...ਮੋਨਯੁਲ ਚੋਲੇ ਗਯਾਲ ਲੋ
ਮੋਨਯੁਲ ਚੋਲੇ ਗਯਾਲ ਲੋ
(...ਗਿਆਨੋਦਯ ਦੀ ਪਵਿੱਤਰ ਧਰਤੀ
ਦੀ ਜੈ ਹੋਵੇ)
ਇਹ ਸਕੂਲ ਦੀ ਪ੍ਰਾਰਥਨਾ ਸਭਾ ਦਾ ਅਖੀਰਲਾ ਗੀਤ ਹੈ, ਜੋ ਮੇਰੇ ਮਨ ਵਿੱਚ ਸਵਾਲ ਛੱਡ ਜਾਂਦਾ ਹੈ। ਸਿਰਫ਼ ਇਸ ਲਈ ਨਹੀਂ ਕਿ ਮੈਂ ਇਹ ਗੀਤ ਪਹਿਲਾਂ ਕਦੇ ਨਹੀਂ ਸੁਣਿਆ ਜਾਂ ਫਿਰ ਇਸਲਈ ਨਹੀਂ ਕਿ ਇਹ ਭਾਸ਼ਾ ਮੇਰੀ ਸਮਝ ਤੋਂ ਬਾਹਰ ਹੈ। ਸਵਾਲ ਇਸ ਲਈ ਵੀ ਪੈਦਾ ਹੋਇਆ ਕਿ ਹਿਮਾਲਿਆ ਦੀ ਇਸ ਘਾਟੀ ਵਿੱਚ ਸਥਾਨਕ ਲੋਕਾਂ ਦੁਆਰਾ ਬੋਲੀ ਜਾਣ ਵਾਲ਼ੀ ਭਾਸ਼ਾ ਇਸ ਜ਼ੁਬਾਨ ਤੋਂ ਕਾਫ਼ੀ ਵੱਖਰੀ ਸੁਣਾਈ ਦਿੰਦੀ ਹੈ। ਵੈਸਟ ਕਮੇਂਗ ਜ਼ਿਲ੍ਹੇ ਦੇ ਚੁਗ ਪਿੰਡ ਵਿੱਚ ਮੋਨਪਾ ਪਰਿਵਾਰਾਂ ਦੀਆਂ ਜ਼ਿੰਦਗੀਆਂ ਨੂੰ ਦਸਤਾਵੇਜ਼ ਕਰਦੇ ਹੋਏ ਮੈਨੂੰ ਕੁਝ ਸਮਾਂ ਹੋ ਗਿਆ ਹੈ।
ਜੁਲਾਈ ਦਾ ਮਹੀਨਾ ਖ਼ਤਮ ਹੋਣ ਵਾਲ਼ਾ ਹੈ ਅਤੇ ਵੀਰਵਾਰ ਦੀ ਸਵੇਰ ਦਾ ਸਮਾਂ ਹੈ। ਮੈਂ ਉਸ ਪਿੰਡ ਵਿੱਚ ਹਾਂ ਜਿਸਨੂੰ ਹਰ ਕੋਈ ਅਰੁਣਾਚਲ ਪ੍ਰਦੇਸ਼ ਦਾ ਸਭ ਤੋਂ ਸੁੰਦਰ ਪਿੰਡ ਦੱਸਦਾ ਹੈ। ਸਰਕਾਰੀ ਸਕੂਲ ਦੇ ਅਧਿਆਪਕ ਨਵਾਂਗ ਸੇਰਿੰਗ ਦੀ ਬਾਈਕ 'ਤੇ ਮਗਰ ਬੈਠ ਕੇ ਮੈਂ ਚੁਗ ਤੋਂ ਲਗਭਗ 6 ਕਿ.ਮੀ. ਦੂਰ ਸਥਿਤ ਰਾਮਾ ਕੈਂਪ ਦੇ ਪੀਐੱਮ ਸ਼੍ਰੀ ਸਰਕਾਰੀ ਸੈਕੰਡਰੀ ਸਕੂਲ ਪਹੁੰਚੀ ਹਾਂ। ਆਸ ਪਾਸ ਦੇ ਪਿੰਡਾਂ ਦੇ ਬਹੁਤ ਸਾਰੇ ਬੱਚੇ ਹਰ ਰੋਜ਼ ਪੈਦਲ ਹੀ ਸਕੂਲ ਆਉਂਦੇ ਹਨ।
ਸਵੇਰ ਦੇ 9 ਵੱਜੇ ਹਨ ਅਤੇ ਪ੍ਰਾਰਥਨਾ ਸਭਾ ਦਾ ਸਮਾਂ ਹੋ ਰਿਹਾ ਹੈ। ਮੈਂ ਜਿੰਨਾ ਹੋ ਸਕੇ ਕੰਧ ਦੇ ਨਾਲ਼ ਲੱਗ ਖੜ੍ਹੀ ਹੋ ਜਾਂਦੀ ਹਾਂ। ਮੈਂ ਉਨ੍ਹਾਂ ਵਿਦਿਆਰਥੀਆਂ ਦੇ ਪਿੱਛੇ ਖੜ੍ਹੀ ਹਾਂ ਜੋ ਮੰਚ ਤੋਂ ਪ੍ਰੋਗਰਾਮ ਦਾ ਸੰਚਾਲਨ ਕਰ ਰਹੇ ਹਨ। ਮੇਰੇ ਸਾਹਮਣੇ ਹਰੀ-ਭਰੀਆਂ ਪਹਾੜੀਆਂ ਹਨ, ਬੇਦਾਗ਼ ਚਿੱਟੇ ਬੱਦਲਾਂ ਨਾਲ਼ ਸੱਜਿਆ ਨੀਲਾ ਆਕਾਸ਼ ਹੈ, ਜੋ ਵਿਦਿਆਰਥੀਆਂ ਦੀ ਵਰਦੀ ਨਾਲ਼ ਮੇਲ ਖਾਂਦਾ ਹੈ। ਸਿੱਧੀਆਂ ਕਤਾਰਾਂ ਵਿੱਚ 260 ਬੱਚੇ ਖੜ੍ਹੇ ਹਨ।





