ਅਸੀਂ ਹਾਂ ਨਵੇਂ ਸ਼ਹਿਰ ਦੀਆਂ ਕੁੜੀਆਂ, ਓ ਰਾਜਾ
ਇੰਨੀ ਬੇਬਾਕ ਚਾਲ ਏ ਤੇਰੀ ਕਿੱਥੇ ਚੱਲਿਆਂ ਤੂੰ?
ਅਸੀਂ ਸੱਤੋ ਭਰਾ ਆਂ ਕੁਆਰੇ
ਨੀ, ਇੰਨੀ ਮਟਕ-ਮਟਕ ਕੇ ਕਿੱਥੇ ਚੱਲੀਂ?
ਕਿਹੋ-ਜਿਹੀ ਕੁੜੀ ਤੈਨੂੰ ਪਸੰਦ ਏ, ਓ ਰਾਜਾ
ਇੰਨੀ ਬੇਬਾਕ ਚਾਲ ਏ ਤੇਰੀ ਕਿੱਥੇ ਚੱਲਿਆਂ ਤੂੰ?
ਸਾਂਵਲੀ ਸਲੋਨੀ ਸਾਨੂੰ ਚਾਹੀਦੀ ਏ,
ਓਏ, ਮਸਤ ਅਦਾ ਲਈ ਤੂੰ ਕਿੱਥੇ ਚੱਲੀਂ?
ਇਹ ਗੁਜਰਾਤੀ ਲੋਕਗੀਤ, ਜੋ ਵਿਆਹਾਂ ਵੇਲ਼ੇ ਗਾਇਆ ਜਾਂਦਾ ਸੀ, 1970ਵਿਆਂ ਦੀ ਗੁਜਰਾਤੀ ਫ਼ਿਲਮ ਸੋਨ ਕੰਸਾਰੀ ਕਾਰਨ ਬਹੁਤ ਲੋਕਪ੍ਰਿਯ ਹੋਇਆ। ਇਹ ਸੋਨ ਕੰਸਾਰੀ ਅਤੇ ਰਖਾਇਤ ਬਾਬਰਿਆ ਦੀ ਦੁੱਖ ਭਰੀ ਮਕਬੂਲ ਪ੍ਰੇਮ ਕਹਾਣੀ ਹੈ। ਇਸ ਗੀਤ ਨੂੰ ਦੇਖਣ 'ਤੇ ਇਹ ਮਹਿਲਾ ਅਤੇ ਪੁਰਸ਼ ਨ੍ਰਿਤਕਾਂ ਵਿਚਾਲ਼ੇ ਸਵਾਲਾਂ ਅਤੇ ਉਹਨਾਂ ਦੇ ਜਵਾਬਾਂ ਦੀ ਲੜੀ ਪ੍ਰਤੀਤ ਹੁੰਦੀ ਹੈ ਜੋ ਸੁੰਦਰਤਾ, ਆਕਰਸ਼ਣ ਅਤੇ ਵਿਆਹ ਨਾਲ਼ ਜੁੜੀਆਂ ਰਵਾਇਤੀ ਧਾਰਨਵਾਂ ਨੂੰ ਦਰਸਾਉਂਦੀ ਹੈ। ਇਹ ਲੋਕਗੀਤ, ਆਪਣੇ ਸਟਾਈਲ ਅਨੁਸਾਰ, ਨਿਰਧਾਰਤ ਲਿੰਗ ਭੂਮਿਕਾਵਾਂ ਨੂੰ ਉਲਟ ਦਿੰਦਾ ਹੈ, ਜਿੱਥੇ ਜਾਗਰੂਕ ਪੇਂਡੂ ਔਰਤਾਂ ਆਪਣੇ ਹੱਕਾਂ ਦੀ ਮੰਗ ਕਰਦਿਆਂ ਆਪਣੇ ਆਪ ਨੂੰ ਦ੍ਰਿੜਤਾ ਨਾਲ਼ ਪ੍ਰਗਟ ਕਰਦੀਆਂ ਹਨ। ਉਹ ਇੱਜ਼ਤ ਅਤੇ ਮਰਿਆਦਾ ਨਾਲ਼ ਜਿਊਣ, ਸੰਪੱਤੀ ਅਤੇ ਜ਼ਮੀਨੀ ਹੱਕ ਪ੍ਰਾਪਤ ਕਰਨ ਅਤੇ ਆਪਣੀ ਭੌਤਿਕ ਵਿਰਾਸਤ 'ਤੇ ਦਾਅਵਾ ਕਰਨ ਦੀ ਗੱਲ ਕਰਦੀਆਂ ਹਨ, ਨਾਲ਼ ਹੀ ਸੱਭਿਆਚਾਰਕ ਰਿਵਾਜ਼ਾਂ ਨੂੰ ਆਪਣੇ ਹੱਥ ਵਿੱਚ ਲੈਂਦੀਆਂ ਹਨ।
ਦੁਨੀਆ ਦੇ ਇਤਿਹਾਸ ਵਿੱਚ ਅਸੀਂ ਵੇਖਿਆ ਹੈ ਕਿ ਬਗ਼ਾਵਤ ਨਾਲ਼ ਸਬੰਧਤ ਗੀਤਾਂ ਨੇ ਦਬੇ-ਕੁਚਲੇ ਲੋਕਾਂ ਦੀ ਅਜ਼ਾਦੀ ਦੀ ਲੜਾਈ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਨਖਤਰਾਣਾ ਜ਼ਿਲ੍ਹੇ ਦੀ ਨੰਦੂਬਾ ਜਡੇਜਾ ਨੇ ਹੋਰ ਔਰਤਾਂ ਦੇ ਨਾਲ਼ ਮਿਲ਼ ਕੇ ਇਸ ਗੀਤ ਨੂੰ ਪ੍ਰਭਾਵਸ਼ਾਲੀ ਢੰਗ ਨਾਲ਼ ਪੇਸ਼ ਕੀਤਾ ਅਤੇ ਇਸ ਨੇ ਲਗਭਗ 2017 ਦੇ ਆਸਪਾਸ ਕੱਛ ਔਰਤ ਵਿਕਾਸ ਸੰਗਠਨ ਨਾਲ਼ ਕੰਮ ਕਰ ਰਹੀਆਂ ਔਰਤਾਂ ਵਿੱਚ ਨਵੀਂ ਜਾਗਰੂਕਤਾ ਪੈਦਾ ਕੀਤੀ।


