ਕੋਈ ਪਿੰਡ ਜੋ ਰੇਗਿਸਤਾਨ ਦੇ ਕੰਢੇ ਵੱਸਿਆ ਹੋਵੇ ਉਹਨੂੰ ਗੁਜਰਾਤੀ ਵਿੱਚ ਰਣ ਕਹਿੰਦੇ ਹਾਂ। ਮੇਰੇ ਸਾਹਮਣੇ ਇੱਕ ਆਦਮੀ ਖੜ੍ਹਾ ਹੈ: ਚੁੰਧਿਆਈਆਂ ਅੱਖਾਂ, ਚਿੱਟੇ ਵਾਲ਼, ਫਟੀਆਂ ਅੱਡੀਆਂ ਤੇ ਧੁੱਪੇ ਸੜ ਕੇ ਸਖ਼ਤ ਹੋਈ ਚਮੜੀ। ਉਹਦੀ ਖਰ੍ਹਵੀ ਚਮੜੀ ਦਾ ਇੰਨਾ ਕੁ ਬੁਰਾ ਹਾਲ਼ ਹੈ ਕਿ ਬੁੱਲ੍ਹਾਂ ਤੇ ਗੱਲ੍ਹਾਂ ਦਾ ਰੰਗ ਇੱਕੋ ਹੋਇਆ ਪਿਆ ਹੈ। ਇੱਕ ਮਜ਼ਬੂਤ ਸਰੀਰ ਜਿਸ 'ਤੇ ਲੂਣ ਦੇ ਰਵੇ ਚਿਪਕੇ ਹੋਏ ਹਨ। ਕੋਈ ਵੀ ਪਛਾਣ ਸਕਦਾ ਹੈ ਕਿ ਇਹ ਇੱਕ ਅਗਰਿਆ ਜਾਂ ਲੂਣ ਕਿਆਰੀਆਂ ਵਿਚ ਕੰਮ ਕਰਨ ਵਾਲ਼ਾ ਮਜ਼ਦੂਰ ਹੈ।
ਖਾਰਾਘੋੜਾ ਦਾ ਰੇਗਿਸਤਾਨ ਰੇਤ ਨਾਲ਼ ਨਹੀਂ ਸਗੋਂ ਦੂਰ-ਦੂਰ ਤੱਕ ਲੂਣੀ ਮਿੱਟੀ ਨਾਲ਼ ਭਰਿਆ ਹੋਇਆ ਹੈ। ਮਾਨਸੂਨ ਵਿੱਚ ਇਹ ਪਾਣੀ ਨਾਲ਼ ਭਰ ਜਾਂਦਾ ਹੈ ਅਤੇ ਫਿਰ ਸਿਰਫ਼ ਸੁੱਕੀ ਮਿੱਟੀ ਹੀ ਬਚਦੀ ਹੈ। ਹਰ ਦਿਨ ਬੀਤੇ ਦਿਨ ਨਾਲ਼ੋਂ ਵੱਧ ਗਰਮ ਹੁੰਦਾ ਜਾਂਦਾ ਹੈ ਅਤੇ ਛੇਤੀ ਹੀ ਇੱਥੇ ਸੁੱਕੀ ਤੇ ਖ਼ੁਸ਼ਕ ਮਿੱਟੀ ਤੋਂ ਬਿਨਾ ਹੋਰ ਕੁਝ ਨਹੀਂ ਦਿਖਾਈ ਦੇਣਾ। ਦੁਮੇਲ਼ ਤੱਕ ਇੱਕ ਵੀ ਦਰੱਖਤ ਨਹੀਂ, ਸਿਰਫ਼ ਕੁਝ ਕੰਢੇਦਾਰ ਝਾੜੀਆਂ ਹਨ। ਇਸ ਬਾਰੇ ਸੁਣ ਕੇ ਹੀ ਇੱਕ ਥਕਾਵਟ ਜਿਹੀ ਹੋਣ ਲੱਗਦੀ ਹੈ, ਜ਼ਰਾ ਸੋਚ ਕੇ ਦੇਖੋ ਇੱਥੇ ਕੰਮ ਕਰਨਾ ਕਿੰਨਾ ਮੁਸ਼ਕਲ ਹੋਵੇਗਾ। ਇੱਥੇ ਤੁਸੀਂ ਤੁਰ ਤਾਂ ਸਕਦੇ ਹੋ ਪਰ ਘੰਟਿਆਂ ਤੱਕ ਤੁਰ ਕੇ ਵੀ ਕਿਤੇ ਪਹੁੰਚਣ ਨਹੀਂ ਵਾਲ਼ੇ। ਇਹ ਸਭ ਸਮਝਦੇ ਹੋਏ ਵੀ ਕੋਈ ਵਿਕਲਪ ਨਹੀਂ, ਤੁਹਾਨੂੰ ਇਨ੍ਹਾਂ ਹਾਲਾਤਾਂ ਵਿੱਚ ਹੀ ਜੀਉਣਾ ਪੈਣਾ ਹੈ।
''ਇਹ ਰਸਤਾ ਓਬੜ ਤਾਂ ਬਿਲਕੁਲ ਵੀ ਨਹੀਂ,
ਫਿਰ ਵੀ ਮੈਂ ਇਸ ਰੇਗਿਸਤਾਨ 'ਚ ਗੁਆਚ ਗਿਆਂ।
ਮੈਂ ਆਪਣੇ ਪੁਰਖਿਆਂ ਦੇ ਰਾਹ 'ਤੇ ਤੁਰਿਆਂ
ਫਿਰ ਵੀ ਮੈਂ ਇਸ ਰੇਗਿਸਤਾਨ 'ਚ ਗੁਆਚ ਗਿਆਂ।''
ਰਵਾਇਤੀ ਲੂਣ ਦੀ ਖੇਤੀ ਕਰਨ ਵਾਲ਼ੇ ਮਜ਼ਦੂਰਾਂ ਦੀ ਪੀੜ੍ਹ ਨੂੰ ਸੁਣਾਉਣ ਵਾਲ਼ੇ ਇਹ ਸ਼ਬਦ 65 ਸਾਲਾ ਕਵੀ ਡੀ. ਕੇ. ਵਾਨਿਆ ਦੇ ਹਨ। ਉਹ ਦੱਸਦੇ ਹਨ,"ਇਸ ਖੇਤਰ ਦੇ ਲਗਭਗ 99 ਪ੍ਰਤੀਸ਼ਤ ਅਗਰਿਆ ਵਿਮੁਕਤ ਜਨਜਾਤੀਆਂ ਵਜੋਂ ਚਿੰਨ੍ਹਤ ਹਨ ਅਤੇ ਚੁਮਵਾਲੀਆ ਕੋਲੀ ਕਹਾਉਂਦੇ ਹਨ।" ਚੁਮਵਾਲੀਆ ਕਹਾਏ ਜਾਣ ਦਾ ਕਾਰਨ ਇਹ ਹੈ ਕਿ ਉਹ ਅਹਿਮਦਬਾਦ ਜ਼ਿਲ੍ਹੇ ਦੇ ਉੱਤਰੀ ਪੂਰਬੀ ਭਾਗ ਵਿਰਾਮਗਾਮ ਦੀ ਚੁਮਵਾਲੀ ਰਿਆਸਤ ਤੋਂ ਆਏ ਸਨ। ਗੁਜਰਾਤੀ ਵਿੱਚ ਚੁਮਵਾਲੀ ਦਾ ਅਰਥ "44" ਹੁੰਦਾ ਹੈ ਜੋ ਕਿ ਇਸ ਖੇਤਰ ਦੇ 44 ਪਿੰਡਾਂ ਨੂੰ ਦਰਸਾਉਂਦਾ ਹੈ। ਇਸ ਜਨਜਾਤੀ ਦੇ ਮੈਂਬਰਾਂ ਦਾ ਜੀਵਨ ਦੁੱਖ ਅਤੇ ਮੁਸ਼ਕਿਲਾਂ ਨਾਲ਼ ਭਰਿਆ ਹੋਇਆ ਹੈ। ਹਰ ਘਰ ਦੀ ਇੱਕ ਦਰਦਨਾਕ ਕਹਾਣੀ ਹੈ। ਉਨਾਂ ਵਿੱਚੋਂ ਕਈ ਕਹਾਣੀਆਂ ਦਿਲ-ਵਲੂੰਧਰਣ ਵਾਲ਼ੀਆਂ ਹਨ। ਸੰਘਰਸ਼ਾਂ ਨਾਲ਼ ਭਰੀ ਇਹ ਜ਼ਿੰਦਗੀ ਉਨਾਂ ਲਈ ਆਮ ਹੋ ਚੁੱਕੀ ਹੈ ਅਤੇ ਬਾਹਰੀ ਲੋਕ ਸ਼ਾਇਦ ਹੀ ਉਨਾਂ 'ਤੇ ਕਦੇ ਧਿਆਨ ਦਿੰਦੇ ਹਨ।































