ਅਮਰਜੀਤ ਕੌਰ ਦੇ ਪੈਰ ਅਧਵਾਟੇ ਹੀ ਥਿੜਕ ਜਾਂਦੇ ਹਨ। ਗੋਹੇ ਦਾ ਭਰਿਆ ਜਿਹੜਾ ਤਸਲਾ ਉਹ ਆਪਣੇ ਸਿਰ 'ਤੇ ਟਿਕਾਉਣ ਦੀ ਕੋਸ਼ਿਸ਼ ਕਰ ਰਹੀ ਹੈ ਉਹਦਾ ਤਵਾਜ਼ਨ ਰਤਾ ਕੁ ਡੋਲ਼ ਜਾਂਦਾ ਹੈ। ਲੰਬਾ ਸਾਹ ਖਿੱਚ ਕੇ ਉਹ ਪੂਰੀ ਹਿੰਮਤ ਇਕੱਠੀ ਕਰਦੀ ਹੋਈ ਡਾਵਾਂਡੋਲ ਕਦਮਾਂ ਨਾਲ਼ ਜਿਵੇਂ-ਕਿਵੇਂ ਰੂੜੀ ਵੱਲ ਵਧਣ ਲੱਗਦੀ ਹੈ। ਕਦੇ ਇੱਕ ਸਮਾਂ ਸੀ ਜਦੋਂ ਉਹ ਗੋਹੇ ਦਾ ਭਰਿਆ ਤਸਲਾ (ਕੋਈ 10-12 ਕਿੱਲੋ) ਸਿਰ 'ਤੇ ਚੁੱਕ ਲਿਆ ਕਰਦੀ ਪਰ ਅੱਜ 72 ਸਾਲਾ ਇਸ ਬਜ਼ੁਰਗ ਔਰਤ ਲਈ ਇੰਨਾ ਵਜ਼ਨ ਚੁੱਕ ਕੇ ਤੁਰਨਾ ਸੰਭਵ ਹੀ ਨਹੀਂ ਰਿਹਾ।
ਹਾਲਾਂਕਿ, ਅੱਜ ਉਨ੍ਹਾਂ ਦਾ ਮਨ ਸਿਰ 'ਤੇ ਲੱਦੇ ਬੋਝ ਨਾਲ਼ੋਂ ਵੀ ਕਿਤੇ ਵੱਧ ਬੋਝਲ ਹੈ, ਜਿਸ ਕਾਰਨ ਉਨ੍ਹਾਂ ਦੇ ਪੈਰ ਥਿੜਕ-ਥਿੜਕ ਜਾਂਦੇ ਹਨ।
ਉਨ੍ਹਾਂ ਦੇ ਪਰਿਵਾਰ ਬਾਰੇ ਪੁੱਛ ਕੇ ਜਿਵੇਂ ਮੈਂ ਉਨ੍ਹਾਂ ਦੀਆਂ ਯਾਦਾਂ ਵਿੱਚ ਤੂਫ਼ਾਨ ਹੀ ਖੜ੍ਹਾ ਕਰ ਦਿੱਤਾ ਹੋਵੇ, ਜੋ ਉਨ੍ਹਾਂ ਨੂੰ 24 ਸਾਲ ਪਿਛਾਂਹ ਖਿੱਚ ਕੇ ਲੈ ਗਿਆ। ''ਉਨ੍ਹਾਂ ਦੱਸਿਆ ਪੱਟੀ ਮੋੜ 'ਤੇ ਤੇਰਾ ਮੁੰਡਾ ਮਰ ਗਿਆ ਐਕਸੀਡੈਂਟ ਨਾਲ਼,'' ਗੋਹਾ ਚੁੱਕਣ ਲਈ ਪੈਰਾਂ ਭਾਰ ਬੈਠਦਿਆਂ ਲਰਜ਼ਦੀ ਅਵਾਜ਼ ਵਿੱਚ ਉਨ੍ਹਾਂ ਕਿਹਾ। ਬੈਠਣ ਲਈ ਜਿਓਂ ਹੀ ਉਨ੍ਹਾਂ ਦੇ ਗੋਡੇ ਮੁੜੇ, ਅਵਾਜ਼ ਆਈ ਕਿੜ-ਕਿੜ। ''ਉਹ ਰਿਕਸ਼ਾ ਚਲਾਉਂਦਾ ਸੀ ਤੇ ਸਿਰਫ਼ 18 ਸਾਲ ਦਾ ਸੀ।'' ਪੰਜ ਸਾਲ ਬਾਅਦ ਉਨ੍ਹਾਂ ਦਾ ਦੂਜਾ ਪੁੱਤ ਵੀ ਜਹਾਨੋਂ ਤੁਰ ਗਿਆ ਜੋ 21 ਸਾਲ ਦਾ ਸੀ।
ਕਰੀਬ 36 ਸਾਲ ਪਹਿਲਾਂ ਉਨ੍ਹਾਂ ਦੇ ਸ਼ਰਾਬੀ ਪਤੀ ਦੀ ਮੌਤ ਹੋ ਗਈ, ਜਦੋਂ ਉਨ੍ਹਾਂ ਦੇ ਪੁੱਤ ਮਸਾਂ ਹੀ ਛੇ ਤੇ ਚਾਰ ਸਾਲਾਂ ਦੇ ਸਨ। ਜੇ ਆਪਣੇ ਵਿਆਹ ਤੋਂ ਬਾਅਦ ਹੀ ਅਮਰਜੀਤ ਕੌਰ ਨੇ ਗੋਹਾ-ਕੂੜਾ ਚੁੱਕਣਾ ਨਾ ਸ਼ੁਰੂ ਕੀਤਾ ਹੁੰਦਾ ਤਾਂ ਉਹ ਆਪਣੇ ਚਾਰੋ ਬੱਚਿਆਂ ਨੂੰ ਕਿਸੇ ਵੀ ਤਰੀਕੇ ਪਾਲ਼ ਨਾ ਪਾਉਂਦੀ। ਅੱਜ ਉਨ੍ਹਾਂ ਦੀਆਂ ਦੋਹੇਂ ਧੀਆਂ ਵਿਆਹੁਤਾ ਹਨ। ਯਾਦਾਂ ਵਿੱਚ ਡੂੰਘੀ ਲੱਥ ਚੁੱਕੀ ਅਮਰਜੀਤ ਬੁੱਕ ਭਰ-ਭਰ ਗੋਹਾ ਤਸਲੇ ਵਿੱਚ ਪਾਉਂਦੀ ਜਾਂਦੀ ਹੈ ਉਨ੍ਹਾਂ ਦੇ ਹੱਥ ਵੀ ਭਾਰੇ ਹੋਣ ਲੱਗਦੇ ਹਨ। ਭੁੰਜੇ ਪਿਆ ਤਸਲਾ ਸਿਰ 'ਤੇ ਚੁੱਕਣ ਲੱਗਿਆ ਉਨ੍ਹਾਂ ਦਾ ਹਊਕਾ ਜਿਹਾ ਨਿਕਲ਼ ਜਾਂਦਾ ਹੈ ਤੇ ਉਹ ਰੂੜੀ ਵੱਲ ਨੂੰ ਹੋ ਤੁਰਦੀ ਹੈ ਜੋ ਇੱਥੋਂ ਕੋਈ 100 ਮੀਟਰ ਦੂਰ ਹੈ। ਰੂੜੀ ਤੱਕ ਅੱਜ ਸਵੇਰ ਦੇ ਉਨ੍ਹਾਂ ਕੋਈ 20 ਗੇੜੇ ਲਾ ਲਏ ਹਨ। ਉਹ ਮਹਿਰੇ ਸਿੱਖ ਭਾਈਚਾਰੇ ਨਾਲ਼ ਤਾਅਲੁੱਕ ਰੱਖਦੀ ਹੈ ਜੋ ਪੰਜਾਬ ਵਿਖੇ ਪਿਛੜੀ ਜਾਤੀ ਵਜੋਂ ਸੂਚੀਬੱਧ ਹੈ। ਅਮਰਜੀਤ ਕੋਲ਼ ਆਪਣੀ ਕੋਈ ਜ਼ਮੀਨ ਨਹੀਂ ਤੇ ਉਹ ਪੱਟੀ ਦੇ ਸੱਤ ਘਰਾਂ ਦਾ ਗੋਹਾ-ਕੂੜਾ ਚੁੱਕ ਕੇ ਆਪਣਾ ਢਿੱਡ ਭਰਦੇ ਹਨ।
''ਜਦੋਂ ਮੈਂ ਡੰਗਰਾਂ ਦਾ ਗੋਹਾ ਚੁੱਕਣ ਥੱਲੇ ਬਹਿੰਦੀ ਆਂ ਤਾਂ ਉਹ ਅਕਸਰ ਮੇਰੇ ਸਿਰ 'ਤੇ ਹੀ ਮੂਤ ਦਿੰਦੀਆਂ ਨੇ। ਮੈਂ ਰੋਜ਼-ਰੋਜ਼ ਸਿਰ ਨਹੀਂ ਧੋ ਸਕਦੀ ਤੇ ਨਾ ਹੀ ਸ਼ੈਂਪੂ ਸਾਬਣ ਦਾ ਖਰਚਾ ਹੀ ਝੱਲ ਸਕਦੀ ਆਂ। ਇਸੇ ਲਈ ਆਹ ਲਿਫਾਫਾ ਸਿਰ 'ਤੇ ਪਾ ਲੈਨੀ ਆਂ।'' ਇੰਨਾ ਕਹਿੰਦਿਆਂ ਉਹ ਆਪਣੀ ਮੁੱਠੀ ਖੋਲ੍ਹ ਕੇ ਕਾਲ਼ੇ ਰੰਗ ਦਾ ਲਿਫਾਫਾ ਦਿਖਾਉਂਦੀ ਹੈ। ਅੱਜ ਉਨ੍ਹਾਂ ਨੇ ਪਹਿਲੇ ਘਰ ਦਾ ਕੰਮ ਮੁਕਾ ਲਿਆ ਹੈ ਜੋ ਕਿ ਇੱਕ ਜ਼ਿਮੀਂਦਾਰ ਦੀ ਬੰਬੀ (ਟਿਊਬਵੈੱਲ) ਹੈ, ਜਿੱਥੇ ਉਹ 10 ਮੱਝਾਂ ਦਾ ਗੋਹਾ ਚੁੱਕਦੀ ਹੈ। ਇੱਥੋਂ ਉਹ ਪੈਦਲ ਹੀ ਦੂਸਰੇ ਘਰ ਜਾਵੇਗੀ ਤੇ ਗੋਹਾ ਚੁੱਕੇਗੀ।





