ਜਦੋਂ ਭਗਤ ਰਾਮ ਯਾਦਵ ਹਰਿਆਣਾ ਰੋਡਵੇਜ਼ ਤੋਂ ਬਤੌਰ ਕਲਰਕ ਸੇਵਾਮੁਕਤ ਹੋਏ ਤਾਂ ਉਨ੍ਹਾਂ ਸਾਹਵੇਂ ਅਰਾਮ ਨਾਲ਼ ਜਿਊਣ ਦਾ ਵਿਕਲਪ ਮੌਜੂਦ ਸੀ। ''ਪਰ ਮੇਰੇ ਅੰਦਰ ਜਨੂੰਨ ਦਾ ਕੀੜਾ ਸੀ,'' 73 ਸਾਲਾ ਬਜ਼ੁਰਗ ਤੇ ਪੁਰਸਕਾਰ ਜੇਤੂ ਮੁਲਾਜ਼ਮ ਦਾ ਕਹਿਣਾ ਹੈ।
ਇਹ ਜਨੂੰਨ ਉਨ੍ਹਾਂ ਨੂੰ ਉਸ ਕਲਾ ਵੱਲ ਲੈ ਗਿਆ ਜੋ ਬਚਪਨ ਵਿੱਚ ਉਨ੍ਹਾਂ ਆਪਣੇ ਪਿਤਾ, ਗੁਗਨ ਰਾਮ ਯਾਦਵ ਕੋਲ਼ੋਂ ਸਿੱਖੀ ਸੀ- ਚਾਰਪਾਈ (ਚਾਰਪਾਈ (ਮੰਜੀ)ਆਂ) ਤੇ ਪੀੜ੍ਹੀਆਂ ਬਣਾਉਣ ਦੀ।
ਭਗਤ ਨੂੰ ਇਹ ਕਲਾ ਸਿੱਖਿਆ ਅੱਧੀ ਸਦੀ ਬੀਤ ਚੁੱਕੀ ਸੀ, ਉਸ ਵੇਲ਼ੇ 15 ਸਾਲਾ ਇਹ ਬੱਚਾ ਆਪਣੇ ਤਿੰਨ ਭਰਾਵਾਂ ਨਾਲ਼ ਬੈਠਾ ਆਪਣੇ ਪਿਤਾ ਦੇ ਹੁਨਰਮੰਦ ਹੱਥਾਂ ਨੂੰ ਚਾਰਪਾਈ (ਮੰਜੀ)ਆਂ ਬਣਾਉਂਦੇ ਦੇਖਿਆ ਕਰਦਾ। 125 ਕਿੱਲਿਆਂ ਦੇ ਮਾਲਕ ਭਗਤ ਦੇ ਪਿਤਾ ਕਣਕ ਦੀ ਵਾਢੀ ਤੋਂ ਬਾਅਦ ਦਾ ਆਪਣਾ ਬਹੁਤਾ ਸਮਾਂ ਚਾਰਪਾਈ (ਮੰਜੀ)ਆਂ ਬਣਾਉਣ ਲੇਖੇ ਲਾਉਂਦੇ। ਇਸ ਕੰਮ ਵਿੱਚ ਉਹ ਹੱਥੀਂ ਬਣਾਏ ਸੁੰਨ ਜੂਟ (ਕ੍ਰੋਟਾਲਾਰੀਆ ਜੁਨਸੀਆ), ਸੂਤ ਅਤੇ ਸਾਲ (ਸ਼ੋਰੀਆ ਰੋਬਸਟਾ) ਅਤੇ ਟਾਹਲੀ ਦੀ ਲੱਕੜ ਦਾ ਇਸਤੇਮਾਲ ਕਰਦੇ। ਪਿਤਾ ਦੀ ਕੰਮ ਵਾਲ਼ੀ ਥਾਂ ਬੈਠਕ ਹੁੰਦੀ, ਉਹ ਖੁੱਲ੍ਹਾ ਜਿਹਾ ਕਮਰਾ ਜਿੱਥੇ ਇੱਕ ਪਾਸੇ ਡੰਗਰ ਬੱਝੇ ਰਹਿੰਦੇ ਤੇ ਲੋਕਾਂ ਦਾ ਆਉਣਾ-ਜਾਣਾ ਵੀ ਲੱਗਿਆ ਰਹਿੰਦਾ।
ਭਗਤ ਰਾਮ ਆਪਣੇ ਪਿਤਾ ਨੂੰ ਉਸ ਮਹਾਨ ਕਾਰੀਗਰ-''ਏਕ ਨੰਬਰ ਕਾ ਆਰੀ'' ਵਜੋਂ ਯਾਦ ਕਰਦੇ ਹਨ ਜਿਨ੍ਹਾਂ ਨੂੰ ਆਪਣੇ ਸੰਦਾਂ ਨਾਲ਼ ਬੇਹੱਦ ਲਗਾਅ ਸੀ। ''ਮੇਰੇ ਪਿਤਾ ਸਾਨੂੰ ਚਾਰਪਾਈ (ਮੰਜੀ) ਬਣਾਉਣ ਦੀ ਕਲ਼ਾ ਸਿੱਖਣ ਲਈ ਉਤਸ਼ਾਹਤ ਕਰਿਆ ਕਰਦੇ। ਉਹ ਕਹਿੰਦੇ,''ਇੱਧਰ ਆ, ਦੇਖ ਇਹਨੂੰ; ਇਹੀ ਕੰਮ ਬਾਅਦ 'ਚ ਤੇਰੇ ਕੰਮ ਆਊ,'' ਪਿਤਾ ਨੂੰ ਚੇਤੇ ਕਰਦਿਆਂ ਭਗਤ ਕਹਿੰਦੇ ਹਨ।
ਇਸ ਥਕਾਊ ਕੰਮ ਤੋਂ ਬਚਣ ਦਾ ਮਾਰਾ ਉਹ ਸ਼ਰਾਰਤੀ ਬੱਚਾ ਪਿਤਾ ਦੀ ਗੱਲ ਅਣਸੁਣੀ ਕਰ ਫੁੱਟਬਾਲ, ਹਾਕੀ ਤੇ ਕਬੱਡੀ ਖੇਡਣ ਲਈ ਛੂਟ ਵੱਟ ਜਾਂਦਾ। ''ਸਾਡੇ ਪਿਤਾ ਸਾਨੂੰ ਝਿੜਕਿਆਂ ਕਰਦੇ, ਕਈ ਵਾਰ ਚਪੇੜ ਵੀ ਕੱਢ ਮਾਰਦੇ ਪਰ ਅਸੀਂ ਰਤਾ ਪਰਵਾਹ ਨਾ ਕਰਦੇ। ਸਾਡਾ ਧਿਆਨ ਤਾਂ ਨੌਕਰੀ ਕਰਨ ਵੱਲ ਲੱਗਾ ਕਹਿੰਦਾ। ਅਸੀਂ ਜੋ ਕੁਝ ਵੀ ਸਿੱਖਿਆ ਬੱਸ ਪਿਤਾ ਦੇ ਸਹਿਮ ਵਿੱਚ ਹੀ ਸਿੱਖਿਆ। ਜਦੋਂ ਅਸੀਂ ਕਿਸੇ ਔਖੇ ਡਿਜ਼ਾਇਨ ਵਿੱਚ ਫਸ ਜਾਂਦੇ ਤਾਂ ਰੱਸੀ ਦੇ ਵਲ਼ੇਵਿਆਂ ਬਾਰੇ ਪੁੱਛ-ਪੁੱਛ ਪਿਤਾ ਨੂੰ ਸਤਾ ਮਾਰਦੇ।''
























