ਸੇਬੰਤੀ ਰਾਏ ਦੇ ਮੋਢਿਆਂ ਵਿੱਚ ਆਉਂਦੇ ਬਦਲਾਅ ਨੂੰ ਪਹਿਲੀ ਵਾਰ ਉਸ ਦੀ ਡਾਂਸ ਟੀਚਰ ਨੇ ਨੋਟ ਕੀਤਾ। ਉੱਭਰਦੀ ਹੋਈ ਇਸ ਨ੍ਰਿਤਕੀ ਦੀਆਂ ਕੁਝ ਹਰਕਤਾਂ (ਮੂਵਮੈਂਟ) ਸਹੀ ਨਹੀਂ ਸਨ ਲੱਗ ਰਹੀਆਂ। ਛੇਤੀ ਹੀ 13 ਸਾਲਾ ਇਸ ਬੱਚੀ ਨੂੰ ਸਕੋਲਿਓਸਿਸ (ਰੀੜ੍ਹ ਦੀ ਹੱਡੀ ਦਾ ਟੇਢਾਪਣ) ਤਸ਼ਖੀਸ਼ ਹੋਈ। "ਸ਼ੁਰੂ ਵਿੱਚ ਮੈਂ ਇਸ ਬਿਮਾਰੀ ਦੇ ਡਾਇਗਨੋਸਿਸ ਨੂੰ ਲੈ ਕੇ ਉਤਸੁਕਤਾ ਨਾਲ਼ ਭਰ ਗਈ, ਕਿਉਂਕਿ ਬਚਪਨ ਦੇ ਮੇਰੇ ਆਦਰਸ਼, ਰਿਤਿਕ ਰੌਸ਼ਨ (ਮਸ਼ਹੂਰ ਫ਼ਿਲਮ ਸਟਾਰ ਅਤੇ ਡਾਂਸਰ) ਵੀ ਇਸੇ ਬੀਮਾਰੀ ਤੋਂ ਪੀੜਤ ਰਹੇ ਸਨ,'' ਸੇਬੰਤੀ ਹੱਸਦੀ ਹੋਈ ਚੇਤੇ ਕਰਦੀ ਹੈ।
ਰੌਸ਼ਨ ਨੂੰ 21 ਸਾਲ ਦੀ ਉਮਰੇ ਸਕੋਲਿਓਸਿਸ ਹੋਣ ਦਾ ਪਤਾ ਲੱਗਿਆ ਤੇ ਉਨ੍ਹਾਂ ਨੂੰ ਕਿਹਾ ਗਿਆ ਕਿ ਹੁਣ ਉਹ ਕਦੇ ਨੱਚ ਨਹੀਂ ਸਕਣਗੇ। ਸਕੋਲਿਓਸਿਸ ਦੀ ਸਮੱਸਿਆ ਵਿੱਚ ਰੀੜ੍ਹ ਦੀ ਹੱਡੀ ਇੱਕ ਪਾਸੇ ਨੂੰ ਮੁੜ/ਝੁੱਕ ਜਾਂਦੀ ਹੈ। ਉਂਝ ਤਾਂ ਰੀੜ੍ਹ ਦੀ ਹੱਡੀ ਵਿੱਚ ਕੁਦਰਤੀ ਤੌਰ 'ਤੇ ਕੁਝ-ਕੁਝ ਘੁਮਾਅ ਤਾਂ ਹੁੰਦੇ ਹੀ ਹਨ, ਪਰ ਬੱਚਿਆਂ ਅਤੇ ਕਿਸ਼ੋਰਾਂ ਵਿੱਚ ਸਕੋਲਿਓਸਿਸ ਹੋਣ ਕਾਰਨ ਰੀੜ੍ਹ ਜਾਂ ਉਹਦਾ ਕੋਈ ਹਿੱਸਾ ਅਸਧਾਰਣ ਰੂਪ ਨਾਲ਼ 'ਐੱਸ' (S) ਜਾਂ 'ਸੀ' (C) ਅਕਾਰ ਵਿੱਚ ਮੁੜ ਜਾਂਦਾ ਹੈ।
ਬਾਲੜੀ ਸੇਬੰਤੀ ਨੂੰ ਆਪਣੇ ਘਰ ਦੱਖਣੀ 24 ਪਰਗਨਾ ਤੋਂ ਕੋਲਕਾਤਾ ਆਉਣਾ ਪਿਆ ਤਾਂਕਿ ਉਹ ਕਿਸ਼ੋਰ-ਅਵਸਥਾ ਵਿੱਚ ਹੋਣ ਵਾਲ਼ੇ ਐਡੋਲਸੈਂਟ ਇਡੀਓਪੈਥਿਕ ਸਕੋਲਿਓਸਿਸ ਜਾਂ ਏਆਈਐੱਸ ਦੀ ਸਰਜਰੀ ਕਰਾ ਸਕੇ। ਇਸ ਪ੍ਰਕਿਰਿਆ ਵਿੱਚ ਉਹਦੀ ਰੀੜ੍ਹ ਨੂੰ ਸਿੱਧਿਆਂ ਕਰਨ ਲਈ ਉਹਦੇ ਲੱਕ ਨੂੰ ਦੋ ਰੌਡਾਂ ਤੇ 14 ਸਕ੍ਰਿਊ ਲਾ ਕੇ ਜੋੜਿਆ ਗਿਆ।
ਬਾਰ੍ਹਾਂ ਸਾਲ ਬੀਤ ਗਏ ਤੇ ਅੱਜ ਉਹ ਕਹਿੰਦੇ ਹਨ,“ਹੁਣ ਮੈਨੂੰ ਕੁਝ ਵੀ ਮਹਿਸੂਸ ਨਹੀਂ ਹੁੰਦਾ। ਮੇਰੀ ਜ਼ਿੰਦਗੀ ਆਮ ਜਿਹੀ ਹੋ ਗਈ ਹੈ। ਮੈਂ ਸਕੋਲਿਓਸਿਸ ਨਾਲ਼ ਜਿਊਣਾ ਸਿੱਖ ਲਿਆ ਅਤੇ ਮੁੜ ਤੋਂ ਮੇਰਾ ਜੀਵਨ ਸਧਾਰਣ ਲੀਹ 'ਤੇ ਗਿਆ ਹੈ।” ਉਨ੍ਹਾਂ ਦੀਆਂ ਅੱਖਾਂ ਵਿੱਚ ਇੱਕ ਮੁਸਕਾਨ ਹੈ। ਅਸੀਂ ਉਨ੍ਹਾਂ ਦੇ ਦਾਦਾ ਜੀ ਦੇ ਘਰ ਦੀ ਛੱਤ 'ਤੇ ਡਾਇਮੰਡ ਹਾਰਬਰ ਵਿੱਚ ਬੈਠੇ ਹਾਂ। ਇਹ ਪੱਛਮੀ ਬੰਗਾਲ ਦਾ ਇੱਕ ਸ਼ਹਿਰ ਹੈ ਜੋ ਉੱਥੇ ਵੱਸਿਆ ਹੈ ਜਿੱਥੇ ਹੁਗਲੀ ਨਦੀ ਬੰਗਾਲ ਦੀ ਖਾੜੀ ਵਿੱਚ ਜਾ ਮਿਲ਼ਦੀ ਹੈ।
ਸੇਬੰਤੀ ਲਈ ਜਿੱਥੇ ਸਕੋਲਿਓਸਿਸ ਇੱਕ ਅਸਹਿਜ ਮਹਿਸੂਸ ਕਰਨ ਵਾਲ਼ੀ ਬਿਮਾਰੀ ਸੀ, ਉੱਥੇ ਹੀ ਕਰੋੜਾਂ ਦੂਜੇ ਮਰੀਜ਼ਾਂ ਲਈ ਇਹ ਬਿਮਾਰੀ ਅਸਹਿ ਦਰਦ ਨਾਲ਼ ਭਰੀ ਹੋਈ, ਅਪੰਗ ਬਣਾਉਣ ਵਾਲ਼ੀ ਅਤੇ ਦਿਲ ਦੀਆਂ ਸਮੱਸਿਆਵਾਂ ਅਤੇ ਸਾਹ ਲੈਣ ਵਿੱਚ ਬੇਚੈਨੀ ਦਾ ਕਾਰਨ ਬਣ ਸਕਦੀ ਹੈ। ਪਿੰਡਾਂ ਦੇ ਮਰੀਜ਼ਾਂ ਲਈ ਸਹੀ ਡਾਇਗਨੋਸਿਸ ਕਰਾ ਪਾਉਣਾ ਵੀ ਇੱਕ ਵੱਡੀ ਚੁਣੌਤੀ ਹੈ।


















