ਦਯਾਨੀਤਾ ਸਿੰਘ ਨੇ 2022 ਵਿੱਚ ਪਾਰੀ (PARI) ਨਾਲ਼ ਮਿਲ਼ ਕੇ ਦਯਾਨੀਤਾ ਸਿੰਘ-ਪਾਰੀ ਡਾਕਿਊਮੈਂਟਰੀ ਫ਼ੋਟੋਗ੍ਰਾਫ਼ੀ ਅਵਾਰਡ ਦੀ ਸਥਾਪਨਾ ਕੀਤੀ। ਪਹਿਲਾ ਇਨਾਮ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਦੇ ਐੱਮ. ਪਲਾਨੀ ਕੁਮਾਰ ਨੇ ਜਿੱਤਿਆ।
ਇਸ ਸਾਲ ਦੀ ਦਯਾਨੀਤਾ ਸਿੰਘ- ਪਾਰੀ ਡਾਕਿਊਮੈਂਟਰੀ ਫ਼ੋਟੋਗ੍ਰਾਫ਼ੀ ਅਵਾਰਡ ਲਈ ਉਨ੍ਹਾਂ ਨੇ ਕਈ ਪ੍ਰਤਿਭਾਸ਼ਾਲੀ ਫ਼ੋਟੋਗ੍ਰਾਫ਼ਰਾਂ ਵਿੱਚੋਂ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਦੀ ਆਇਨਾ ਨੂੰ ਚੁਣਿਆ ਹੈ। ਇਨਾਮ ਵਜੋਂ ਉਨ੍ਹਾਂ ਨੂੰ 2 ਲੱਖ ਰੁਪਏ ਦੀ ਰਾਸ਼ੀ ਨਾਲ਼ ਨਵਾਜਿਆ ਗਿਆ।
ਫ਼ੋਟੋਗ੍ਰਾਫ਼ੀ ਵਿੱਚ ਆਇਨਾ ਦੀ ਰੁਚੀ ਵਜੋਂ ਹੀ ਇਹ ਉਨ੍ਹਾਂ ਦਾ ਪੇਸ਼ਾ ਬਣਿਆ। ਪਰ ਇੱਕ ਹਕੀਕਤ ਇਹ ਵੀ ਹੈ ਕਿ ਕੁਝ ਗੱਲਾਂ ਜੋ ਉਨ੍ਹਾਂ ਨੂੰ ਭੁੱਲ ਜਾਣ ਦਾ ਖ਼ਦਸ਼ਾ ਸੀ, ਉਨ੍ਹਾਂ ਨੂੰ ਦਰਜ ਕਰਨ ਲਈ ਉਨ੍ਹਾਂ ਕੈਮਰਾ ਚੁੱਕਿਆ। ਫਿਰ ਇਹੀ ਕੈਮਰਾ ਬਹੁਤ ਸਾਰੇ ਲੋਕਾਂ ਦੀਆਂ ਅਣਕਹੀਆਂ ਕਹਾਣੀਆਂ ਨੂੰ ਬਿਆਨ ਕਰਨ ਵਾਲ਼ਾ ਇੱਕ ਸੰਦ ਬਣ ਕੇ ਆਇਨਾ ਦੇ ਸਾਹਵੇਂ ਆਇਆ ਤੇ ਉਨ੍ਹਾਂ ਇਹਦੀ ਤਾਕਤ ਨੂੰ ਪਛਾਣਿਆ। ਸੇਬਾਸਟਿਆਓ ਸਾਲਗਾਡੋ, ਵਿਵਿਆਨ ਮਾਇਰ, ਸ਼ੰਕਰ ਸਰਕਾਰ, ਪਲਾਨੀ ਕੁਮਾਰ ਅਤੇ ਹੋਰਨਾਂ ਦੇ ਕੰਮਾਂ ਨੂੰ ਦੇਖ ਕੇ ਉਨ੍ਹਾਂ ਦੇ ਮਨ ਵਿੱਚ ਇਹ ਵਿਚਾਰ ਹੋਰ ਸਪੱਸਟਤਾ ਪਾਉਂਦਾ ਚਲਾ ਗਿਆ। ਕੋਵਿਡ -19 ਮਹਾਂਮਾਰੀ ਦੌਰਾਨ ਪਾਰੀ ਨਾਲ਼ ਕੰਮ ਕਰਦਿਆਂ ਉਨ੍ਹਾਂ ਅੰਦਰਲੀ ਇਹੀ ਜਾਗਰੂਕਤਾ ਹੋਰ ਮਜ਼ਬੂਤੀ ਫੜ੍ਹਦੀ ਗਈ।।
ਆਇਨਾ ਦੇ ਕੈਮਰੇ ਦੇ ਲੈਂਸ ਨੇ ਕਮਾਠੀਪੁਰਾ ਦੇ ਸੈਕਸ ਵਰਕਰਾਂ ਦੀਆਂ ਅਤੇ ਬਿਨਾ ਕਿਸੇ ਸਿਹਤ ਸੰਭਾਲ਼ ਦੇ ਸੀਵਰੇਜ ਸਫ਼ਾਈ ਦੇ ਕੰਮ ਵਿੱਚ ਲੱਗੇ ਪੇਂਡੂ ਭਾਰਤ ਦੇ ਪ੍ਰਵਾਸੀਆਂ ਦੀਆਂ ਕੋਵਿਡ-19 ਮਹਾਂਮਾਰੀ ਦੌਰਾਨ ਬੜੀ ਸੰਵੇਦਨਸ਼ੀਲ ਤਸਵੀਰਾਂ ਖਿੱਚੀਆਂ ਤੇ ਮੁਸੀਬਤਾਂ ਭਰੇ ਉਨ੍ਹਾਂ ਦੇ ਜੀਵਨ ਨੂੰ ਕੈਮਰੇ ਵਿੱਚ ਕੈਦ ਕੀਤਾ। ਆਇਨਾ ਵੱਲੋਂ ਪੇਸ਼ ਉਨ੍ਹਾਂ ਦੇ 23 ਫ਼ੋਟੋ ਲੇਖ ਸਾਨੂੰ ਇੱਕ ਮਹਾਨਗਰ ਦੇ ਅੱਡ-ਅੱਡ ਕੋਨਿਆਂ ਵੱਲ ਖਿੱਚ ਲੈ ਜਾਂਦੇ ਹਨ ਤੇ ਰੂ-ਬ-ਰੂ ਕਰਾਉਂਦੇ ਹਨ ਇੱਕ ਅੱਡ ਹੀ ਤਰ੍ਹਾਂ ਦੀ ਜ਼ਿੰਦਗੀ ਨਾਲ਼। ਮੁੰਬਈ ਲੋਕਲ ਰੇਲ ਵਿੱਚ ਜੀਵਨ ਖੋਜ ਰਹੇ ਇੱਕ ਰਾਜਸਥਾਨੀ ਪ੍ਰਵਾਸੀ ਸੰਗੀਤਕਾਰ, ਸ਼ਹਿਰ ਦੇ ਟੈਕਸੀ ਚਾਲਕ, ਗੇਟਵੇ ਆਫ਼ ਇੰਡੀਆ ਦੇ ਫ਼ੋਟੋਗ੍ਰਾਫ਼ਰ, ਗਧੀ ਦਾ ਦੁੱਧ ਵੇਚਣ ਵਾਲ਼ੀਆਂ, ਮੁੰਬਈ ਦੀਆਂ ਸੜਕਾਂ 'ਤੇ ਨੱਚਦੇ ਤੇ ਆਪਣੇ-ਆਪ ਨੂੰ ਚਾਬੁਕ ਮਾਰਨ ਵਾਲ਼ੇ ਕਰਨਾਟਕ ਦੇ ਪ੍ਰਵਾਸੀ ਤੱਕ ਹਰ ਕੋਈ ਉਨ੍ਹਾਂ ਦੇ ਕੈਮਰੇ ਵਿੱਚ ਦਰਜ ਹੈ। ਇਹ ਕਹਾਣੀਆਂ ਤੇ ਤਸਵੀਰਾਂ ਜਿਸ ਸੰਵੇਦਨਸ਼ੀਲਤਾ ਤੇ ਹਮਦਰਦੀ ਨਾਲ਼ ਪੇਂਡੂ ਲੋਕਾਂ ਦੇ ਸ਼ਹਿਰਾਂ ਵਿੱਚ ਆ ਵੱਸਣ ਤੇ ਪੇਸ਼ ਆਉਂਦੀਆਂ ਚੁਣੌਤੀਆਂ ਨੂੰ ਦਰਜ ਕਰਦੀਆਂ ਹਨ, ਦਰਅਸਲ ਇਹ ਉਨ੍ਹਾਂ ਦੇ ਹੱਕ ਵਿੱਚ ਭੁਗਤੀਆਂ ਨਜ਼ਰੀਂ ਪੈਂਦੀਆਂ ਹਨ।















