ਹੜ੍ਹ ਦੀ ਚੇਤਾਵਨੀ ਉਨ੍ਹਾਂ ਨੂੰ ਵ੍ਹਟਸਐਪ ਗਰੁੱਪ 'ਤੇ ਮਿਲੀ ਸੀ। ਇੱਕ ਗ਼ੈਰ-ਸਰਕਾਰੀ ਸੰਸਥਾ ਨੇ ਲੋਕਾਂ ਨੂੰ ਹਿੰਦੀ ਵਿੱਚ ਮੈਸਜ ਭੇਜ ਕੇ ਚੇਤਾਵਨੀ ਦਿੱਤੀ ਸੀ ਕਿ ਰਾਤੋ ਨਦੀ ਦੇ ਪਾਣੀ ਦਾ ਪੱਧਰ ਵੱਧ ਰਿਹਾ ਹੈ। ਸਤੰਬਰ ਦੀ ਉਸ ਸ਼ਾਮ ਨੂੰ 32 ਸਾਲਾ ਗਣੇਸ਼ ਸਫੀ ਆਪਣੇ ਘਰੇ ਹੀ ਮੌਜੂਦ ਸਨ ਅਤੇ ਉਨ੍ਹਾਂ ਨੂੰ ਇਹ ਸਮਝ ਆ ਗਿਆ ਸੀ ਕਿ ਉਨ੍ਹਾਂ ਕੋਲ਼ ਪਰਿਵਾਰ ਅਤੇ ਆਪਣੇ ਘਰ ਦੇ ਸਮਾਨ ਨੂੰ ਸੁਰੱਖਿਅਤ ਸੰਭਾਲ਼ਣ ਲਈ ਸਿਰਫ਼ ਦੋ ਘੰਟੇ ਹਨ।
ਨੇਪਾਲ ਦੇ ਦੱਖਣੀ ਤਰਾਈ ਖੇਤਰ ਵਿੱਚ ਭਾਰੀ ਮੀਂਹ ਪਿਆ, ਜੋ ਸਰਖੰਡੀਓ ਬਿਠਾ ਪਿੰਡ ਤੋਂ ਲਗਭਗ 220 ਕਿਲੋਮੀਟਰ ਉੱਤਰ ਵਿੱਚ ਸਥਿਤ ਹੈ। ਗਣੇਸ਼ ਇਸੇ ਪਿੰਡ ਵਿੱਚ ਰਹਿੰਦੇ ਹਨ ਜੋ ਬਿਹਾਰ ਦੇ ਸੀਤਾਮੜੀ ਜ਼ਿਲ੍ਹੇ ਦੇ ਸੁਰਸੰਡ ਬਲਾਕ ਵਿੱਚ ਸਥਿਤ ਹੈ।
ਅੱਠ ਮਹੀਨਿਆਂ ਬਾਦ, ਮਈ 2025 ਦੀ ਲੂੰਹਦੀ ਦੁਪਹਿਰੇ, ਅੰਬ ਦੇ ਦਰੱਖ਼ਤ ਦੀ ਛਾਂਵੇਂ ਬੈਠੇ ਗਣੇਸ਼ ਦੱਸਦੇ ਹਨ ਕਿ ਉਨ੍ਹਾਂ ਆਪਣੇ ਜੌੜੇ ਬੱਚਿਆਂ (ਪੰਜ ਸਾਲ ਦਾ ਇੱਕ ਮੁੰਡਾ ਅਤੇ ਇੱਕ ਕੁੜੀ), ਪਤਨੀ ਨਗੀਨਾ ਦੇਵੀ (28 ਸਾਲ), ਦੋ ਬੱਕਰੀਆਂ ਅਤੇ ਲਗਭਗ ਇੱਕ ਕਵਿੰਟਲ ਅਨਾਜ (ਕਣਕ, ਦਾਲ਼ ਅਤੇ ਚੌਲ਼) ਜਿਵੇਂ-ਕਿਵੇਂ ਕਰਕੇ ਗੁਆਂਢੀ ਦੇ ਪੱਕੇ ਮਕਾਨ ਤੱਕ ਸੁਰੱਖਿਅਤ ਪਹੁੰਚਾਇਆ।
ਗਣੇਸ਼ ਦੀ ਝੌਂਪੜੀ ਦੇ ਉਲਟ ਉਸਦੇ ਗੁਆਂਢੀ ਦਾ ਘਰ ਇੱਟ ਅਤੇ ਸੀਮੇਂਟ ਨਾਲ਼ ਬਣਿਆ ਹੈ ਜੋ ਕਰੀਬ ਛੇ ਫੁੱਟ ਉੱਚੀ ਨੀਂਹ (ਕੁਰਸੀ) 'ਤੇ ਬਣਿਆ ਹੈ ਤਾਂਕਿ ਹੜ੍ਹ ਦਾ ਪਾਣੀ ਅੰਦਰ ਨਾ ਆ ਸਕੇ।
ਰਾਤੋ ਨਦੀ ਤਰਾਈ ਦੀਆਂ ਪਹਾੜੀਆਂ ਤੋਂ ਨਿਕਲ਼ਦੀ ਹੈ ਅਤੇ ਗਣੇਸ਼ ਦੇ ਪਿੰਡ 'ਚੋਂ ਲੰਘਦੀ ਹੈ। ਜਦੋਂ ਉੱਚੇ ਇਲਾਕਿਆਂ ਵਿੱਚ ਭਾਰੀ ਮੀਂਹ ਪੈਂਦਾ ਹੈ, ਤਾਂ ਪਾਣੀ ਨੂੰ ਸਰਖੰਡੀਓ ਬਿਠਾ ਪਿੰਡ ਤੱਕ ਪਹੁੰਚਣ ਵਿੱਚ ਲਗਭਗ ਦੋ ਘੰਟੇ ਲੱਗਦੇ ਹਨ।
ਗਣੇਸ਼ ਅਤੇ ਉਨ੍ਹਾਂ ਦਾ ਪਰਿਵਾਰ ਕਈ ਦਿਨਾਂ ਤੱਕ ਆਪਣੇ ਗੁਆਂਢੀ ਦੇ ਘਰ ਹੀ ਰਿਹਾ। ਕੀ ਗੁਆਂਢੀ ਨੇ ਬਿਨ-ਬੁਲਾਏ ਆਉਣ ਵਾਲ਼ੇ ਮਹਿਮਾਨਾਂ ਦਾ ਸਵਾਗਤ ਕੀਤਾ? ਗਣੇਸ਼ ਮੁਸਕਰਾਉਂਦੇ ਹੋਏ ਕਹਿੰਦੇ ਹਨ,"ਹਾਂ, ਕਿਉਂ ਨਹੀਂ? ਮੁਸੀਬਤ ਵਿੱਚ ਜੇ ਗੁਆਂਢੀ ਕੰਮ ਨਹੀਂ ਆਊਗਾ ਤਾਂ ਕੌਣ ਆਊਗਾ?"
ਉਸੇ ਵੇਲ਼ੇ, ਗਣੇਸ਼ ਦੀ ਬਾਂਸ ਅਤੇ ਫੂਸ ਨਾਲ਼ ਬਣੀ ਝੌਂਪੜੀ ਹੜ੍ਹ ਦੇ ਪਾਣੀ ਵਿੱਚ ਤਿੰਨ ਫੁੱਟ ਤੱਕ ਡੁੱਬ ਗਈ। ਜਦੋਂ ਪਾਣੀ ਲੱਥਿਆ, ਤਾਂ ਫ਼ਰਸ਼ 'ਤੇ ਅਤੇ ਉੱਥੇ ਰੱਖੇ ਸਾਰੇ ਸਮਾਨ 'ਤੇ ਚਿੱਕੜ ਦੀ ਮੋਟੀ ਪਰਤ ਜੰਮ ਗਈ। ਉਨ੍ਹਾਂ ਦਾ ਮਿੱਟੀ ਦਾ ਚੁੱਲ੍ਹਾ ਅਤੇ ਭਾਂਡੇ ਵੀ ਖ਼ਰਾਬ ਹੋ ਗਏ ।
ਝੌਂਪੜੀ ਦੀ ਮੁਰੰਮਤ ਕਰਨ ਵਿੱਚ ਇੱਕ ਹਫ਼ਤਾ ਲੱਗਿਆ ਅਤੇ ਇਸਦੇ ਲਈ ਗਣੇਸ਼ ਨੂੰ ਲਗਭਗ 10,000 ਰੁਪਏ ($117) ਖਰਚਣੇ ਪਏ। ਇਹ ਰਕਮ ਇੱਕ ਬੇਜ਼ਮੀਨੇ ਮਜ਼ਦੂਰ ਲਈ ਬਹੁਤ ਵੱਡੀ ਹੈ, ਜਿਸਦੀ ਰੋਜ਼ ਦੀ ਕਮਾਈ ਹੀ ਸਿਰਫ਼ 400 ਰੁਪਏ ਹੈ।

















