ਸੰਭਲ ਸ਼ਹਿਰ ਦੇ ਕੋਲ਼ ਵੱਸਿਆ ਸਰਾਏ ਤਰੀਨ, ਜੋ ਹੱਡੀ ਅਤੇ ਸਿੰਗ ਨਾਲ਼ ਬਣੀਆਂ ਵਸਤੂਆਂ ਜਿਵੇਂ ਕਿ ਬਟਨ, ਬੀਅਰ ਦੇ ਗਲਾਸ, ਸਜਾਵਟੀ ਸਮਾਨ ਅਤੇ ਰਸੋਈ ਦੇ ਸਮਾਨ ਲਈ ਮਸ਼ਹੂਰ ਹੈ, ਉੱਥੇ ਮੁਹੰਮਦ ਇਸਲਾਮ ਦੀ ਕਿਰਾਏ ਦੀ ਇੱਕ ਛੋਟੀ ਜਿਹੀ ਦੁਕਾਨ 'ਤੇ ਬੱਚਿਆਂ ਤੋਂ ਲੈ ਕੇ ਬਜ਼ੁਰਗ ਗਾਹਕ ਆਉਂਦੇ ਹਨ- ਕੋਈ ਟਾਫੀਆਂ ਲੈਣ, ਕੋਈ ਰਾਸ਼ਨ ਅਤੇ ਕਈ ਬਜ਼ੁਰਗ 'ਸਿੰਗ ਦੀ ਕੰਘੀ' ਲੈਣ, ਜਿਵੇਂ ਕਿ ਦੁਕਾਨ ਉਪਰਲਾ ਹੱਥ ਨਾਲ਼ ਲਿਖਿਆ ਬੋਰਡ ਦੱਸਦਾ ਹੈ।
60 ਸਾਲਾ ਇਸਲਾਮ ਸਰਾਏ ਤਰੀਨ ਦੇ ਉਨ੍ਹਾਂ ਗਿਣੇ-ਚੁਣੇ ਕਾਰੀਗਰਾਂ ਵਿੱਚੋਂ ਹਨ ਜੋ ਅੱਜ ਵੀ ਸਿੰਗ ਦੀ ਕੰਘੀਆਂ ਬਣਾਉਂਦੇ ਹਨ। ਉਨ੍ਹਾਂ ਦੇ ਪੁਰਾਣੇ ਸਾਥੀ, ਲਗਭਗ 78 ਸਾਲਾ ਮਕਸੂਦ ਖ਼ਾਨ, ਹਾਲੇ ਵੀ ਇਸ ਕੰਘੀ ਦੇ ਕੁਝ ਬਚੇ ਹੋਏ ਸਪਲਾਇਰਾਂ ਵਿੱਚੋਂ ਹਨ।
''ਜਿਨ੍ਹਾ ਦਸਤਕਾਰਾਂ ਨੇ ਦੁਨੀਆ ਛੱਡੀ, ਉਹ ਇਹ ਕਲਾ ਵੀ ਆਪਣੇ ਨਾਲ਼ ਹੀ ਲੈ ਗਏ। ਇਸਨੂੰ ਮੁੜ-ਸੁਰਜੀਤ ਕਰਨ ਦੀ ਕੋਸ਼ਿਸ਼ ਵੀ ਨਹੀਂ ਕੀਤੀ ਜਾ ਰਹੀ,'' ਇਸਲਾਮ ਹੁੱਕੇ ਦਾ ਸੂਟਾ ਖਿੱਚਦਿਆਂ ਕਹਿੰਦੇ ਹਨ। ''ਤੁਸੀਂ ਪੂਰਾ ਸਰਾਏ ਤਰੀਨ ਘੁੰਮ ਲਓ, ਪਰ ਜੇ ਸਿੰਗ ਦੀ ਕੰਘੀ ਦਾ ਕਾਰੀਗਰ ਲੱਭਣਾ ਹੋਵੇ ਤਾਂ ਸਭ ਤੁਹਾਨੂੰ ਮੇਰੇ ਕੋਲ਼ ਹੀ ਭੇਜਣਗੇ।''
2022 ਵਿੱਚ ਇਸ ਹਸਤਕਲਾ ਨੂੰ ਭੂਗੋਲਿਕ ਸੰਕੇਤ (ਜੀ.ਆਈ.) ਟੈਗ ਮਿਲ਼ਿਆ। ਇਹ ਬੌਧਿਕ ਸੰਪਦਾ ਸੰਰਖਣ ਹੈ, ਜੋ ਉਤਪਾਦ ਨੂੰ ਉਸਦੀ ਖੇਤਰੀ ਉਤਪਤੀ ਦੇ ਅਧਾਰ 'ਤੇ ਵਿਸ਼ੇਸ਼ ਪਹਿਚਾਣ ਦਿੰਦਾ ਹੈ। ਉੱਤਰ ਪ੍ਰਦੇਸ਼ ਸਰਕਾਰ ਦੀ ‘ਇੱਕ ਜ਼ਿਲ੍ਹਾ, ਇੱਕ ਉਤਪਾਦ’ (ਓਡੀਓਪੀ) ਯੋਜਨਾ ਅਨੁਸਾਰ ਵੀ ਸੰਭਲ ਦੇ ਹੱਡੀ ਅਤੇ ਸਿੰਗ ਦੇ ਉਤਪਾਦਾਂ ਨੂੰ ਪ੍ਰੋਤਸਾਹਤ ਕੀਤਾ ਜਾਂਦਾ ਹੈ।
“ਜਿਸਕੇ ਸਰ ਪਰ ਬਾਲ਼, ਉਸਕੀ ਕੰਘੀ,” ਇਸਲਾਮ ਮੁਸਕਰਾਉਂਦੇ ਹੋਏ ਇੱਕ ਕਹਾਵਤ ਦੁਹਰਾਉਂਦੇ ਹਨ। “ਇੱਕ ਸਮਾਂ ਸੀ ਜਦੋਂ ਹਰ ਗਲ਼ੀ, ਹਰ ਨੁੱਕੜ 'ਤੇ ਕੰਘੀ ਮਿਲ਼ਦੀ ਸੀ।”
ਉਹ ਜਿਸ ਦੁਕਾਨ 'ਤੇ ਬੈਠਦੇ ਹਨ, ਉਹੀ ਉਨ੍ਹਾਂ ਦੀ ਵਰਕਸ਼ਾਪ ਵੀ ਹੈ ਜਿਸਦਾ ਕਿਰਾਇਆ 2,000 ਰੁਪਏ/ਮਹੀਨਾ ਹੈ। ਉਹ ਦੁਕਾਨਦਾਰ ਅਤੇ ਕਾਰੀਗਰ ਦੀ ਦੋਹਰੀ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਦੇ ਸਾਹਮਣੇ ਉਨ੍ਹਾਂ ਦੇ ਔਜਾਰ ਫੈਲੇ ਹਨ: ਵੱਖ-ਵੱਖ ਕਿਸਮ ਦੀਆਂ ਆਰੀਆਂ, ਰੈਤ (ਸ਼ੈਣੀ), ਛਿੱਲੀ (ਰੇਤੀ/ਖੁਰਚਣੀ), ਰੇਗਮਾਰ ਅਤੇ ਲੱਕੜ ਦਾ ਇੱਕ ਅੱਡਾ (ਤਖਤੀ) ਜਿਸ 'ਤੇ ਕੰਘੀ ਬਣਾਈ ਜਾਂਦੀ ਹੈ।




























