖਣ ਜੀਵ-ਵਿਭਿੰਨਤਾ ਬਣ ਜਾਂਦਾ ਹੈ। ਉਸ ਦੌਰਾਨ ਇਹ ਜਗ੍ਹਾ ਫਲੇਮਿੰਗੋ ਤੇ ਪੈਲੀਕਨ ਵਰਗੇ ਪ੍ਰਵਾਸੀ ਪੰਛੀਆਂ ਦੀ ਸੈਂਚੁਰੀ ਬਣਿਆ ਰਹਿੰਦਾ ਹੈ ਤੇ ਕਾਲ਼ਾ-ਹਿਰਨ, ਸੂਰ ਤੇ ਹਿਰਨਾਂ ਲਈ ਸੁਰੱਖਿਅਤ ਥਾਂ ਵੀ ਜੋ ਪੂਰਾ ਸਾਲ ਇੱਥੇ ਹੀ ਘੁੰਮਦੇ ਰਹਿੰਦੇ ਹਨ। ਜੰਗਲੀ ਜੀਵਾਂ ਦੀ ਆਮਦ ਦਰਅਸਲ ਇਹ ਪੇਸ਼ਨਗੋਈ ਕਰਦੀ ਹੈ ਕਿ ਸਾਲ ਕਿਵੇਂ ਦਾ ਲੰਘੇਗਾ। ਇਸਨੂੰ ਮੁਕਾਮੀ ਲੋਕੀਂ ਕੁਝ ਇਓਂ ਕਹਿੰਦੇ ਹਨ: ਕੱਚਮਾ ਕਾਲੇ ਸ਼ੂ ਆਵਸੇ, ਏ ਆਜੇਜ ਦੇਖਾਏ। (ਕੱਛ ਵਿੱਚ, ਆਉਣ ਵਾਲ਼ੇ ਕੱਲ੍ਹ ਦਾ ਪਤਾ ਅੱਜ ਹੀ ਲੱਗ ਸਕਦਾ ਹੈ)।
ਪਾਣੀ ਲੱਥਣ ਤੋਂ ਬਾਅਦ, ਅਗਰਿਆ ਜਾ ਜਾਂਦੇ ਹਨ, ਆਪਣੇ ਤੰਬੂ ਗੱਡ ਲੈਂਦੇ ਹਨ ਤੇ ਆਉਣ ਵਾਲ਼ੇ 8 ਮਹੀਨੇ ਇੱਥੇ ਹੀ ਰਹਿੰਦੇ ਹਨ। ਜ਼ਮੀਨਦੋਜ਼ ਖਾਰੇ ਪਾਣੀ ਨੂੰ ਉਹ ਲੂਣ ਦੇ ਰਵਿਆਂ ਵਿੱਚ ਬਦਲਦੇ ਹੋਏ ਭਾਰਤ ਦੇ ਲੂਣ ਦਾ 75 ਪ੍ਰਤੀਸ਼ਤ ਤੋਂ ਵੱਧ ਲੂਣ ਪੈਦਾ ਕਰਦੇ ਹਨ।
ਕੱਛ ਦਾ ਰਣ ਸਿੱਧੀਆਂ ਲਕੀਰਾਂ ਦੇ ਬਣੇ ਜਾਲ਼ ਜਿਹਾ ਪ੍ਰਤੀਤ ਹੋਣ ਲੱਗਦਾ ਹੈ। ਲੂਣ ਦੇ ਚਿੱਟ-ਰੰਗੇ ਖੇਤਾਂ ਦੇ ਚਾਰੇ ਪਾਸੇ ਲੱਗੀਆਂ ਜਾਲ਼ੀਆਂ, ਚੌਰਸ ਸੋਲਰ ਪੈਨਲ ਤੇ ਜ਼ਮੀਨ 'ਤੇ ਬਣੇ ਇੱਕੋ ਜਿਹੇ ਦਿਖਾਈ ਦੇਣ ਵਾਲ਼ੇ ਆਇਤਾਕਾਰ ਢਾਂਚੇ, ਦੂਰ-ਦੂਰ ਤੱਕ ਫੈਲੇ ਇਨ੍ਹਾਂ ਖੇਤਾਂ ਦੀ ਕਠੋਰਤਾ ਨੂੰ ਹੋਰ ਵਧਾ ਦਿੰਦੇ ਹਨ। ਸਵੇਰੇ 10 ਵਜੇ ਹੀ ਆਸਮਾਨ ਵਿੱਚ ਸੂਰਜ ਇੰਨਾ ਤੇਜ਼ ਚਮਕਦਾ ਹੈ ਜਿਓਂ ਕੋਈ ਅੱਗ ਦਾ ਪਿਘਲ਼ਿਆ ਗੋਲ਼ਾ ਹੋਵੇ ਜਿਹਨੇ ਆਪਣੀ ਤੀਬਰਤਾ, ਵਿੰਨ੍ਹ ਸੁੱਟਣ ਵਾਲ਼ੀ ਰੌਸ਼ਨੀ ਨਾਲ਼ ਹਰ ਸ਼ੈਅ ਨੂੰ ਢੱਕ ਦਿੱਤਾ ਹੋਵੇ। ਇਹ ਕਿਸੇ ਦੂਸਰੀ ਦੁਨੀਆ ਦੀ ਥਾਂ ਲੱਗਦੀ ਹੈ, ਜਿੱਥੇ ਦੂਰ ਦੁਮੇਲ਼ ਤੱਕ ਲੂਣ ਦੀ ਮੋਟੀ ਪਰਤ ਦਿਖਾਈ ਦਿੰਦੀ ਹੈ। ਓਪਰ ਅਸਮਾਨ ਅਤੇ ਹੇਠਾਂ ਜ਼ਮੀਨ 'ਤੇ ਫੈਲੀ ਸਫ਼ੈਦੀ ਅੱਖਾਂ ਨੂੰ ਚੁਭਦੀ ਹੈ। ਇੱਥੋਂ ਦੀ ਗਰਮੀ ਹਰ ਸ਼ੈਅ ਦੀ ਨਮੀ ਚੂਸ ਲੈਂਦੀ ਹੈ। ਬੱਲ੍ਹ ਫਟ ਜਾਂਦੇ ਹਨ, ਗਲ਼ਾ ਖ਼ੁਸ਼ਕ ਹੋਇਆ ਰਹਿੰਦਾ ਹੈ ਤੇ ਅੱਖਾਂ ਵਿੱਚ ਲਗਾਤਾਰ ਪਾਣੀ ਆਉਂਦੀ ਰਹਿੰਦਾ ਹੈ। ਅੱਡੀਆਂ ਕਿਸੇ ਬੰਜਰ ਭੋਇੰ ਵਾਂਗ ਤ੍ਰੇੜਾਂ ਨਾਲ਼ ਭਰ ਜਾਂਦੀਆਂ ਹਨ।














