ਉਹ ਆਪਣੀ ਜਰਜਰ ਹੋ ਚੁੱਕੀ ਹਝੋਕੇ ਖਾਂਦੀ ਵ੍ਹੀਲਚੇਅਰ ਨੂੰ ਖਿੱਚ ਕੇ ਆਪਣੇ ਨੇੜੇ ਕਰਦਾ ਹੈ। ਆਪਣਾ ਮੂੰਹ ਹਸਪਤਾਲ ਦੇ ਉਸ ਬਿਸਤਰੇ ਵੱਲ ਕਰੀ ਉਹ ਆਪਣੇ ਖੱਬੇ ਹੱਥ ਨਾਲ਼ ਛੱਤ ਤੋਂ ਲਮਕਦੀ ਲੱਕੜ ਦੇ ਬਾਲੇ ਨਾਲ਼ ਬੱਝੀ ਕੱਪੜੇ ਦੀ ਲੀਰ ਨੂੰ ਕੱਸ ਕੇ ਫੜ੍ਹਦਾ ਹੋਇਆ ਆਪਣਾ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰਦਾ ਹੈ। ਸੱਜੇ ਹੱਥ 'ਤੇ ਭਾਰ ਪਾ ਕੇ ਉਹ ਆਪਣੇ ਧੜ ਨੂੰ ਪਿਛਾਂਹ ਧੱਕਦਾ ਹੈ ਤੇ ਫਿਰ ਬੜੇ ਹੀ ਮਲ੍ਹਕੜੇ ਜਿਹੇ ਸਰਕ ਕੇ ਵ੍ਹੀਲਚੇਅਰ 'ਤੇ ਜਾ ਬਹਿੰਦਾ ਹੈ। ਫਿਰ ਵਾਰੀ ਆਉਂਦੀ ਹੈ ਬੇਜਾਨ ਹੋਈਆਂ ਲੱਤਾਂ ਨੂੰ ਖਿੱਚਣ ਦੀ, ਜਿਨ੍ਹਾਂ ਨੂੰ ਇੱਕ-ਇੱਕ ਕਰਕੇ ਉਹ ਕੁਰਸੀ ਦੇ ਫੁੱਟ ਪਲੇਟਾਂ 'ਤੇ ਟਿਕਾ ਲੈਂਦਾ ਹੈ। ਜਿੰਨੀ ਨਿਪੁੰਨਤਾ ਤੇ ਜਿੰਨੀ ਸਹਿਜਤਾ ਨਾਲ਼ ਉਹ ਇਹ ਪ੍ਰਕਿਰਿਆ ਪੂਰੀ ਕਰਦਾ ਹੈ, ਦੇਖ ਕੇ ਪਤਾ ਲੱਗਦਾ ਹੈ ਉਹ ਇਹ ਪਹਿਲਾਂ ਵੀ ਹਜ਼ਾਰਾਂ ਵਾਰ ਕਰ ਚੁੱਕਿਆ ਹੈ। ਕਦੇ ਇੰਨੀ ਹੀ ਮੁਹਾਰਤ ਤੇ ਸਹਿਜਤਾ ਨਾਲ਼ ਉਹ ਬਿਲਿਗਿਰੀ ਰੰਗਨ ਪਹਾੜੀਆਂ ਦੀ ਲੰਬੇ-ਉੱਚੇ ਰੁੱਖਾਂ 'ਤੇ ਚੜ੍ਹ ਜਾਇਆ ਕਰਦਾ ਸੀ ਜਦੋਂ ਤੱਕ ਕਿ...


Chamarajanagar, Karnataka
|THU, MAR 19, 2026
ਟੁੱਟੇ ਖੰਭਾਂ ਵਾਲ਼ਾ ਕਾਹਦਾ ਉਹ ਅਜ਼ਾਦ ਪਰਿੰਦਾ?
ਕਰਨਾਟਕ ਦੀ ਬਿਲਿਗਿਰੀ ਰੰਗਨ ਪਹਾੜੀਆਂ ਦੇ ਉੱਚੇ ਦਰੱਖਤਾਂ ਤੋਂ ਸ਼ਹਿਦ ਇਕੱਠਾ ਕਰਨ ਵਾਲ਼ਾ ਇੱਕ ਨੌਜਵਾਨ ਸੋਲਿਗਾ ਆਦਿਵਾਸੀ ਇੱਕ ਭਿਆਨਕ ਹਾਦਸੇ ਦੇ ਬਾਅਦ ਆਪਣੀ ਜ਼ਿੰਦਗੀ ਦਾ ਗੀਤ ਹੀ ਗੁਆ ਬੈਠਾ ਤੇ ਗੁਆ ਬੈਠਾ ਮੁੜ ਖੜ੍ਹੇ ਹੋਣ ਦੀ ਉਮੀਦ ਵੀ
Author
Editor
Photo Editor
Translator

M. Palani Kumar
''ਸ਼ਾਮ ਦੇ ਕੋਈ ਛੇ ਵੱਜੇ ਸਨ ਤੇ ਮੀਂਹ ਪੈ ਰਿਹਾ ਸੀ। ਰੁੱਖ ਦੀ ਛਿੱਲ ਕੁਝ ਤਿਲ਼ਕਣੀ ਹੋ ਚੁੱਕੀ ਸੀ। ਤਾਰੇ ਮਰਾ (ਟਰਮੀਨਲਿਆ ਬੇਲੀਰਿਕਾ) ਰੁੱਖ 'ਤੇ ਖ਼ਾਸਾ ਵੱਡਾ ਛੱਤਾ ਲੱਗਿਆ ਸੀ। ਇਹਨੂੰ ਤੋੜਨ ਲਈ, ਮੈਨੂੰ ਇਹਦੇ ਐਨ ਨਾਲ਼ ਕਰਕੇ ਉੱਗੇ ਹੋਨੇ ਮਰਾ (ਪਟੇਰੋਕਾਰਪਸ ਮਾਰਸੂਪਿਅਮ) 'ਤੇ ਚੜ੍ਹਨਾ ਪਿਆ। ਉਹ ਬੜੇ ਵੱਡੇ ਤੇ ਉੱਚੇ ਰੁੱਖ ਹਨ।'' ਅਰੁਣ ਜਿਨ੍ਹਾਂ ਰੁੱਖਾਂ ਦੀ ਗੱਲ ਕਰ ਰਹੇ ਹਨ ਉਹ 130 ਫੁੱਟ ਤੱਕ ਨਿਕਲ਼ ਜਾਂਦੇ ਹਨ।
''ਮੈਂ ਆਪਣੇ ਹੱਥ ਵਿੱਚ ਧੂੰਆਂ ਛੱਡਦਾ ਚੋਅ ਫੜ੍ਹਿਆ ਸੀ ਪਰ ਮਧੂਮੱਖੀਆਂ ਮੈਨੂੰ ਡੰਗ ਮਾਰਦੀਆਂ ਹੀ ਰਹੀਆਂ। ਮੈਂ ਜਿੰਨੀ ਛੇਤੀ ਹੋ ਸਕੇ ਹੇਠਾਂ ਆਉਣਾ ਚਾਹੁੰਦਾ ਸਾਂ। ਅਚਾਨਕ, ਮੇਰਾ ਪੈਰ ਫਿਸਲਿਆ ਤੇ ਮੈਂ 25 ਫੁੱਟ ਹੇਠਾਂ ਜ਼ਮੀਨ 'ਤੇ ਪਿੱਠ ਪਰਨੇ ਆ ਡਿੱਗਿਆ।'' ਉਹ 12 ਮਈ 2024 ਦੀ ਉਸ ਭਿਆਨਕ ਸ਼ਾਮ ਦੀ ਗੱਲ ਕਰ ਰਹੇ ਸਨ, ਜਦੋਂ ਉਹ ਅਖ਼ੀਰਲੀ ਵਾਰੀਂ ਆਪਣੇ ਪੈਰਾਂ 'ਤੇ ਖੜ੍ਹੇ ਹੋਏ ਸਨ।
ਅਰੁਣ ਦੇ ਹੱਥ ਬੜੀ ਮੁਸ਼ੱਕਤ ਨਾਲ਼ ਆਪਣੀ ਪੁਰਾਣੀ ਪੈ ਚੁੱਕੀ ਵ੍ਹੀਲਚੇਅਰ ਨੂੰ ਰੇੜ੍ਹਦੇ ਹੋਏ 8 x 10 ਦੇ ਟੀਨ ਦੇ ਕਮਰੇ ਵਿੱਚੋਂ ਬਾਹਰ ਕੱਢਦੇ ਹਨ। ਕਮਰੇ ਦਾ ਇਹ ਛੋਟਾ ਜਿਹਾ ਦਰਵਾਜ਼ਾ ਜਿਓਂ ਕਮਰੇ ਦੇ ਹਨ੍ਹੇਰੇ ਨੂੰ ਚੀਰਦਾ ਜਾਪਦਾ ਹੈ। ਇਹਦੇ ਇੱਕ ਪਾਸੇ ਇੱਟ ਤੇ ਗਾਰੇ ਨਾਲ਼ ਬਣਿਆ ਘਰ ਇਹਨੂੰ ਲਗਭਗ ਲੁਕਾ ਹੀ ਦਿੰਦਾ ਹੈ, ਜਿੱਥੇ ਉਨ੍ਹਾਂ ਦਾ ਬਾਕੀ ਪਰਿਵਾਰ ਰਹਿੰਦਾ ਹੈ। ਦੂਸਰੇ ਪਾਸੇ ਲੱਕੜ ਦੇ ਉਹ ਖੰਭੇ ਹਨ ਜਿਨ੍ਹਾਂ 'ਤੇ ਕਬੂਤਰਖਾਨੇ ਬਣੇ ਹਨ, ਉਨ੍ਹਾਂ ਦੇ ਪਿਤਾ ਇਨ੍ਹਾਂ ਦੀ ਦੇਖਭਾਲ਼ ਕਰਦੇ ਹਨ।

Pratishtha Pandya

M. Palani Kumar
''ਮਦਦ ਕਰਨ ਵਾਲ਼ਾ ਕੋਈ ਵੀ ਨਹੀਂ। ਸਵੇਰੇ ਮੈਂ ਖ਼ੁਦ ਨੂੰ ਕਮਰੇ 'ਚੋਂ ਬਾਹਰ ਕੱਢਦਾਂ ਤੇ ਧੁੱਪ ਸੇਕਦਾ ਹਾਂ,'' ਕਮਰੇ ਮਗਰ ਖੁੱਲ੍ਹੀ ਥਾਵੇਂ ਆਪਣੀ ਕੁਰਸੀ ਰੇੜ੍ਹੀ ਲਿਜਾਂਦਾ 24 ਸਾਲਾ ਨੌਜਵਾਨ ਕਹਿੰਦਾ ਹੈ। ਧੁੱਪ ਹਾਲੇ ਹੁਣੇ ਚੜ੍ਹੀ ਹੈ ਤੇ ਸਿਲਵਰ ਓਕ ਦੀਆਂ ਟਾਹਣੀਆਂ ਵਿੱਚੋਂ ਦੀ ਪੁਣ-ਪੁਣ ਕੇ ਫੈਲ ਰਹੀ ਹੈ।
ਸਾਲ ਦੇ ਇਨ੍ਹੀਂ ਦਿਨੀਂ ਅਕਸਰ ਅਰੁਣ ਰੁੱਖਾਂ ਦੀਆਂ ਉੱਚੀਆਂ ਟਾਹਣੀਆਂ ਛਾਂਗਣ ਵਿੱਚ ਪਰਿਵਾਰ ਦੀ ਮਦਦ ਕਰਦੇ ਤਾਂ ਜੋ ਉਨ੍ਹਾਂ ਦੇ ਕੌਫੀ ਦੇ ਬੂਟਿਆਂ ਨੂੰ ਲੋੜੀਂਦੀ ਧੁੱਪ ਮਿਲ਼ ਪਾਵੇ। ਇਸ ਸਾਲ ਉਨ੍ਹਾਂ ਨੂੰ ਦਿਹਾੜੀ 'ਤੇ ਇਹ ਕੰਮ ਕਰਾਉਣਾ ਪੈਣਾ ਸੀ, ਸੋ ਮਜ਼ਦੂਰੀ ਮਹਿੰਗਾ ਸੌਦਾ ਪੈਣ ਕਾਰਨ ਰੁੱਖਾਂ ਦੀ ਟਾਹਣੀਆਂ ਵੱਧਦੀਆਂ ਹੀ ਚਲੀਆਂ ਗਈਆਂ।
ਹੁਣ ਅਰੁਣ ਨੇ ਕੁਰਸੀ ਰੇੜ੍ਹ ਕੇ ਧੁੱਪੇ ਕਰ ਲਈ ਹੈ।
''ਸੀਜ਼ਨ ਦੌਰਾਨ ਮੈਂ ਥੋੜ੍ਹੀ ਬਹੁਤ ਆਮਦਨੀ ਲਈ ਸ਼ਹਿਦ ਚੋਇਆ ਕਰਦਾ। ਅਪ੍ਰੈਲ ਤੇ ਜੂਨ ਦੇ ਛੇ ਹਫ਼ਤੇ ਇਹ ਕੰਮ ਚੱਲਦਾ ਰਹਿੰਦਾ,'' ਉਹ ਕਹਿੰਦੇ ਹਨ,''ਗਰਮੀ ਰੁੱਤੇ ਬਾਹਰ ਹੋਰ ਕੋਈ ਕੰਮ ਤਾਂ ਹੁੰਦਾ ਨਹੀਂ। ਹੱਥ ਵੀ ਤੰਗ ਹੀ ਰਹਿੰਦਾ ਹੈ। ਇਸਲਈ, ਅਸਾਂ ਚਾਰ-ਪੰਜ ਦੋਸਤਾਂ ਨੇ ਰਲ਼ ਕੇ ਮਾੜੀ-ਮੋਟੀ ਕਮਾਈ ਲਈ ਸ਼ਹਿਦ ਚੋਣਾ ਸ਼ੁਰੂ ਕੀਤਾ।'' ਜਿੰਨੀ ਵੀ ਕਮਾਈ ਹੁੰਦੀ ਘਰ ਦਾ ਗੁਜਾਰਾ ਤੁਰਨ ਲੱਗਦਾ।

Courtesy: Arun
''ਮੈਨੂੰ ਬੇਲੀਆਂ ਨਾਲ਼ ਘੁੰਮਣਾ-ਫਿਰਨਾ ਪਸੰਦ ਸੀ ਪਰ ਕਲਾਸ ਵਿੱਚ ਪੜ੍ਹਾਇਆ ਜਾਂਦਾ ਕੁਝ ਵੀ ਪੱਲੇ ਨਾ ਪੈਂਦਾ। ਸੱਤਵੀਂ ਵਿੱਚ ਮੈਂ ਪੜ੍ਹਾਈ ਛੱਡ ਦਿੱਤੀ। ਮੈਂ ਬਾਕੀ ਬੱਚਿਆਂ ਨੂੰ ਵੇਖ ਰੁੱਖਾਂ 'ਤੇ ਚੜ੍ਹਨਾ ਸਿੱਖ ਗਿਆ। ਪਹਿਲਾਂ-ਪਹਿਲ ਡਰ ਜ਼ਰੂਰ ਆਇਆ ਪਰ ਛੇਤੀ ਹੀ ਮੈਂ ਆਦੀ ਹੋ ਗਿਆ। ਰੁੱਖਾਂ ਵੱਲ ਵਧਦੇ ਕਦਮਾਂ ਦੇ ਨਾਲ਼ ਲੋਕੀਂ 'ਜੇਨੁ ਕੁਇਆ ਹਾਡੁ' (ਸ਼ਹਿਦ ਇਕੱਠਾ ਕਰਨ ਵਾਲ਼ਾ ਗੀਤ) ਗਾਇਆ ਕਰਦੇ। ਮੈਂ ਕਦੇ ਉਹ ਗੀਤ ਨਾ ਸਿੱਖਿਆ।'' ਸੋਲਿਗਾ ਲੋਕ ਪੀੜ੍ਹੀਆਂ ਤੋਂ ਸ਼ਹਿਦ ਇਕੱਠਾ ਕਰਦੇ ਆਏ ਹਨ। ਪਰ ਅਰੁਣ ਦੇ ਪਿਤਾ, 53 ਸਾਲਾ ਐੱਮ. ਸੰਨਰੰਗੇ ਗੌੜਾ ਨੇ ਚੋਖਾ ਚਿਰ ਇਹ ਕੰਮ ਨਾ ਕੀਤਾ।
ਗੌੜਾ ਚਾਮਰਾਜਨਗਰ ਜ਼ਿਲ੍ਹੇ ਦੇ ਕਿਸਾਨ ਅਤੇ ਭਾਈਚਾਰੇ ਦੇ ਸਰਗਰਮ ਕਾਰਕੁੰਨ ਵੀ ਹਨ। 70ਵਿਆਂ ਵਿੱਚ ਸਰਕਾਰ ਨੇ ਸੋਲਿਗਾ ਆਦਿਵਾਸੀਆਂ ਨੂੰ ਜੰਗਲ ਦੇ ਕਾਫ਼ੀ ਅੰਦਰ ਬਣੀਆਂ ਛੋਟੀਆਂ ਬਸਤੀਆਂ ਭਾਵ ਪੋਡੂ ਵਿੱਚ ਵੱਸਣ ਤੇ ਝੂਮ ਖੇਤੀ ਛੱਡਣ ਨੂੰ ਵੀ ਮਜ਼ਬੂਰ ਕੀਤਾ। ਉਨ੍ਹਾਂ ਦਾ ਪਰਿਵਾਰ ਯੇਲੰਦੁਰ ਤਾਲੁਕਾ ਦੇ ਮੁੱਤੂਗੱਦਗੁਡੂ ਪੋਡੂ ਵਿਖੇ ਮਿਲ਼ੀ ਦੋ ਏਕੜ ਦੀ ਭੋਇੰ 'ਤੇ ਖੇਤੀ ਕਰ ਰਿਹਾ ਹੈ।

Courtesy: Arun
''ਅਸੀਂ ਅਵਰੇਕਾਈ (ਸੇਮ ਫਲ਼ੀ), ਜੋਲਾ (ਜਵਾਰ), ਤੋਗਰੀ (ਅਰਹਰ), ਰਾਗੀ ਜਿਹੀਆਂ ਫ਼ਸਲਾਂ ਉਗਾਇਆ ਕਰਦੇ ਪਰ ਹਾਥੀ ਤੇ ਜੰਗਲੀ ਸੂਰ ਫ਼ਸਲਾਂ ਨੂੰ ਬਰਬਾਦ ਕਰ ਦਿੰਦੇ। ਇਸੇ ਲਈ, 90ਵਿਆਂ ਵਿੱਚ ਅਸੀਂ ਕੌਫ਼ੀ ਦੀ ਖੇਤੀ ਦਾ ਰੁਖ ਕੀਤਾ,'' ਗੌੜਾ ਕਹਿੰਦੇ ਹਨ।
ਸਕੂਲ ਛੱਡਣ ਤੋਂ ਬਾਅਦ ਅਰੁਣ ਆਪਣੇ ਪਿਤਾ ਦੇ ਨਾਲ਼ ਖੇਤੀ ਵਿੱਚ ਮਦਦ ਕਰਨ ਲੱਗੇ। ਉਹ ਬਿਜਾਈ ਕਰਨ, ਛਾਂਗੀ ਕਰਨ, ਆਲ਼ਾ-ਦੁਆਲ਼ਾ ਸਾਫ਼ ਕਰਨ, ਗੋਡੀ ਕਰਨ, ਬੇਰ ਤੋੜਨ ਵਿੱਚ ਹੱਥ ਵਟਾਉਂਦੇ। ਉਹ ਹੋਰ ਨਿੱਕੇ-ਮੋਟੇ ਕੰਮ ਕਰਕੇ ਥੋੜ੍ਹਾ-ਬਹੁਤ ਪੈਸਾ ਕਮਾਉਣ ਦੀ ਕੋਸ਼ਿਸ਼ ਵਿੱਚ ਰਹਿੰਦੇ। ''ਮੈਨੂੰ ਜੋ ਕੰਮ ਵੀ ਮਿਲ਼ਦਾ ਮੈਂ ਕਰ ਲੈਂਦਾ ਫੇਰ ਭਾਵੇਂ ਰੁੱਖ ਛਾਂਗਣੇ, ਲੱਕੜ ਵੱਢਣੀ, ਸ਼ਹਿਦ ਇਕੱਠਾ, ਪਚੀ (ਲਾਈਕੇਨ/ਸ਼ੈਵਾਲ) ਜਿਹੇ ਕੰਮ ਹੀ ਕਿਉਂ ਨਾ ਕਰਨੇ ਪੈਂਦੇ। ਕੁਝ ਦਿਨ ਹੁੰਦੇ ਜਦੋਂ ਮੈਂ 1000 ਰੁਪਏ ਵੀ ਕਮਾ ਲੈਂਦਾ ਪਰ ਇਹ ਕਮਾਈ ਪੱਕੀ ਨਹੀਂ ਸੀ।''
''ਸੋਲਿਗਾ ਨੌਜਵਾਨਾਂ ਨੂੰ ਬਾਹਰ ਕਿਤੇ ਕੋਈ ਕੰਮ ਨਾ ਮਿਲ਼ਦਾ। ਨਾ ਉਨ੍ਹਾਂ ਕੋਲ਼ ਕੋਈ ਹੁਨਰ ਹੁੰਦਾ ਹੈ ਤੇ ਪੜ੍ਹਾਈ ਵੀ ਕਿਸੇ ਨੌਕਰੀ ਦੀ ਗਰੰਟੀ ਨਹੀਂ ਦਿੰਦੀ,'' ਭਾਈਚਾਰੇ ਦੇ ਕਾਰਕੁੰਨ ਤੇ ਪੀਐੱਚਡੀ ਦੇ ਪਹਿਲੇ ਖੋਜਾਰਥੀ, ਡਾ. ਸੀ. ਮਾਦੇਗੌੜਾ ਕਹਿੰਦੇ ਹਨ।
18 ਸਾਲ ਦੀ ਉਮਰੇ ਅਰੁਣ ਨੇ ਪਹਿਲੀ ਵਾਰ ਬੰਗਲੌਰ ਪ੍ਰਵਾਸ ਕੀਤਾ, ਜਿੱਥੇ ਉਨ੍ਹਾਂ ਨੇ ਉਸਾਰੀ ਵਾਲ਼ੀ ਥਾਵੇਂ ਮਜ਼ਦੂਰੀ ਕੀਤੀ ਤੇ ਫਿਰ ਕਰਨਾਟਕ ਤੇ ਕੇਰਲਾ ਜਾ ਕੇ ਕੌਫ਼ੀ ਤੇ ਕਾਲ਼ੀ ਮਿਰਚਾਂ ਦੇ ਖੇਤਾਂ ਵਿੱਚ ਮਜ਼ਦੂਰੀ ਕੀਤੀ। ਉਹ ਮਾਰਚ-ਅਪ੍ਰੈਲ ਨੂੰ ਤੁੜਾਈ ਤੋਂ ਬਾਅਦ ਪਿੰਡ ਮੁੜ ਆਇਆ ਕਰਦੇ।
ਇਹੀ ਮਹੀਨੇ ਹੁੰਦੇ ਜਦੋਂ ਉਹ ਆਪਣੇ ਪਿੰਡ ਸ਼ਹਿਦ ਇਕੱਠਾ ਕਰਨ ਚਲੇ ਜਾਂਦੇ।

M. Palani Kumar

M. Palani Kumar
''ਜੰਗਲ ਦੀ ਹਰ ਫੇਰੀ ਤੁਹਾਨੂੰ ਛੱਤਾ ਨਹੀਂ ਵੀ ਮਿਲ਼ਦਾ। ਸੀਜ਼ਨ ਮੌਕੇ ਵੀ ਤੁਸੀਂ ਹਰ ਰੋਜ਼ ਜੰਗਲ ਨਹੀਂ ਜਾਂਦੇ। ਮਹੀਨੇ ਵਿੱਚ ਸਿਰਫ਼ ਚਾਰ-ਪੰਜ ਵਾਰੀਂ ਹੀ ਜਾਇਆ ਜਾਂਦਾ ਹੈ। ਸਵੇਰ ਮੌਕੇ ਅਸੀਂ 15 ਕਿਲੋਮੀਟਰ ਦੇ ਦਾਇਰੇ ਵਿੱਚ ਘੁੰਮ ਕੇ ਜੇਨੂ ਗੁਡੁ (ਮਧੂਮੱਖੀਆਂ ਦੇ ਛੱਤੇ) ਲੱਭਦੇ, ਘਰ ਆਉਂਦੇ ਤੇ ਫਿਰ ਸ਼ਾਮੀਂ ਸ਼ਹਿਦ ਇਕੱਠਾ ਕਰਨ ਨਿਕਲ਼ਦੇ। ਪਰ ਅਕਸਰ, ਅਸੀਂ ਜੰਗਲ ਦੇ ਅੰਦਰ ਕਾਫ਼ੀ ਅੰਦਰ ਚਲੇ ਜਾਂਦੇ ਤੇ ਆਪਣੇ ਨਾਲ਼ ਦੋ-ਤਿੰਨ ਦਿਨਾਂ ਦਾ ਭੋਜਨ ਵੀ ਲੈ ਜਾਂਦੇ,'' ਅਰੁਣ ਕਹਿੰਦੇ ਹਨ।
ਉਨ੍ਹਾਂ ਦੀ ਕਮਾਈ ਛੱਤਿਆਂ ਦੀ ਗਿਣਤੀ ਤੇ ਅਕਾਰ 'ਤੇ ਨਿਰਭਰ ਕਰਦੀ ਸੀ। ਇੱਕੋ ਗੇੜੇ ਉਹ 60 ਤੋਂ 70 ਕਿੱਲੋ ਸ਼ਹਿਦ ਇਕੱਠਾ ਕਰ ਲਿਆ ਕਰਦੇ। ਘਰੇ ਆ ਕੇ ਉਹ ਇਹਨੂੰ ਸਾਫ਼ ਕੱਪੜੇ ਵਿੱਚੋਂ ਦੀ ਪੁਣ ਕੇ ਕੈਨਾਂ ਵਿੱਚ ਭਰ ਲਿਆ ਕਰਦੇ। ਜਿਨ੍ਹਾਂ ਨੂੰ ਉਹ ਵਪਾਰੀ ਕੋਲ਼ 200 ਤੋਂ 300 ਰੁਪਏ ਕਿੱਲੋ ਦੇ ਹਿਸਾਬ ਨਾਲ਼ ਵੇਚ ਕੇ ਪੈਸੇ ਬਰਾਬਰ ਵੰਡ ਲੈਂਦੇ।
''ਮੇਰੇ ਤਿੰਨ ਦੋਸਤ ਵੀ ਨਾਲ਼ ਸਨ।'' ਅਰੁਣ ਉਸ ਮਾੜੇ ਦਿਨ ਨੂੰ ਚੇਤੇ ਕਰਦੇ ਹਨ। ''ਮੈਂ ਆਪੇ ਉੱਠਣ ਦੀ ਬੜੀ ਕੋਸ਼ਿਸ਼ ਕੀਤੀ ਪਰ ਮੇਰੇ ਲੱਕ 'ਤੇ ਸੱਟ ਲੱਗ ਗਈ ਸੀ ਪੀੜ੍ਹ ਝੱਲੀ ਨਹੀਂ ਸੀ ਜਾ ਰਹੀ। ਮੇਰੀਆਂ ਹੱਡੀਆਂ ਟੁੱਟ ਗਈਆਂ ਸਨ। ਮੈਂ ਤਾਂ ਹਿੱਲ ਵੀ ਨਾ ਸਕਿਆ। ਮੇਰੇ ਦੋਸਤ ਘੰਟਿਆਂ ਤੱਕ ਮੇਰੇ ਨਾਲ਼ ਹੀ ਰਹੇ, ਹਨ੍ਹੇਰਾ ਤਾਂ ਪਹਿਲਾਂ ਹੀ ਪਸਰਿਆ ਹੋਇਆ ਸੀ, ਜੰਗਲੀ ਜਾਨਵਰਾਂ ਤੋਂ ਬਚਣ ਲਈ ਉਨ੍ਹਾਂ ਅੱਗ ਬਾਲ਼ ਲਈ। ਸਵੇਰ ਵੇਲ਼ੇ, ਪਿੰਡ ਵਾਲ਼ੇ ਨਾਲ਼ ਆਏ ਤੇ ਐਂਬੂਲੈਂਸ ਮੈਨੂੰ ਹਸਪਤਾਲ ਲੈ ਗਈ।'' ਮੈਨੂੰ ਵਿਵੇਕਾਨੰਦ ਟ੍ਰਾਈਬਲ ਹੈਲਥ ਸੈਂਟਰ (ਵੀਟੀਐੱਚਸੀ) ਵਿਖੇ ਭਰਤੀ ਕਰਾਇਆ ਗਿਆ।

M. Palani Kumar
''ਉਸ ਸਵੇਰ ਤੋਂ ਬਾਅਦ ਹੁਣ ਤੱਕ ਹਸਪਤਾਲਾਂ ਦੇ ਚੱਕਰ ਹੀ ਲੱਗ ਰਹੇ ਹਨ,'' ਉਨ੍ਹਾਂ ਦੇ ਪਿਤਾ ਕਹਿੰਦੇ ਹਨ। ਵੀਟੀਐੱਚਸੀ ਦੇ ਡਾਕਟਰਾਂ ਨੇ ਦੇਖਿਆ ਅਰੁਣ ਦਾ ਲੱਕ ਹੇਠਲਾ ਹਿੱਸਾ ਨਕਾਰਾ ਹੋ ਗਿਆ ਹੈ। ਉਨ੍ਹਾਂ ਦੀ ਰੀੜ੍ਹ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ''ਉਨ੍ਹਾਂ ਨੇ ਸਾਨੂੰ ਚਾਮਰਾਜਨਗਰ ਮੈਡੀਕਲ ਸਾਇੰਸੇਜ (ਸੀਆਈਐੱਮਐੱਸ) ਇੰਸਟੀਚਿਊਟ ਭੇਜਿਆ, ਜਿੱਥੇ ਡਾਕਟਰਾਂ ਨੇ ਕਿਹਾ ਉਹਦੀ ਹੱਡੀ ਜਾਮ ਹੋ ਗਈ ਹੈ ਤੇ ਅਪਰੇਸ਼ਨ ਕਰਨਾ ਪਵੇਗਾ। ਇੱਕ ਨਾੜ ਵੀ ਕੱਟੀ ਗਈ ਸੀ। ਰਿਪੋਰਟਾਂ ਹਸਪਤਾਲ ਨੇ ਰੱਖ ਲਈਆਂ। ਸਾਨੂੰ ਦਵਾਈਆਂ ਤੇ ਟੀਕੇ ਦਿੱਤੇ ਗਏ,'' ਮਿ. ਸੰਨਰੰਗੇ ਗੌੜਾ ਜੀ ਕਹਿੰਦੇ ਹਨ।
ਸੀਆਈਐੱਮਐੱਸ ਵਿਖੇ ਅਰੁਣ ਦੀ ਟੁੱਟੀ ਰੀੜ੍ਹ ਦੀ ਨਾਲ਼ੀ (ਕੈਨਲ) ਠੀਕ ਕਰਨ ਤੇ ਨਸਾਂ ਨੂੰ ਹੋਰ ਨੁਕਸਾਨ ਪਹੁੰਚਣ ਤੋਂ ਰੋਕਣ ਲਈ ਕੀਤੇ ਅਪਰੇਸ਼ਨ ਤੋਂ ਬਾਅਦ ਅਰੁਣ ਵਾਪਸ ਵੀਟੀਐੱਚਸੀ ਆ ਗਏ। ਉੱਥੇ, ਸਟਾਫ਼ ਨੇ ਉਨ੍ਹਾਂ ਦੇ ਪਰਿਵਾਰ ਨੂੰ ਸਿਖਲਾਈ ਦਿੱਤੀ ਜਿਸ ਵਿੱਚ ਉਨ੍ਹਾਂ ਦੀ ਪਤਨੀ ਵੀ ਸ਼ਾਮਲ ਸੀ।

M. Palani Kumar

M. Palani Kumar
ਉਨ੍ਹਾਂ ਦਾ ਵਿਆਹ ਹੋਇਆਂ ਅਜੇ ਮਸਾਂ 6 ਕੁ ਮਹੀਨੇ ਹੀ ਹੋਏ ਸਨ ਕਿ ਇਹ ਖ਼ਤਰਨਾਕ ਹਾਦਸਾ ਵਾਪਰ ਗਿਆ। ''ਉਹਦੀ ਪਤਨੀ ਪੂਰੀ ਤਰ੍ਹਾਂ ਉਹਦੀ ਦੇਖਭਾਲ਼ ਕਰਿਆ ਕਰਦੀ ਜਦੋਂ ਤੱਕ ਕਿ...'' ਅਰੁਣ ਦੀ ਮਾਂ, 45 ਸਾਲਾ ਮਾਸਾਨੰਮਾ ਗੱਲ ਹੀ ਪੂਰੀ ਨਾ ਕਰ ਸਕੀ।
''ਅਸੀਂ ਪੂਰਾ-ਪੂਰਾ ਦਿਨ ਜੰਗਲ ਵਿੱਚ ਰਹਿੰਦੇ ਹਾਂ। ਉਹ ਘਰੇ ਇਕੱਲਾ ਰਹਿੰਦਾ ਹੈ ਤੇ ਆਪਣਾ ਮੋਬਾਇਲ ਦੇਖਦਾ ਰਹਿੰਦਾ ਹੈ। ਉਹਦਾ ਕੋਈ ਮਿੱਤਰ ਹੁਣ ਉਹਨੂੰ ਮਿਲ਼ਣ ਨਹੀਂ ਆਉਂਦਾ ਜਿਵੇਂ ਪਹਿਲਾਂ ਆਇਆ ਕਰਦੇ ਸਨ। ਅਕੇਵੇਂ ਦਾ ਮਾਰਿਆ ਉਹ ਲਾਚਾਰੀ ਮਹਿਸੂਸ ਕਰਨ ਲੱਗਦਾ ਹੈ। ਮੈਂ ਕੁਝ ਨਹੀਂ ਕਰ ਪਾਉਂਦੀ। ਮੈਨੂੰ ਬੱਸ ਚਿੰਤਾ ਹੀ ਲੱਗੀ ਰਹਿੰਦੀ ਹੈ। ਬੱਸ ਇਹੀ ਕੁਝ ਚੱਲਦਾ ਰਹਿੰਦਾ ਹੈ,'' ਉਹ ਕਹਿੰਦੀ ਹੈ।
ਅਰੁਣ ਕਹਿੰਦੇ ਹਨ,“ਮੈਨੂੰ ਨਹੀਂ ਪਤਾ ਕਿ ਡਾਕਟਰਾਂ ਨੇ ਮੇਰੇ ਮਾਪਿਆਂ ਨੂੰ ਕੀ ਕਿਹਾ। ਮੈਨੂੰ ਉਨ੍ਹਾਂ ਨੇ ਕਿਹਾ ਸੀ ਕਿ ਮੈਂ ਦੁਬਾਰਾ ਆਪਣੇ ਪੈਰਾਂ ‘ਤੇ ਖੜ੍ਹਾ ਹੋ ਸਕਦਾ ਹਾਂ। ਉਨ੍ਹਾਂ ਨੇ ਮੈਨੂੰ ਤੁਰਨ ਦੀ ਕੋਸ਼ਿਸ਼ ਕਰਦੇ ਰਹਿਣ ਲਈ ਕਿਹਾ। ਪਰ ਆਸਰਾ ਦੇਣ ਵਾਲ਼ਾ ਕੋਈ ਨਹੀਂ ਸੀ, ਇਸ ਲਈ ਮੈਂ ਕੋਸ਼ਿਸ਼ ਹੀ ਨਹੀਂ ਕੀਤੀ।” ਉਨ੍ਹਾਂ ਦੀਆਂ ਉਂਗਲਾਂ ਵ੍ਹੀਲਚੇਅਰ ਦੇ ਖੱਬੇ ਪਾਸੇ ਰੱਖੇ ਕੈਥੇਟਰ ਬੈਗ ਦੀ ਪਲਾਸਟਿਕ ਨਲ਼ੀ ਨਾਲ਼ ਖੇਡਦੀਆਂ ਰਹਿੰਦੀਆਂ ਹਨ।
ਸਰਜਰੀ ਦੇ ਕੁਝ ਸਮੇਂ ਬਾਅਦ ਹੀ ਅਰੁਣ ਨੂੰ ਪੇਸ਼ਾਬ ਰੁਕਣ ਦੀ ਸਮੱਸਿਆ ਹੋ ਗਈ। ਵੀਟੀਐੱਚਸੀ ਦੇ ਡਾਕਟਰਾਂ ਦੀਆਂ ਕੋਸ਼ਿਸ਼ਾਂ ਇਸ ਨੂੰ ਠੀਕ ਨਾ ਕਰ ਸਕੀਆਂ। ਉਨ੍ਹਾਂ ਦੇ ਢਿੱਡ ਦੇ ਹੇਠਲੇ ਹਿੱਸੇ ਵਿੱਚ ਦਰਦ ਦੇ ਨਾਲ਼ ਇੱਕ ਉੱਭਾਰ (ਸੋਜਿਸ਼) ਮਹਿਸੂਸ ਹੋਣ ਲੱਗਿਆ। ਜੂਨ 2024 ਵਿੱਚ ਫਿਰ ਤੋਂ ਹਸਪਤਾਲਾਂ ਦੇ ਚੱਕਰ ਸ਼ੁਰੂ ਹੋਏ। ਪਹਿਲਾਂ ਸੀਆਈਐੱਮਐੱਸ ਅਤੇ ਫਿਰ ਮੈਸੂਰ ਦੇ ਕੇ. ਆਰ. ਹਸਪਤਾਲ ਦੇ ਇੱਕ ਯੂਰੋਲੌਜਿਸਟ ਕੋਲ਼ ਲਿਜਾਇਆ ਗਿਆ, ਜਿੱਥੇ ਅਗਲੀ ਜਾਂਚ ਲਈ ਉਨ੍ਹਾਂ ਨੂੰ ਭਰਤੀ ਕੀਤਾ ਗਿਆ ਅਤੇ ਪੰਜ ਦਿਨ ਬਾਅਦ ਛੁੱਟੀ ਦਿੱਤੀ ਗਈ।

M. Palani Kumar

Pratishtha Pandya
ਜੁਲਾਈ ਅਤੇ ਅਗਸਤ ਭਰ ਇਹ ਸਮੱਸਿਆ ਬਾਰ-ਬਾਰ ਵਾਪਰਦੀ ਰਹੀ। ਹਰ ਵਾਰੀ ਅਰੁਣ ਨੂੰ ਮੈਸੂਰ ਵਿੱਚ ਇੱਕ ਯੂਰੋਲੌਜਿਸਟ ਦੀ ਦੇਖਰੇਖ ਹੇਠ ਕੁਝ ਦਿਨਾਂ ਲਈ ਦਾਖਲ ਕਰਨਾ ਪੈਂਦਾ ਸੀ। ਕਈ ਵਾਰ ਉਨ੍ਹਾਂ ਨੂੰ ਇਨਫੈਕਸ਼ਨ ਹੋ ਜਾਂਦਾ ਜਿਸ ਲਈ ਐਂਟੀਬਾਇਓਟਿਕ ਦਵਾਈਆਂ ਦੇਣੀਆਂ ਪੈਂਦੀਆਂ। ਕਈ ਵਾਰ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਵੀ ਵੱਧ ਜਾਂਦਾ, ਜਿਸ ਲਈ ਚਿੰਤਾ ਘਟਾਉਣ ਵਾਲ਼ੀਆਂ ਦਵਾਈਆਂ ਦੇਣੀਆਂ ਪੈਂਦੀਆਂ। ਉਨ੍ਹਾਂ ਦੀ ਦੇਖਭਾਲ਼ ਕਰਨਾ ਮੁਸ਼ਕਲ ਹੁੰਦਾ ਗਿਆ।
ਅਰੁਣ ਦੇ ਪਿਤਾ ਕਹਿੰਦੇ ਹਨ,“ਪੇਸ਼ਾਬ ਦੀ ਸਮੱਸਿਆ ਸ਼ੁਰੂ ਹੋਣ ਤੋਂ ਬਾਅਦ ਸਾਨੂੰ ਕਈ ਵਾਰ ਮੈਸੂਰ ਜਾਣਾ ਪਿਆ। ਸਰਕਾਰੀ ਹਸਪਤਾਲਾਂ ਵਿੱਚ ਇਲਾਜ ਮੁਫ਼ਤ ਹੈ, ਪਰ ਚਾਮਰਾਜਨਗਰ ਤੱਕ ਜਾਣ ਲਈ ਵਾਹਨ 3000 ਰੁਪਏ ਲੈਂਦੇ ਹਨ ਅਤੇ ਮੈਸੂਰ ਜਾਣ ਲਈ 5000 ਰੁਪਏ। ਇਸ ਤੋਂ ਇਲਾਵਾ ਖਾਣ-ਪੀਣ ਅਤੇ ਠਹਿਰਣ ਦਾ ਖਰਚਾ ਵੱਖਰਾ। ਹਰ ਯਾਤਰਾ ਵਿੱਚ ਘੱਟੋ-ਘੱਟ 10,000 ਰੁਪਏ ਖਰਚ ਹੋ ਜਾਂਦੇ ਹਨ।”
ਡਾ. ਮਾਦੇਗੌਡਾ ਕਹਿੰਦੇ ਹਨ ਕਿ ਸਰਕਾਰ ਅਰੁਣ ਵਰਗੇ ਲੋਕਾਂ ਲਈ ਬੜਾ ਘੱਟ ਸੋਚਦੀ ਹੈ। “ਜੇ ਕਿਸੇ ਨੂੰ ਬਾਘ ਮਾਰ ਦੇਵੇ ਜਾਂ ਹਾਥੀ ਹਮਲਾ ਕਰ ਦੇਵੇ ਤਾਂ ਲਗਭਗ 20 ਲੱਖ ਰੁਪਏ ਤੱਕ ਦਾ ਮੁਆਵਜ਼ਾ ਮਿਲ਼ਦਾ ਹੈ। ਲਾਰਜ ਏਰੀਆ ਮਲਟੀਪਰਪਜ ਸੋਸਾਇਟੀਜ਼ ਵੀ ਗੰਭੀਰ ਹਾਦਸਿਆਂ ਅਤੇ ਸਿਹਤ ਸਬੰਧੀ ਸਮੱਸਿਆਵਾਂ ਲਈ ਬੀਮਾ ਯੋਜਨਾਵਾਂ ਦਿੰਦੀ ਹਨ। ਪਰ ਜੇ ਸ਼ਹਿਦ ਇਕੱਠਾ ਕਰਦੇ ਸਮੇਂ ਕੋਈ ਰੁੱਖ ਤੋਂ ਡਿੱਗ ਜਾਵੇ ਤਾਂ ਨਾ ਬੀਮਾ ਮਿਲ਼ਦਾ ਹੈ, ਨਾ ਮੁਆਵਜ਼ਾ।” ਬਿਲਿਗਿਰੀ ਰੰਗਨ ਦੀਆਂ ਪਹਾੜੀਆਂ ਤੋਂ ਲੈ ਕੇ ਦੇਸ਼ ਭਰ ਦੇ ਉਹ ਸਾਰੇ ਆਦਿਵਾਸੀ ਭਾਈਚਾਰਿਆਂ ਨੂੰ ਅਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਆਪਣੀ ਰੋਜ਼ੀ-ਰੋਟੀ ਲਈ ਜੰਗਲਾਂ 'ਤੇ ਨਿਰਭਰ ਹਨ। “ਅਰੁਣ ਤੋਂ ਪਹਿਲਾਂ ਕੇਰੇਡਿੰਬ ਪੋਡੂ ਦਾ ਇੱਕ ਮੁੰਡਾ ਵੀ ਰੁੱਖ ਤੋਂ ਡਿੱਗ ਗਿਆ ਸੀ ਅਤੇ ਉਸਦੀ ਲੱਤ ਨਾ ਰਹੀ।” ਸਹਿਕਾਰੀ ਸਮਿਤੀ ਕਈ ਵਾਰ 2000 ਤੋਂ 3000 ਰੁਪਏ ਤੱਕ ਦੀ ਸਹਾਇਤਾ ਦਿੰਦੀ ਹੈ, ਪਰ ਇੰਨੇ ਪੈਸਿਆਂ ਵਿੱਚ ਗੁਜ਼ਾਰਾ ਕਰਨਾ ਸੰਭਵ ਨਹੀਂ ਹੁੰਦਾ।

Pratishtha Pandya
ਉਨ੍ਹਾਂ ਦੇ ਪਿਤਾ ਕਹਿੰਦੇ ਹਨ,“ਡਾਕਟਰ ਅਰੁਣ ਦੀ ਸਮੱਸਿਆ ਨੂੰ ਸਿਰਫ਼ ਅੰਸ਼ਿਕ ਰੂਪ ਵਿੱਚ ਹੀ ਠੀਕ ਕਰ ਸਕੇ। ਕੇ. ਆਰ. ਹਸਪਤਾਲ ਦੇ ਡਾਕਟਰਾਂ ਨੇ ਕਿਹਾ ਹੈ ਕਿ ਉਸਨੂੰ ਵੱਡੇ ਹਸਪਤਾਲ ਵਿੱਚ ਇਲਾਜ ਦੀ ਲੋੜ ਹੈ। ਪਰ ਸਾਡੇ ਕੋਲ਼ ਪੈਸੇ ਨਹੀਂ ਹਨ। ਹੁਣ ਵੀਟੀਐੱਚਸੀ ਦਾ ਇੱਕ ਡਾਕਟਰ ਹਰ ਤਿੰਨ ਮਹੀਨੇ 'ਚ ਆ ਕੇ ਬਿਨਾ ਪੈਸੇ ਲਏ ਉਸਦਾ ਕੈਥੇਟਰ ਬਦਲ ਦਿੰਦਾ ਹੈ। ਜਦੋਂ ਗੰਭੀਰ ਰੁਕਾਵਟ ਹੋ ਜਾਂਦੀ ਹੈ ਤਾਂ ਸਾਨੂੰ ਚਾਮਰਾਜਨਗਰ ਜਾਣਾ ਪੈਂਦਾ ਹੈ।”
ਅਰੁਣ ਦੇ ਰੋਜ਼ਮੱਰਾ ਦੇ ਜੀਵਨ ਦੀ ਲੈਅ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ।
ਅਰੁਣ ਕਹਿੰਦੇ ਹਨ,“ਮੈਂ ਸਵੇਰ ਤੋਂ ਇੱਥੇ ਹੀ ਬੈਠਾ ਰਹਿੰਦਾ ਹਾਂ। ਕਈ ਵਾਰ ਆਪਣੀ ਕੁਰਸੀ ਮੁੱਖ ਦਰਵਾਜੇ ਤੱਕ ਧੂਹ ਲਿਆਉਂਦਾ ਹਾਂ ਜਾਂ ਕੁਝ ਸਮਾਂ ਧੁੱਪੇ ਬਹਿੰਦਾ ਹਾਂ। ਫਿਰ ਵਾਪਸ ਕਮਰੇ ਵਿੱਚ ਆ ਜਾਂਦਾ ਹਾਂ। ਪਹਿਲਾਂ ਸਾਰੇ ਜਣੇ ਇੱਕੋ ਘਰ ਵਿੱਚ ਹੀ ਰਹਿੰਦੇ ਸਾਂ ਪਰ ਇਸ ਸੱਟ ਤੋਂ ਬਾਅਦ ਸਭ ਬਦਲ ਗਿਆ। ਮੈਂ ਮੋਬਾਈਲ 'ਤੇ ਕੁਝ ਨਾ ਕੁਝ ਦੇਖਦਾ ਰਹਿੰਦਾ ਹਾਂ। ਇਹ ਕਮਰਾ ਪਹਿਲਾਂ ਤੋਂ ਹੀ ਬਣਿਆ ਹੋਇਆ ਸੀ। ਮੈਂ ਸੋਚਿਆ ਸੀ ਕਿ ਇੱਥੇ ਰਹਾਂਗਾ ਤਾਂ ਆਉਣਾ-ਜਾਣਾ ਆਸਾਨ ਹੋਵੇਗਾ। ਪਰ ਸਹਾਰਾ ਦੇਣ ਵਾਲ਼ਾ ਕੋਈ ਨਹੀਂ ਹੈ। ਮੈਨੂੰ ਆਪਣੀ ਹਾਲਤ ਤੋਂ ਡਰ ਆਉਂਦਾ ਹੈ।”
ਅਰੁਣ ਕਹਿੰਦੇ ਹਨ,“ਮੇਰੀ ਪਤਨੀ ਵੀ ਮੈਨੂੰ ਛੱਡ ਕੇ ਚੱਲ ਗਈ। ਉਹ ਮੇਰੀ ਪੂਰੀ ਦੇਖਭਾਲ਼ ਕਰਦੀ ਸੀ। ਪਰ ਜਦੋਂ ਮੇਰੀ ਹਾਲਤ ਵਿੱਚ ਸੁਧਾਰ ਨਾ ਆਇਆ ਤਾਂ ਉਹ ਚਲੀ ਗਈ। ਇੱਕ ਵਾਰ ਉਸਨੇ ਫੋਨ ਕਰਕੇ ਕਿਹਾ ਸੀ ਕਿ ‘ਜਦੋਂ ਤੂੰ ਠੀਕ ਹੋ ਜਾਵੇਂਗਾ, ਮੈਂ ਵਾਪਸ ਆ ਜਾਵਾਂਗੀ।’ ਉਸਨੂੰ ਗਏ ਤਿੰਨ ਮਹੀਨੇ ਹੋ ਚੁੱਕੇ ਹਨ।” ਇੰਨਾ ਕਹਿੰਦੇ ਵੇਲ਼ੇ ਉਹਦੀ ਅਵਾਜ਼ ਵੀ ਉਹਦੀ ਦੇਹ ਵਾਂਗ ਕਮਜ਼ੋਰ ਜਾਪਦੀ ਹੈ।

M. Palani Kumar

M. Palani Kumar
ਅਰੁਣ ਦੀ ਮਾਂ ਕਹਿੰਦੀ ਹੈ,“ਮੈਂ ਉਸਨੂੰ ਨਾਸ਼ਤਾ ਅਤੇ ਖਾਣਾ ਦਿੰਦੀ ਹਾਂ। ਮੈਂ ਹੀ ਉਸਨੂੰ ਨਹਿਲਾਉਂਦੀ ਵੀ ਹਾਂ। ਜੇ ਉਸਨੂੰ ਸ਼ੌਚ ਜਾਣਾ ਹੋਵੇ ਤਾਂ ਉਸਦੇ ਪਿਤਾ ਸੰਭਾਲ਼ਦੇ ਹਨ।” ਕਮਰੇ ਵਿੱਚ ਵੱਡਿਆਂ ਲਈ ਵਰਤੇ ਜਾਣ ਵਾਲ਼ੇ ਡਾਇਪਰ ਦਾ ਇੱਕ ਪੈਕੇਟ ਟੰਗਿਆ ਦਿੱਸਦਾ ਹੈ। ਉਨ੍ਹਾਂ ਦੇ ਪਿਤਾ ਕਹਿੰਦੇ ਹਨ,“ਇਸੇ 'ਤੇ ਹਰ ਮਹੀਨੇ ਲਗਭਗ 1500 ਰੁਪਏ ਖਰਚ ਹੋ ਜਾਂਦੇ ਹਨ।”
“ਉਸ ਦੀਆਂ ਭੈਣਾਂ ਹਰ ਰੋਜ਼ 5-10 ਮਿੰਟ ਉਸ ਨਾਲ਼ ਗੱਲ ਕਰ ਲੈਂਦੀਆਂ ਹਨ, ਉਨ੍ਹਾਂ ਨੂੰ ਕਾਲਜ ਦਾ ਕੰਮ ਵੀ ਰਹਿੰਦਾ ਹੈ।” ਉਨ੍ਹਾਂ ਦੀ ਮਾਂ ਥੋੜ੍ਹੀ ਦੇਰ ਰੁੱਕ ਕੇ ਕਹਿੰਦੀ ਹੈ,“ਅਸੀਂ ਬੱਸ ਇਹੀ ਚਾਹੁੰਦੇ ਹਾਂ ਕਿ ਉਹ ਥੋੜ੍ਹਾ ਘੁੰਮ-ਫਿਰ ਸਕੇ ਅਤੇ ਆਪਣਾ ਕੰਮ ਖ਼ੁਦ ਕਰ ਸਕੇ।”
ਉਨ੍ਹਾਂ ਦੇ ਪਿਤਾ ਕਾਹਲੀ ਦੇਣੀ ਕਹਿੰਦੇ ਹਨ,''ਇਸੇ ਲਈ ਉਨ੍ਹਾਂ ਦਾ ਵੱਡੇ ਹਸਪਤਾਲ ਵਿੱਚ ਇਲਾਜ ਜ਼ਰੂਰੀ ਹੈ।''
ਉਹ ਕੁਝ ਕਠੋਰ ਸੁਰ ਵਿੱਚ ਕਹਿੰਦੀ ਹੈ,“ਹੁਣ ਮੈਂ ਉਸਨੂੰ ਮੁੜ ਹਸਪਤਾਲ ਦਾਖ਼ਲ ਨਹੀਂ ਕਰਵਾਊਂਗੀ। ਪਿਛਲੀ ਵਾਰੀਂ ਵੀ ਕੁਝ ਨਹੀਂ ਬਦਲਿਆ। ਮੈਂ ਫਿਰ ਤੋਂ ਉਹੀ ਸਭ ਕੁਝ ਕਰਨ ਲਈ ਤਿਆਰ ਨਹੀਂ ਹਾਂ।”
ਗੌੜਾ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ,''ਮੇਰੀ ਪਤਨੀ ਨੂੰ ਹਸਪਤਾਲ ਪਸੰਦ ਨਹੀਂ, ਇਸੇ ਲਈ ਉਹ...''

M. Palani Kumar

M. Palani Kumar
ਮਸਨੰਮਾ ਉਨ੍ਹਾਂ ਦੀ ਗੱਲ ਟੋਕਦਿਆਂ ਕਹਿੰਦੀ ਹੈ,“ਉੱਥੇ ਉਸਦੀ ਦੇਖਭਾਲ਼ ਕੌਣ ਕਰੇਗਾ? ਕੋਈ ਨਹੀਂ। ਜੇ ਅਸੀਂ ਉੱਥੇ ਜਾਈਏ ਤਾਂ ਮਗਰੋਂ ਕੰਮ ਦੇਖਣ ਵਾਲ਼ਾ ਵੀ ਕੋਈ ਨਹੀਂ ਰਹੇਗਾ। ਅਸੀਂ ਇਓਂ ਨਹੀਂ ਕਰ ਸਕਦੇ। ਸਾਡੇ ਲਈ ਇਹ ਬੜਾ ਮੁਸ਼ਕਲ ਵੀ ਹੈ।” ਇੰਨਾ ਕਹਿ ਕੇ ਉਹ ਅਚਾਨਕ ਉੱਠਦੀ ਹੈ ਅਤੇ ਬਾਗ਼ ਦੇ ਕੰਮ ਕਰਨ ਲੱਗਦੀ ਹੈ। ਸ਼ਾਇਦ ਉਨ੍ਹਾਂ ਦਾ ਕੰਮ ਹੀ ਉਨ੍ਹਾਂ ਦੇ ਦੁੱਖ ਤੋਂ ਥੋੜ੍ਹੀ ਰਾਹਤ ਦਿੰਦਾ ਹੈ।
ਅਰੁਣ ਕਦੇ ਵੀ ਕੰਮ ਨਹੀਂ ਕਰ ਸਕਦਾ। ਉਨ੍ਹਾਂ ਨੂੰ ਉਡੀਕ ਕਰਨੀ ਪੈਂਦੀ ਹੈ ਕਿ ਕੋਈ ਉਨ੍ਹਾਂ ਦੀ ਮਦਦ ਕਰੇ। ਸਮਾਂ ਲੰਘਣ ਦੀ ਉਡੀਕ ਕਰਨੀ ਪੈਂਦੀ ਹੈ।

M. Palani Kumar

M. Palani Kumar

M. Palani Kumar
ਮਾਰਚ ਆਉਂਦਿਆਂ ਹੀ ਜਾਮਣ ਦੇ ਰੁੱਖਾਂ 'ਤੇ ਫਿਰ ਫੁੱਲ ਖਿੜ੍ਹਨਗੇ। ਭਾਰਤੀ ਚੱਟਾਨੀ ਮਧੁਮੱਖੀਆਂ (ਏਪੀਸ ਡੋਰਸੋਟਾ) ਆਪਣੇ ਫਿੱਕੇ ਪੀਲ਼ੇ ਖ਼ੁਸ਼ਬੂਦਾਰ ਫੁੱਲਾਂ ਦੇ ਰਸ ਦੀ ਭਾਲ਼ ਵਿੱਚ ਇਨ੍ਹਾਂ ਪਹਾੜੀਆਂ 'ਤੇ ਵਾਪਸ ਆਉਂਦੀਆਂ ਹਨ, ਜੋ ਰੁੱਤਾਂ ਦੇ ਹਿਸਾਬ ਨਾਲ਼ ਆਪਣੇ ਪ੍ਰਵਾਸ ਦੀ ਥਾਂ ਬਦਲਦੀ ਰਹਿੰਦੀਆਂ ਹਨ। ਬੀ.ਆਰ. ਹਿੱਲਸ ਦੇ ਜੰਗਲਾਂ ਵਿੱਚ ਸ਼ਹਿਦ ਇਕੱਠਾ ਕਰਨ ਦਾ ਇੱਕ ਹੋਰ ਸੀਜ਼ਨ ਸ਼ੁਰੂ ਹੋਵੇਗਾ। ਅਰੁਣ ਦੇ ਨੌਜਵਾਨ ਦੋਸਤ ਫਿਰ ਉੱਚੇ ਰੁੱਖਾਂ ਨੂੰ ਸਰ ਕਰਨਗੇ ਅਤੇ ਜੰਗਲ ਵਿੱਚ ਇੱਕ ਵਾਰ ਫਿਰ ''ਜੇਨੁ ਕੁਇਆ ਹਾਡੁ' ਦੀ ਗੂੰਜ ਸੁਣਾਈ ਦੇਵੇਗੀ:
ਸੱਦੋ, ਉਹਨੂੰ ਸੱਦੋ, ਓ ਸੱਦਣ ਵਾਲ਼ਿਓ...
ਉਸ ਸੰਘਣੇ ਜੰਗਲ ਦੇ ਰਾਹੀ ਨੂੰ ਸੱਦੋ...
ਛੱਤਿਆਂ ਵਿੱਚ ਸ਼ਹਿਦ ਭਰਿਆ ਏ...
ਛੱਤਿਆਂ ਵਿੱਚ ਸ਼ਹਿਦ ਭਰਿਆ ਏ...
ਛੱਤਿਆਂ ਦਾ ਉਹ ਸ਼ਹਿਦ ਆ ਸੰਘਣਾ...
ਛੱਤਿਆਂ ਦਾ ਉਹ ਸ਼ਹਿਦ ਆ ਸੰਘਣਾ...
ਸੱਦੋ, ਉਹਨੂੰ ਸੱਦੋ, ਓ ਸੱਦਣ ਵਾਲ਼ਿਓ...
ਉਦੋਂ ਵੀ ਅਰੁਣ ਇਹ ਗੀਤ ਨਹੀਂ ਸਨ ਜਾਣਦੇ ਤੇ ਹੁਣ ਤਾਂ ਕਦੇ ਗਾ ਹੀ ਨਹੀਂ ਪਾਉਣਗੇ...

M. Palani Kumar

M. Palani Kumar

M. Palani Kumar

M. Palani Kumar
ਲੇਖਿਕਾ ਇਸ ਕਹਾਣੀ ਨੂੰ ਲਿਖਣ ਵਿੱਚ ਮਦਦ ਕਰਨ ਲਈ ਅਰੁਣ ਅਤੇ ਉਨ੍ਹਾਂ ਦੇ ਪਰਿਵਾਰ ਦਾ ਧੰਨਵਾਦ ਕਰਦੀ ਹੈ। ਇਸ ਦੇ ਨਾਲ਼ ਹੀ ਡਾ. ਤਾਨਿਆ ਸ਼ੇਸ਼ਾਦ੍ਰੀ, ਡਾ. ਸੰਗੀਤਾ ਵੀ., ਸੋਲਿਗਾ ਭਾਈਚਾਰੇ ਦੇ ਕਾਰਕੁੰਨ ਕਰਨ ਕੇਤੇਗੌਡਾ, ਵਿਵੇਕਾਨੰਦ ਗਿਰਿਜਨ ਕਲਿਆਣ ਕੇਂਦਰ ਬੀ.ਆਰ. ਹਿਲਸ ਅਤੇ ਇੰਸਟਿਊਟ ਆਫ਼ ਪਬਲਿਕ ਹੈਲਥ ਬੈਂਗਲੁਰੂ ਦੀ ਮਹਾਦੇਵੰਮਾ ਕੁੰਬੇਗੌਡਾ ਅਤੇ ਡਾ. ਪ੍ਰਥਮੇਸ਼ ਦਾ ਵੀ ਸ਼ੁਕਰੀਆ ਅਦਾ ਕਰਦੀ ਹੈ। ਨਾਲ਼ ਹੀ ਕਹਾਣੀ ਲਿਖਣ ਦੌਰਾਨ ਅਨੁਵਾਦ ਵਿੱਚ ਮਦਦ ਕਰਨ ਲਈ ਡਾ. ਸ਼ੋਭਨਾ ਕਿਰਣ, ਸ਼ੰਕਰ ਕੇਂਚਨੂਰ ਅਤੇ ਦੀਪਾ ਦਾ ਵੀ ਧੰਨਵਾਦ ਕਰਦੀ ਹੈ।
ਤਰਜਮਾ: ਕਮਲਜੀਤ ਕੌਰ
Want to republish this article? Please write to [email protected] with a cc to [email protected]
Donate to PARI
All donors will be entitled to tax exemptions under Section-80G of the Income Tax Act. Please double check your email address before submitting.
PARI - People's Archive of Rural India
ruralindiaonline.org
https://ruralindiaonline.org/articles/the-broken-winged-bird-of-br-hills-pa

