ਸੀਤਾ ਸਸਾਣੇ ਦੀ ਦੁਪਹਿਰ ਦੀ ਰੋਟੀ ਉਦੋਂ ਇੱਕ ਡਰਾਉਣੇ ਸੁਪਨੇ ਵਿੱਚ ਤਬਦੀਲ ਹੋ ਗਈ ਜਦ ਉਹਨਾਂ ਨੇ ਆਪਣੇ ਪਤੀ ਵੱਲ ਨਿਗਾਹ ਮਾਰੀ।
ਉਹਨਾਂ ਦੀ ਅੱਖਾਂ ਸਾਹਮਣੇ ਹੀ ਉਹਨਾਂ ਦੇ ਪਤੀ ਕੇਸ਼ਵ ਦਾ ਚਿਹਰਾ ਇੱਕ ਪਾਸੇ ਵੱਲ ਵਿੰਗਾ ਹੋਣ ਲੱਗਾ। ਉਹ ਫ਼ਟਾਫ਼ਟ ਉਹਨਾਂ ਕੋਲ਼ ਪਹੁੰਚੇ ਅਤੇ ਦੇਖਿਆ ਕਿ ਉਹਨਾਂ ਦਾ ਪਿਸ਼ਾਬ ਨਿਕਲ਼ ਗਿਆ ਸੀ।
“ਮੈਂ ਉਹਨਾਂ ਦਾ ਨਾਮ ਲੈ ਕੇ ਆਵਾਜ਼ ਮਾਰੀ ਪਰ ਉਹ ਬੋਲੇ ਨਹੀਂ,” ਵਰ੍ਹਿਆਂ ਪਿੱਛੋਂ ਸੀਤਾ ਚੇਤੇ ਕਰਦੇ ਹਨ। ਅਸੀਂ ਮਹਾਰਾਸ਼ਟਰ ਦੇ ਬੀੜ ਜਿਲ੍ਹੇ ਦੇ ਅਹਿਰਵਾਹੇਗਾਓਂ ਪਿੰਡ ਵਿੱਚ ਉਹਨਾਂ ਦੀ ਇੱਕ ਕਮਰੇ ਵਾਲ਼ੀ ਝੌਂਪੜੀ ਵਿੱਚ ਬੈਠੇ ਹੋਏ ਹਾਂ।
ਇਸ ਜੋੜੇ ਦੀ ਸਾਰੀ ਸਵੇਰ ਗੰਨੇ ਦੀ ਕਟਾਈ ਕਰ ਕੇ ਟ੍ਰੈਕਟਰ ਵਿੱਚ ਲੱਦਣ ਵਿੱਚ ਬਤੀਤ ਹੋਈ ਜੋ ਕੋਲ੍ਹਾਪੁਰ ਦੀ ਇੱਕ ਖੰਡ ਮਿੱਲ ਨੂੰ ਚੱਲਿਆ ਸੀ। ਉਹਨਾਂ ਦੇ ਦੋਵੇਂ ਪੁੱਤਰ ਵੀ ਪੱਛਮੀ ਮਹਾਰਸ਼ਟਰ ਦੇ ਇਹਨਾਂ ਖੇਤਾਂ ਵਿੱਚ ਨਾਲ਼ ਹੀ ਕੰਮ ਕਰਦੇ ਹਨ।
ਦੁਪਹਿਰ ਦੇ ਖਾਣੇ ਦੀ ਅੱਧੇ ਘੰਟੇ ਦੀ ਛੁੱਟੀ ਨੂੰ ਛੱਡ ਦਈਏ ਤਾਂ ਪਹੁ-ਫ਼ੁਟਾਲੇ ‘ਤੇ ਸ਼ੁਰੂ ਹੋਈ ਹੱਡ-ਭੰਨ੍ਹਵੀਂ ਮਿਹਨਤ ਸੀ ਜੋ ਸੂਰਜ ਢਲਣ ਤੱਕ ਬੇਰੋਕ ਚੱਲਦੀ ਹੀ ਰਹੀ। 45 ਸਾਲਾ ਸੀਤਾ ਨੇ ਖੇਤਾਂ ਵਿੱਚ ਚਾਦਰ ਵਿਛਾ ਕੇ ਸਵੇਰੇ ਆਪਣੀ ਆਰਜ਼ੀ ਜਿਹੀ ਝੌਂਪੜੀ ਵਿੱਚ ਫ਼ਟਾਫ਼ਟ ਬਣਾਇਆ ਹੋਇਆ ਖਾਣਾ ਕੱਢਿਆ। ਉਹਨੇ ਚਾਰ ਪਲੇਟਾਂ ਵਿੱਚ ਖਾਣਾ ਪਾ ਕੇ, ਪਹਿਲੀ ਪਲੇਟ ਆਪਣੇ ਪਤੀ, 55 ਸਾਲਾ ਕੇਸ਼ਵ ਵੱਲ ਵਧਾਈ,ਜੋ ਆਪਣੀ ਹੀ ਦੁਨੀਆਂ ਵਿੱਚ ਗੁਆਚੇ ਹੋਏ ਸਨ। ਅਤੇ ਫ਼ਿਰ ਉਹਨਾਂ ਦੇ ਚਿਹਰੇ ਦੇ ਹਾਵ-ਭਾਵ ਬਦਲ ਗਏ।
“ਮੈਂ ਘਬਰਾ ਗਈ ਅਤੇ ਤੁਰੰਤ ਉਹਨਾਂ ਨੂੰ ਨੇੜੇ ਡਿਸਪੈਂਸਰੀ ਵਿੱਚ ਲੈ ਗਈ,” ਸੀਤਾ ਅਕਤੂਬਰ 2023 ਦੀ ਉਸ ਡਰਾਉਣੀ ਦੁਪਹਿਰ ਨੂੰ ਯਾਦ ਕਰਦਿਆਂ ਕਹਿੰਦੇ ਹਨ।
ਡਾਕਟਰ ਨੇ ਫ਼ੌਰਨ ਮਰਜ਼ ਦੀ ਪਹਿਚਾਣ ਕਰ ਲਈ: ਅਧਰੰਗ ਦਾ ਦੌਰਾ। ਕੇਸ਼ਵ ਨੂੰ ਜਲਦ ਹੀ ਹਸਪਤਾਲ ਵਿੱਚ ਭਰਤੀ ਕਰਨਾ ਪੈਣਾ ਸੀ।
ਲੱਖ ਚਾਹੁੰਦੇ ਹੋਏ ਵੀ ਉਹ ਜਾ ਨਾ ਸਕੇ। ਗ਼ਰੀਬੀ ਦੀ ਮਾਰ ਝੱਲਦੇ ਹਰ ਪ੍ਰਵਾਸੀ ਮਜ਼ਦੂਰ ਵਾਂਗ, ਇਸ ਪਰਿਵਾਰ ਨੇ 1.5 ਲੱਖ ਰੁਪਏ ਦੀ ਪੇਸ਼ਗੀ ਰਕਮ ਲਈ ਹੋਈ ਸੀ, ਜੋ ਛੇ ਮਹੀਨੇ ਦੌਰਾਨ ਉਨ੍ਹਾਂ ਵੱਲੋਂ ਕਟਾਈ ਕੀਤੇ ਗੰਨੇ ਦੇ ਵਜ਼ਨ ਦੇ ਹਿਸਾਬ ਨਾਲ ਮਜ਼ਦੂਰੀ ਵਿੱਚੋਂ ਕੱਟੀ ਜਾਣੀ ਸੀ।
“ਸਾਡੇ ਠੇਕੇਦਾਰ ਨੇ ਸਾਨੂੰ ਜਾਣ ਨਾ ਦਿੱਤਾ,” ਦਲਿਤ ਪਰਿਵਾਰ ਨਾਲ਼ ਸਬੰਧ ਰੱਖਣ ਵਾਲ਼ੀ ਸੀਤਾ ਦਾ ਕਹਿਣਾ ਹੈ। ਉਹਨਾਂ ਨੇ ਠੇਕੇਦਾਰ ਨਾਲ਼ ਬਹਿਸ ਵੀ ਕੀਤੀ, ਅਤੇ ਰਹਿਮ ਕਰਨ ਲਈ ਮਿੰਨਤਾਂ ਤਰਲੇ ਵੀ ਕੀਤੇ ਪਰ ਉਹ ਟਸ ਤੋਂ ਮਸ ਨਾ ਹੋਇਆ। ਉਹਨਾਂ ਦੇ ਦੋ ਪੁੱਤਰਾਂ, 23 ਸਾਲਾ ਸੌਰਭ ਅਤੇ 21 ਸਾਲਾ ਸੂਰਜ ਨੂੰ ਉਹਨਾਂ ਨਾਲ਼ ਕੰਮ ਕਰਨ ਲਈ ਮਜ਼ਬੂਰ ਕੀਤਾ ਗਿਆ, ਜਦ ਅਸਮਰੱਥ ਹੋਏ ਕੇਸ਼ਵ ਖੇਤਾਂ ਵਿੱਚ ਹੀ ਇੱਕ ਆਰਜ਼ੀ ਝੁੱਗੀ ਵਿੱਚ ਪਏ ਸਨ।












