ਲਿੰਬੜੀ ਹਾਈਵੇਅ ਤੋਂ ਇੱਕ ਪੱਕੀ ਸੜਕ ਨਿਕਲ਼ਦੀ ਹੈ ਜੋ 10-12 ਕਿਲੋਮੀਟਰ ਦੂਰ ਪੈਂਦਾ ਮੋਟਾ ਟਿੰਬਲਾ ਪਿੰਡ ਨੂੰ ਜਾਂਦੀ ਹੈ। ਪਿੰਡ ਦੀ ਫਿਰਨੀ ਦੇ ਕੋਲ਼ ਹੀ ਵੰਕਰਵਾਸ ਨਾਮਕ ਥਾਂ ਹੈ ਜੋ ਪਿੰਡ ਦੇ ਦਲਿਤ ਬੁਣਕਰ (ਜੁਲਾਹੇ) ਭਾਈਚਾਰਿਆਂ ਦੇ ਨਿਵਾਸ ਲਈ ਨਿਰਧਾਰਤ ਕੀਤੀ ਗਈ ਹੈ। ਇਸ ਇਲਾਕੇ ਦੀਆਂ ਭੀੜੀਆਂ ਗਲ਼ੀਆਂ ਦੇ ਪਾਸਿਆਂ 'ਤੇ ਪ੍ਰਾਚੀਨ ਸ਼ੈਲੀ ਨਾਲ਼ ਬਣੇ ਪੱਕੇ ਤੇ ਕੱਚੇ ਘਰ ਖੱਡੀਆਂ ਦੇ ਸ਼ਟਲ ਦੀ ਤਾਲਬੱਧ ਅਵਾਜ਼ ਪੈਦਾ ਕਰਦੇ ਹਨ ਖਟ...ਖਟ...ਖਟ। ਕਿਸੇ-ਕਿਸੇ ਮੌਕੇ ਮਨੁੱਖੀ ਅਵਾਜ਼ਾਂ ਖੱਡੀ ਦੇ ਇਸ ਸੰਗੀਤ ਨੂੰ ਬੇਸੁਰਾ ਕਰ ਦਿੰਦੀਆਂ ਹਨ ਪਰ ਧਿਆਨ ਨਾਲ਼ ਸੁਣਿਆ, ਇਸ ਸੰਗੀਤ ਮਗਰ ਕਿਰਤ ਦੀ ਅਵਾਜ਼ ਵੀ ਕੰਨੀਂ ਪੈ ਜਾਵੇਗੀ। ਥੋੜ੍ਹਾ ਹੋਰ ਧਿਆਨ ਦਿੱਤਿਆਂ, ਤੁਸੀਂ ਰੇਖਾ ਬੇਨ ਵਾਘੇਲਾ ਦੀ ਕਹਾਣੀ ਦੀ ਕਿਸੇ ਭੂਮਿਕਾ ਵਾਂਗਰ, ਜ਼ੋਰ ਦੇਣੀਂ ਰੈਪ-ਟ੍ਰੈਪ-ਰੈਪ ਦੇ ਸੰਗੀਤ ਵਿਚਾਲੇ ਪੇਚੀਦਾ ਪੈਟਰਨ ਦੀ ਬੁਣਾਈ ਮਗਰ ਹਾਉਕਾ, ਅਕੇਵੇਂ ਦੀ ਧੁਨੀ ਵੀ ਫੜ੍ਹ ਹੀ ਲਵੋਗੇ।
''ਮੈਨੂੰ ਅੱਠਵੀਂ ਜਮਾਤ ਵਿੱਚ ਹੋਇਆਂ ਅਜੇ ਮਸਾਂ ਤਿੰਨ ਕੁ ਮਹੀਨੇ ਹੀ ਲੰਘੇ ਸਨ, ਉਦੋਂ ਮੈਂ ਲਿੰਬੜੀ ਦੇ ਹਾਸਟਲ ਵਿੱਚ ਰਹਿੰਦੀ ਹੁੰਦੀ ਸਾਂ ਤੇ ਪਹਿਲੀ ਤਿਮਾਹੀ ਦੇ ਪੇਪਰਾਂ ਤੋਂ ਬਾਅਦ ਘਰ ਆਈ ਹੋਈ ਸਾਂ। ਯਕਦਮ ਮੇਰੀ ਮਾਂ ਨੇ ਕਿਹਾ ਹੋਰ ਪੜ੍ਹਾਈ ਕਰਨ ਦੀ ਕੋਈ ਲੋੜ ਨਹੀਂ। ਮੇਰੇ ਵੱਡੇ ਭਰਾ, ਗੋਪਾਲ ਭਾਈ ਨੂੰ ਮਦਦ ਚਾਹੀਦੀ ਸੀ। ਉਹਨੇ ਵੀ ਗ੍ਰੈਜੁਏਸ਼ਨ ਤੋਂ ਐਨ ਪਹਿਲਾਂ ਪੜ੍ਹਾਈ ਛੱਡ ਦਿੱਤੀ ਸੀ... ਕਮਾਈ ਕਰਨ ਲਈ। ਮੇਰੇ ਦੋਵਾਂ ਭਰਾਵਾਂ ਦੀ ਪੜ੍ਹਾਈ ਜਾਰੀ ਰਹਿ ਸਕਦੀ ਇੰਨੇ ਸਾਡੇ ਪਰਿਵਾਰ ਕੋਲ਼ ਵਸੀਲੇ ਨਹੀਂ ਸਨ। ਬੱਸ ਇੰਝ ਹੀ ਮੈਂ ਪਟੋਲਾ ਕੰਮ ਦੇ ਰਾਹ ਪਈ,'' ਕੁਝ-ਕੁਝ ਤਿੱਖੇ ਪਰ ਸਪਾਟ ਸ਼ਬਦਾਂ ਵਿੱਚ ਰੇਖਾ ਬੇਨ ਨੇ ਗੱਲ ਮੁਕਾਈ। ਉਨ੍ਹਾਂ ਦੀ ਗੱਲਬਾਤ ਤੋਂ ਇਓਂ ਜਾਪਿਆਂ ਜਿਵੇਂ ਗ਼ਰੀਬੀ ਨੇ ਉਨ੍ਹਾਂ ਦੇ ਜੀਵਨ ਤੇ ਹੂੰਝਾ ਜਿਹਾ ਫੇਰ ਦਿੱਤਾ ਹੋਵੇ। ਉਮਰ ਦੇ 40ਵੇਂ ਵਰ੍ਹੇ ਨੂੰ ਪਾਰ ਕਰਦੇ-ਕਰਦੇ ਉਹ ਗੁਜਰਾਤ ਦੇ ਸੁਰੇਂਦਰਨਗਰ ਜ਼ਿਲ੍ਹੇ ਵਿਖੇ ਮੋਟਾ ਤਿੰਬਲਾ ਦੀ ਮਾਹਰ ਬੁਣਕਰ ਬਣ ਗਈ ਹਨ।
ਵਿਆਹ ਤੋਂ ਬਾਅਦ ਦੇ ਜੀਵਨ ਦੇ ਇੱਕ ਹੋਰ ਤੰਦ ਦਾ ਸਿਰਾ ਤਲਾਸ਼ਦਿਆਂ ਰੇਖਾ ਬੇਨ ਨੇ ਗੱਲ ਜਾਰੀ ਰੱਖੀ,''ਮੇਰੇ ਪਤੀ ਨੂੰ ਸ਼ਰਾਬ ਪੀਣ, ਜੂਆ ਖੇਡਣ, ਪਾਣ-ਮਸਾਲਾ, ਤੰਬਾਕੂ ਵਗੈਰਾ ਖਾਣ ਦੀ ਲੱਤ ਲੱਗੀ ਹੋਈ ਸੀ।'' ਵਿਆਹ ਉਨ੍ਹਾਂ ਲਈ ਯੱਬ ਤੋਂ ਘੱਟ ਨਹੀਂ ਸੀ ਅਕਸਰ ਉਹ ਆਪਣੇ ਪਤੀ ਨੂੰ ਛੱਡ ਆਪਣੇ ਪੇਕੇ ਘਰ ਆਉਂਦੀ ਰਹੀ ਪਰ ਅੱਗਿਓਂ ਮਾਪੇ ਰੇਖਾ ਨੂੰ ਆਪਣੇ ਪਤੀ ਕੋਲ਼ ਜਾਣ ਦੀਆਂ ਦੁਹਾਈਆਂ ਪਾਉਂਦੇ ਰਹਿੰਦੇ। ਉਨ੍ਹਾਂ ਦੀ ਹਾਲਤ ਬੜੀ ਤਰਸਯੋਗ ਸੀ ਤੇ ਉਨ੍ਹਾਂ ਬੜਾ ਕੁਝ ਝੱਲਿਆ ਵੀ। ''ਉਸ ਬੰਦੇ ਦਾ ਕੋਈ ਕਿਰਦਾਰ ਹੀ ਨਹੀਂ ਸੀ,'' ਉਹ ਖ਼ੁਲਾਸਾ ਕਰਦੀ ਹਨ।
''ਉਹ ਮੈਨੂੰ ਅਕਸਰ ਕੁੱਟਿਆ ਕਰਦਾ, ਜਦੋਂ ਮੈਂ ਗਰਭਵਤੀ ਹੁੰਦੀ ਉਦੋਂ ਵੀ।'' ਰੇਖਾ ਦੀ ਅਵਾਜ਼ ਵਿੱਚ ਬੀਤੇ ਦੇ ਫੱਟ ਅਜੇ ਤੱਕ ਅੱਲ੍ਹੇ ਹਨ। ''ਇੱਧਰੋਂ ਮੇਰੀ ਧੀ ਜੰਮੀ ਤੇ ਓਧਰੋਂ ਮੈਨੂੰ ਉਹਦੇ ਨਜਾਇਜ਼ ਰਿਸ਼ਤਿਆਂ ਦਾ ਪਤਾ ਲੱਗਿਆ ਪਰ ਜਿਵੇਂ-ਕਿਵੇਂ ਮੈਂ ਇੱਕ ਸਾਲ ਇੰਝ ਹੀ ਜਿਊਂਦੀ ਰਹੀ। ਉਨ੍ਹੀਂ-ਦਿਨੀਂ ਗੋਪਾਲ ਭਾਈ ਦੀ ਹਾਦਸੇ ਵਿੱਚ (2010 ਵਿੱਚ) ਮੌਤ ਹੋ ਜਾਂਦੀ ਹੈ ਤੇ ਉਨ੍ਹਾਂ ਦੇ ਹਥਲੇ ਪਟੋਲਾ ਕੰਮ ਅੱਧਵਾਟੇ ਲਮਕ ਜਾਂਦੇ ਹਨ। ਗੋਪਾਲ ਭਾਈ ਦੇ ਸਿਰ ਉਸ ਵਪਾਰੀ ਦਾ ਉਧਾਰ ਖੜ੍ਹਾ ਸੀ ਜੋ ਉਨ੍ਹਾਂ ਨੂੰ ਕੱਚਾ ਮਾਲ਼ ਦਿਆ ਕਰਦਾ। ਸੋ, ਮੈਂ ਪੰਜ ਮਹੀਨਿਆਂ ਲਈ ਆਪਣੇ ਪੇਕੇ ਘਰ ਚਲੀ ਗਈ ਤੇ ਭਰਾ ਦਾ ਅਧਵਾਟੇ ਲਮਕਿਆ ਕੰਮ ਪੂਰਾ ਕੀਤਾ। ਬਾਅਦ ਵਿੱਚ ਮੇਰਾ ਪਤੀ ਮੈਨੂੰ ਆਪਣੇ ਨਾਲ਼ ਲਿਜਾਣ ਆ ਗਿਆ।''
ਇਹ ਸੋਚ ਕੇ ਕਿ ਉਹ ਖ਼ੁਸ਼ ਹੈ, ਖ਼ੁਦ ਨੂੰ ਮੂਰਖ ਬਣਾਉਂਦੇ-ਬਣਾਉਂਦੇ ਕੁਝ ਸਾਲ ਹੋਰ ਬੀਤ ਗਏ ਤੇ ਉਹ ਬੱਚੀ ਨੂੰ ਪਾਲ਼ਦੀ ਰਹੀ ਤੇ ਦਰਦ ਸਹਿੰਦੀ ਰਹੀ। ''ਅਖ਼ੀਰ ਮੇਰੀ ਧੀ ਜਦੋਂ ਸਾਢੇ ਚਾਰ ਸਾਲਾਂ ਦੀ ਹੋਈ ਤਾਂ ਮੇਰੇ ਲਈ ਹੋਰ ਤਸ਼ੱਦਦ ਝੱਲ ਸਕਣਾ ਸੰਭਵ ਨਾ ਰਿਹਾ ਤੇ ਮੈਂ ਉਹਨੂੰ ਛੱਡ ਦਿੱਤਾ,'' ਰੇਖਾ ਬੇਨ ਦ੍ਰਿੜ ਸੁਰ ਵਿੱਚ ਕਹਿੰਦੀ ਹਨ। ਪਟੋਲਾ ਬੁਣਾਈ ਕਰਦਿਆਂ ਉਨ੍ਹਾਂ ਸਕੂਲ ਛੱਡਣ ਦੀ ਜੋ ਕੀਮਤ ਤਾਰੀ ਸੀ, ਉਹ ਅਖੀਰ ਸਹੁਰੇ ਘਰ ਨੂੰ ਵਿਦਾ ਕਹਿਣ ਤੋਂ ਬਾਅਦ ਕੰਮ ਆਈ। ਗ਼ਰੀਬੀ ਨੇ ਜਿਹੜੀਆਂ ਖਰੋਚਾਂ ਲਾਈਆਂ ਸਨ, ਇਸ ਖੱਡੀ ਦੀ ਖਟ-ਖਟ ਨੇ ਉਨ੍ਹਾਂ 'ਤੇ ਜਿਵੇਂ ਤੇਲ਼ ਮਲ਼ ਦਿੱਤਾ ਹੋਵੇ। ਇੰਝ ਰੇਖਾ ਦੇ ਜੀਵਨ ਵਿੱਚ ਨਵੀਂ ਸ਼ੁਰੂਆਤ ਹੁੰਦੀ ਹੈ ਤੇ ਇੱਕ ਮਜ਼ਬੂਤ ਔਰਤ ਸਾਹਮਣੇ ਆਉਂਦੀ ਹੈ।


















