“ਜਦ ਰਾਇਲ ਬੰਗਾਲ ਟਾਈਗਰ ਕਿਸੇ ਪਿੰਡ ਵਿੱਚ ਘੁਸ ਜਾਂਦਾ ਹੈ ਤਾਂ ਹਾਹਾਕਾਰ ਮੱਚ ਜਾਂਦੀ ਹੈ,” ਲੁਤਫ਼ੋਰ ਮੋਲ਼ਾਹ ਦੱਸਦੇ ਹਨ।
ਜਿਵੇਂ ਹੀ ਕਿਸੇ ਬਾਘ ਦੇ ਪਿੰਡ ਵਿੱਚ ਵੜਨ ਦੀ ਖ਼ਬਰ ਫ਼ੈਲਦੀ ਹੈ ਤਾਂ, ਲੁਤਫ਼ੋਰ ਅਤੇ ਉਹਨਾਂ ਦੇ ਸਾਥੀਆਂ ਦਾ ਝੁੰਡ ਉਸ ਨੂੰ ਖਦੇੜਨ ਵਿੱਚ ਜੁਟ ਜਾਂਦੇ ਹਨ। ਪਿਛਲੇ ਚਾਰ-ਪੰਜ ਸਾਲਾਂ ਤੋਂ, ਲੁਤਫ਼ੋਰ ਰਾਜ ਜੰਗਲਾਤ ਵਿਭਾਗ ਵੱਲੋਂ ਬਣਾਈਆਂ ਗਈਆਂ ਦੋ ‘ਫ਼ੌਰੀ ਕਾਰਵਾਈ ਟੀਮਾਂ’ ਵਿੱਚੋਂ ਇੱਕ ਦੀ ਅਗਵਾਈ ਕਰਦੇ ਹਨ ਜੋ ਕਿ ਸੁੰਦਰਬਨ ਦੇ ਕੁਲਤੋਲੀ ਬਲਾਕ ਦੇ ਪਿੰਡਾਂ ਵਿੱਚ ਸਰਗਰਮ ਹਨ।
ਇਸ ਬਾਘ ਭਜਾਉਣ ਵਾਲੀ ਟੀਮ ਦੇ ਲੀਡਰ ਬਾਰੇ ਪਤਾ ਚੱਲਦਿਆਂ ਹੀ, ਅਸੀਂ ਉਹਨਾਂ ਦੇ ਪਿੰਡ ਪੂਰਬੋ ਗੁੜਗੁੜੀਆ ਵੱਲ ਨੂੰ ਚੱਲ ਪਏ, ਜੋ ਕਿ ਮੋਈਪੇਟ ਕੋਸਟਲ ਪੁਲਿਸ ਸਟੇਸ਼ਨ ਦੇ ਅਧੀਨ ਪੈਂਦਾ ਹੈ।
ਬਿਨਾਂ ਲੁੱਕ ਦੀ ਉੱਬੜ ਖਾਬੜ ਸੜਕ ਅੱਗੇ ਜਾ ਕੇ ਉੱਚੇ ਨੀਵੇਂ ਕੱਚੇ ਰਸਤੇ ਵਿੱਚ ਬਦਲ ਜਾਂਦੀ ਹੈ। ਇਸ ਵਲ਼ ਵਲ਼ੇਵੇਂ ਖਾਂਦੀ ਸੜਕ ਦੇ ਨਾਲ਼ ਨਾਲ਼ ਡੂੰਘੀ ਗਹਿਰੇ ਪਾਣੀ ਵਾਲ਼ੀ ਮਾਤਲਾ ਨਦੀ ਵਹਿੰਦੀ ਹੈ। ਇੱਕ ਘੰਟੇ ਦੇ ਸਾਡੇ ਪੈਦਲ ਸਫ਼ਰ ਦੌਰਾਨ ਸਾਨੂੰ ਮਾਤਲਾ ਨਦੀ ਵਿੱਚ ਇੱਕ ਵੀ ਕਿਸ਼ਤੀ ਦਿਖਾਈ ਨਹੀਂ ਦਿੱਤੀ। ਨਦੀ ਦੇ ਦੂਜੇ ਕਿਨਾਰੇ ‘ਤੇ ਵਿਸ਼ਾਲ ਸੰਘਣਾ ਜੰਗਲ ਫੈਲਿਆ ਹੋਇਆ ਹੈ।
ਪੂਰਬਾ ਗੁੜਗੁੜੀਆ ਲਗਭਗ 5,600 ਲੋਕਾਂ (ਜਨਗਣਨਾ 2011) ਦਾ ਘਰ ਹੈ- ਜੋ ਕਿ ਜ਼ਿਆਦਾਤਰ ਹਿੰਦੂ ਹਨ ਪਰ ਮੁਸਲਿਮ ਵਸਨੀਕਾਂ ਦੀ ਗਿਣਤੀ ਵੀ ਕਾਫ਼ੀ ਹੈ। ਭੁਬਨੇਸ਼ਵਰੀ ਪੰਚਾਇਤ ਅਧੀਨ ਪੈਂਦੇ ਇਸ ਪਿੰਡ ਵਿੱਚ ਮੱਛੀਆਂ ਫੜਨਾ ਅਤੇ ਖੇਤੀ ਹੀ ਆਜੀਵੀਕਾ ਦੇ ਮੁੱਖ ਸਾਧਨ ਹਨ।
ਲੁਤਫ਼ੋਰ ਬੌਟ ਤੌਲਾ ਮੁਹੱਲੇ ਵਿੱਚ ਰਹਿੰਦੇ ਹਨ, ਅਤੇ ਉੱਥੇ ਪਹੁੰਚ ਕੇ ਅਸੀਂ ਉਹਨਾਂ ਦੇ ਘਰ ਬਾਰੇ ਪੁੱਛ ਪੜਤਾਲ ਕਰਨੀ ਸ਼ੁਰੂ ਕੀਤੀ। ਬੌਟ ਤੌਲਾ ਦੇ ਨਾਲ਼ ਲੱਗਦੇ ਕਾਲੀ ਮੰਦਿਰ ਦੇ ਵਿਹੜੇ ਵਿੱਚ ਇੱਕ ਨੌਜਵਾਨ ਲੜਕਾ ਹੱਥ ਵਿੱਚ ਕੇਕੜਿਆਂ ਦਾ ਭਰਿਆ ਥੈਲਾ ਫ਼ੜੀ ਸਾਡਾ ਇੰਤਜ਼ਾਰ ਕਰ ਰਿਹਾ ਸੀ। ਸਾਨੂੰ ਦੇਖਦਿਆਂ ਹੀ ਉਸ ਨੇ ਪੁੱਛਿਆ: “ਤੁਸੀਂ ਕੋਲਕਾਤਾ ਤੋਂ ਆਏ ਲੱਗਦੇ ਹੋ? ਮੈਂ ਲੁਤਫ਼ੋਰ ਮੋਲ਼ਾਹ ਦਾ ਵੱਡਾ ਬੇਟਾ ਹਾਂ। ਮੈਂ ਤੁਹਾਡਾ ਹੀ ਇੰਤਜ਼ਾਰ ਕਰ ਰਿਹਾ ਸੀ।”
ਲੁਤਫ਼ੋਰ ਜੀ ਦਾ ਘਰ ਨੇੜੇ ਹੀ ਸੀ। ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 1,000 ਵਰਗ ਫੁੱਟ ‘ਤੇ ਬਣੇ ਇਸ ਇੱਕ ਮੰਜ਼ਿਲਾ ਮਕਾਨ ਵਿੱਚ ਤਿੰਨ ਸਾਦੇ ਜਿਹੇ ਪੱਕੇ ਕਮਰੇ, ਪੱਕੀ ਛੱਤ ਅਤੇ ਇੱਕ ਵਰਾਂਡਾ ਹੈ। ਘਰ ਵਿੱਚ ਸਭ ਤੋਂ ਵੱਡੇ ਕਮਰੇ ਵਿੱਚ ਪੈਰ ਰੱਖਦਿਆਂ ਹੀ ਬਿਸਤਰ ‘ਤੇ ਲੇਟੇ ਹੋਏ ਕਿਸੇ ਇਨਸਾਨ ਦੀ ਕਮਜ਼ੋਰ ਜਿਹੀ ਆਵਾਜ਼ ਮੇਰੇ ਕੰਨੀਂ ਪਈ: “ਕੀ ਦੱਸਾਂ? ਪਿਛਲੇ ਕੁਝ ਦਿਨਾਂ ਤੋਂ ਬੁਖਾਰ ਨੇ ਮੈਨੂੰ ਜਕੜ ਰੱਖਿਆ ਹੈ।” ਇਹ ਹੈ ਲੁਤਫ਼ੋਰ ਮੋਲ਼ਾਹ? ਇਹ ਕਮਜ਼ੋਰ ਜਿਹਾ ਆਦਮੀ!








