ਹਾਈ ਫੈਸ਼ਨ, ਫਾਸਟ ਫੈਸ਼ਨ ਤੇ ਸੈਕਸ।
ਉੱਚ ਸ਼੍ਰੇਣੀ ਦੀ ਯਾਤਰਾ, ਕਿਫ਼ਾਇਤੀ ਯਾਤਰਾ ਤੇ ਬੇਅੰਤ ਯਾਤਰਾ!
ਮੀਮਸ, ਟ੍ਰੈਂਡਿੰਗ ਡਾਂਸ ਪੋਜ਼, ਮਜ਼ੇਦਾਰ ਕਈ ਵਾਰ ਵੰਨ-ਸੁਵੰਨੇ ਬਹੁਤੇ ਡਰਾਉਣੇ ਫਿਲਟਰ ਵੀ।
ਇਸ ਕਿਸਮ ਦੀ ਆਨਲਾਈਨ ਪਈ ਸਮੱਗਰੀ ਬਹੁਤ ਧਿਆਨ ਖਿੱਚਦੀ ਹੈ। ਪਾਰੀ ਕੋਲ਼ ਇਸ ਲਾਈਨ-ਅੱਪ ਵਿੱਚ ਪੇਸ਼ ਕਰਨ ਲਈ ਬਹੁਤਾ ਕੁਝ ਨਹੀਂ ਹੈ, ਫਿਰ ਵੀ ਅਸੀਂ ਸੋਸ਼ਲ ਮੀਡੀਆ ਦੀ ਦੁਨੀਆ ਵਿੱਚ ਦਰਸ਼ਕਾਂ ਦੀ ਇੱਕ ਨਿਸ਼ਚਤ ਮਾਤਰਾ ਨੂੰ ਆਕਰਸ਼ਿਤ ਕਰਨ ਅਤੇ ਬਣਾਈ ਰੱਖਣ ਵਿੱਚ ਕਾਮਯਾਬ ਰਹੇ ਹਾਂ। ਕਿਵੇਂ? ਇੱਕ ਬਹੁਤ ਹੀ ਸਧਾਰਣ ਪਰ ਲਗਭਗ ਅਣਵਰਤੇ ਤਰੀਕੇ ਨਾਲ: ਇੱਕ ਜਾਣਕਾਰੀ ਭਰਪੂਰ, ਸ਼ਕਤੀਸ਼ਾਲੀ ਬਿਰਤਾਂਤ ਬਣਾਉਣ ਦੀ ਯੋਗਤਾ ਸਦਕਾ।
ਇੱਥੇ ਸਾਲ ਦੇ ਅੰਤ ਵਿੱਚ ਇੱਕ ਨਜ਼ਰ ਮਾਰੀਏ ਕਿ ਪਾਰੀ ਦੀ ਪੇਂਡੂ ਪੱਤਰਕਾਰੀ ਨੇ ਵਿਭਿੰਨ ਦਰਸ਼ਕਾਂ ਨੂੰ ਕਿਵੇਂ ਪ੍ਰਭਾਵਤ ਕੀਤਾ ਹੈ। (ਇਹ ਛੋਟੀ ਜਿਹੀ ਕਲਿੱਪ ਵੀ ਦੇਖੋ)
ਬਾਂਸਵਾੜਾ ਦੀ ਅਸਥਾਈ 'ਸਭਾਪਤੀ' ਰਿਪੋਰਟ 'ਤੇ ਸਾਡੀ ਪੋਸਟ ਨੂੰ ਲੱਖਾਂ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਸਰਾਹਿਆ ਕੀਤਾ ਹੈ। ਨੀਲਾਂਜਨਾ ਨੰਦੀ ਦੀ ਇਹ ਰਿਪੋਰਟ ਰਾਜਸਥਾਨ ਵਿੱਚ ਔਰਤਾਂ ਦਾ ਪੁਰਸ਼ਾਂ ਜਾਂ ਬਜ਼ੁਰਗਾਂ ਸਾਹਮਣੇ ਕੁਰਸੀਆਂ 'ਤੇ ਬਹਿਣ ਜਾਂ ਉੱਚੀਆਂ ਥਾਵਾਂ 'ਤੇ ਬੈਠਣ ਦੀ ਅਸਵੀਕਾਰਯੋਗ ਪਰੰਪਰਾ ਨੂੰ ਉਜਾਗਰ ਕਰਦੀ ਹੈ। ਇਸ ਰੀਲ ਨੂੰ ਇੰਸਟਾਗ੍ਰਾਮ 'ਤੇ ਲਗਭਗ 700,000 ਵਾਰ ਦੇਖਿਆ ਜਾ ਚੁੱਕਾ ਹੈ ਅਤੇ ਹਜ਼ਾਰਾਂ ਟਿੱਪਣੀਆਂ ਮਿਲੀਆਂ ਹਨ ਉਨ੍ਹਾਂ ਔਰਤਾਂ ਦੀਆਂ, ਜਿਨ੍ਹਾਂ ਨੇ ਇਸੇ ਕਿਸਮ ਦੇ ਸਲੂਕ ਹੰਢਾਏ ਹਨ, ਕੁਝ ਮੰਨਦੀਆਂ ਹਨ ਕਿ ਇਹ ਛੋਟੀਆਂ-ਛੋਟੀਆਂ ਗੱਲਾਂ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਆਈਆਂ ਹਨ, ਜਦੋਂ ਕਿ ਹੋਰ ਔਰਤਾਂ ਲਈ ਇਹ ਯਕੀਨੋ-ਬਾਹਰੀ ਗੱਲ ਹੈ ਕਿ ਅਜਿਹਾ ਅਭਿਆਸ ਅਜੇ ਵੀ ਮੌਜੂਦ ਹੈ। ਮਲਿਕਾ ਕੁਮਾਰ ਦੀ ਟਿੱਪਣੀ ਕਿ "ਕੋਈ ਘੋਖਵੀਂ ਅੱਖ ਹੀ ਇਨ੍ਹਾਂ ਚੀਜ਼ਾਂ ਨੂੰ ਦੇਖ ਸਕਦੀ ਹੈ" ਸ਼ਾਇਦ ਪੱਤਰਕਾਰੀ ਲਈ ਇਹੀ ਸਭ ਤੋਂ ਵੱਡੀ ਪ੍ਰਸ਼ੰਸਾ ਹੈ ਜੋ ਆਮ ਲੋਕਾਂ ਦੇ ਰੋਜ਼ਮੱਰਾ ਦੇ ਜੀਵਨ-ਤਜ਼ਰਬਿਆਂ ਦੀਆਂ ਕਹਾਣੀਆਂ ਕਹਿੰਦੇ ਸਮੇਂ ਸਾਹਮਣੇ ਆਉਂਦੀ ਹੈ।








