“ਬਾਬਰ ਭਾਰਤ ਵਿੱਚ ਦੋ ਚੀਜ਼ਾਂ ਲੈ ਕੇ ਆਇਆ ਸੀ- ਬਾਰੂਦ ਅਤੇ ਬਾਕਰ-ਖਾਨੀ,” ਏਜਾਜ਼ ਹਸਨ ਦੱਸਦੇ ਹਨ। ਨਾਨ-ਬਾਈ ਜਾਂ ਬ੍ਰੈਡ ਬਨਾਉਣ ਵਾਲ਼ਿਆਂ ਦੀ ਤੀਜੀ ਪੀੜ੍ਹੀ ਤੋਂ ਆਉਂਦੇ ਏਜਾਜ਼, ਪਟਨਾ ਸ਼ਹਿਰ ਦੀ ਸਭ ਤੋਂ ਪੁਰਾਣੀਆਂ ਆਬਾਦੀਆਂ ਵਿੱਚੋਂ ਇੱਕ, ਲੋਦੀ ਕਟਰਾ ਵਿੱਚ ਆਪਣੀ ਰਿਹਾਇਸ਼ ਦੇ ਨਾਲ ਸਥਿਤ ਤੰਦੂਰ ਕੋਲ਼ ਬੈਠੇ ਹਨ। ਉਹ ਹੁਣੇ ਹੀ ਤੰਦੂਰ ਦੀ ਸਫ਼ਾਈ ਕਰ ਕੇ ਹਟੇ ਹਨ, ਅਤੇ ਉਸ ਵਿੱਚ ਮਿੱਟੀ ਅਤੇ ਪਾਣੀ ਦਾ ਘੋਲ ਲਗਾਇਆ ਹੈ ਜਿਸ ਨਾਲ਼ ਇਸ ਨੂੰ ਠੰਡਾ ਕਰਨ ਵਿੱਚ ਸਹਾਇਤਾ ਮਿਲੇਗੀ।
ਮੁਗਲਈ ਰਸੋਈਆਂ ਦੀ ਖਸਤਾ, ਕੁਰਕੁਰੀ, ਪਰਤਦਾਰ ਅਤੇ ਮਿੱਠੀ ਰੋਟੀ ਬਾਕਰ-ਖਾਨੀ ਦੇ ਮੂਲ ਨਾਲ਼ ਸਬੰਧਿਤ ਜਿੰਨੇ ਵੀ ਕਿੱਸੇ ਹਨ ਉਹਨਾਂ ਵਿੱਚੋਂ ਏਜਾਜ਼ ਹਸਨ ਦੇ ਦਿਲ ਦੇ ਕਰੀਬ ਉਹ ਕਿੱਸਾ ਹੈ ਜੋ ਉਹਨਾਂ ਨੇ ਇੱਕ ਵਾਰ ਆਪਣੇ ਦਾਦੇ, ਹਾਫਿਜ਼ ਅਮੀਰ ਹਸਨ ਕੋਲੋਂ ਸੁਣਿਆ ਸੀ, ਜੋ ਆਪ ਇੱਕ ਉਸਤਾਦ ਨਾਨ-ਬਾਈ ਸਨ। “ਬੰਗਾਲ ਅਤੇ ਪੂਰਬੀ ਉੱਤਰ ਪ੍ਰਦੇਸ਼ ਵਿੱਚ ਬਾਕਰ-ਖਾਨੀ ਦੀਆਂ ਕਈ ਕਿਸਮਾਂ ਮਿਲ਼ ਜਾਂਦੀਆਂ ਹਨ, ਪਰ ਪਟਨਾ ਵਿੱਚ ਮਿਲ਼ਣ ਵਾਲ਼ੀ ਸਭ ਤੋਂ ਵਿਲੱਖਣ ਹੈ, ਅਤੇ ਇਸ ਨੂੰ ਅਕਸਰ ਸ਼ਾਹੀ ਜਾਂ ਮੁਗਲਈ ਬਾਕਰ-ਖਾਨੀ ਕਿਹਾ ਜਾਂਦਾ ਹੈ,” ਏਜਾਜ਼ ਬੜੇ ਧੀਰਜ ਨਾਲ਼ ਆਪਣੇ ਸਹਾਇਕ ਇਮਤਿਆਜ਼ ਦਾ ਸਵੇਰ ਵਾਲ਼ੀ ਚਾਹ ਦੁਬਾਰਾ ਗਰਮ ਕਰਨ ਦਾ ਇੰਤਜ਼ਾਰ ਕਰ ਰਹੇ ਹਨ।
ਪਿਛਲੇ ਚਾਰ ਤੋਂ ਪੰਜ ਦਹਾਕਿਆਂ ਤੋਂ ਚਾਸ਼ਨੀ ਵਿੱਚ ਡੁੱਬੋਈਆਂ ਛੋਟੀਆਂ ਰੋਟੀਆਂ ਕਾਫ਼ੀ ਪ੍ਰਚਲਨ ਵਿੱਚ ਰਹੀਆਂ ਹਨ ਜੋ ਕਿ ਅਸਲ ਦੀ ਨਕਲ ਹਨ ਅਤੇ ਸਸਤੇ ਮੁੱਲ ‘ਤੇ ਮਿਲ਼ ਜਾਂਦੀਆਂ ਹਨ, ਇਹ ਇੱਕ ਵਪਾਰ ਟੋਟਕਾ ਹੈ ਜਿਸ ਤੋਂ ਏਜਾਜ਼ ਜੀ ਨੂੰ ਬੜੀ ਚਿੜ ਹੈ। “ਅਬ ਤੋ ਹਰ ਦੂਸਰੀ ਰੋਟੀ ਬਾਕਰ-ਖਾਨੀ ਹੈ, ਔਰ ਹਰ ਦੂਸਰਾ ਆਦਮੀ ਨਾਨ-ਬਾਈ। ਪਟਨਾ ਮੇਂ ਆਪਕੋ 25-30 ਰੁਪਏ ਕੀ ਭੀ ਬਾਕਰ-ਖਾਨੀ ਮਿਲ਼ ਜਾਏਗੀ, ਮਗਰ ਨਾ ਆਪ ਕਾ ਦਿਲ ਭਰੇਗਾ ਨਾ ਸਾਲੋਂ ਸਾਲ ਕਾਮ ਸੀਖਨੇ ਵਾਲੋਂ ਕਾ ਪੇਟ [ਅੱਜ ਕੱਲ ਹਰ ਰੋਟੀ ਬਾਕਰ-ਖਾਨੀ ਹੈ ਅਤੇ ਹਰ ਦੂਜਾ ਬੰਦਾ ਨਾਨ-ਬਾਈ। ਪਟਨਾ ਵਿੱਚ ਬਾਕਰ-ਖਾਨੀ ਤੁਹਾਨੂੰ 25-30 ਰੁਪਈਆਂ ਦੀ ਵੀ ਮਿਲ਼ ਜਾਵੇਗੀ, ਪਰ ਇਸ ਨਾਲ਼ ਨਾ ਤਾਂ ਤੁਹਾਡਾ ਦਿਲ ਭਰੇਗਾ ਤੇ ਨਾ ਹੀ ਸਾਲਾਂ ਬੱਧੀ ਆਪਣਾ ਹੁਨਰ ਨਿਖਾਰਨ ਵਾਲ਼ਿਆਂ ਦਾ ਢਿੱਡ]।”
ਏਜਾਜ਼ ਜੀ ਅੱਗੇ ਦੱਸਦੇ ਹਨ ਕਿ ਇਹ ਸਸਤੀਆਂ ਨਕਲਾਂ ਨਾਨ-ਬਾਈਆਂ ਦੇ ਪੇਟ ‘ਤੇ ਲੱਤ ਮਾਰਨ ਦਾ ਕੰਮ ਕਰਦੀਆਂ ਹਨ ਅਤੇ ਉਹ ਇਹ ਵੀ ਦੱਸਦੇ ਹਨ ਕਿ ਇੱਕ ਦਿਨ ਵਿੱਚ ਇੱਕ ਤੰਦੂਰ ‘ਤੇ 50 ਤੋਂ ਵੱਧ ਬਾਕਰ-ਖਾਨੀਆਂ ਨਹੀਂ ਬਣ ਸਕਦੀਆਂ, ਭਾਵੇਂ ਚਾਰ ਜਣੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਕਰਦੇ ਰਹਿਣ।




























