''ਸਾਡੇ ਕੋਲ਼ ਖਾਣ ਨੂੰ ਹੋਰ ਹੈ ਹੀ ਕੀ ਸਿਵਾਏ ਪਾਂਤਾ ਭਾਤ (ਖਮੀਰੇ ਚੌਲਾਂ ਦਾ ਪਾਣੀ) ਦੇ?'' ਬਾਤੋ ਮੱਲਿਕ ਕਹਿੰਦੀ ਹੈ। ਉਹ ਲੂਣ ਤੇ ਲਾਲ ਮਿਰਚਾਂ ਦੀ ਪੇਸਟ ਬਣਾ ਰਹੀ ਹੈ ਤਾਂ ਕਿ ਚੌਲ ਦੇ ਪਾਣੀ ਵਿੱਚ ਸੁਆਦ ਭਰਿਆ ਜਾ ਸਕੇ।
ਤਿਰਕਾਲਾਂ ਪੈ ਗਈਆਂ ਹਨ, ਬਾਤੋ ਤੇ ਉਨ੍ਹਾਂ ਦੇ ਪਤੀ, ਯੋਗੇਨ ਮੱਲਿਕ ਅਜੇ ਹੁਣੇ-ਹੁਣੇ ਨੇੜਲੇ ਜੰਗਲ ਤੋਂ ਘਰ ਮੁੜੇ ਹਨ। ਆਦਿਵਾਸੀ ਬਸਤੀ ਦੇ ਬਾਕੀ ਪਰਿਵਾਰਾਂ ਵਾਂਗਰ ਇਹ ਪਤੀ-ਪਤਨੀ ਵੀ ਪੂਰਾ-ਪੂਰਾ ਦਿਨ ਜੰਗਲ 'ਚੋਂ ਸਾਲ੍ਹ (ਸ਼ੋਰੇਆ ਰੋਬਰੋਸਾ) ਇਕੱਠੀ ਕਰਦੇ ਰਹਿੰਦੇ ਹਨ ਤਾਂ ਜੋ ਹਫ਼ਤਾਵਰੀ ਮੰਡੀ ਵਿੱਚ ਵੇਚ ਸਕਣ।
ਉਨ੍ਹਾਂ ਦਾ ਘਰ ਪੱਛਮੀ ਬੰਗਾਲ ਦੇ ਝਾੜਗ੍ਰਾਮ ਜ਼ਿਲ੍ਹੇ ਦੇ ਬੇਨਾਸੁਲੀ ਪਿੰਡ ਵਿੱਚ ਹੈ, ਜਿੱਥੇ ਮੁੱਖ ਤੌਰ 'ਤੇ ਸਬਰ ਆਦਿਵਾਸੀ (ਪੱਛਮੀ ਬੰਗਾਲ ਵਿੱਚ 'ਸਵਰ' ਵਜੋਂ ਸੂਚੀਬੱਧ) ਰਹਿੰਦੇ ਹਨ। ਇਸ ਆਦਿਵਾਸੀ ਭਾਈਚਾਰੇ ਨੂੰ ਦੇਸ਼ ਦੇ ਸਭ ਤੋਂ ਗ਼ਰੀਬ ਤੇ ਪਿਛੜੇ ਸਮੂਹਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਜੋ ਭੁੱਖ ਅਤੇ ਕੁਪੋਸ਼ਣ ਨਾਲ਼ ਲੜ ਰਿਹਾ ਹੈ।
ਮੈਂ ਪਿਛਲੇ ਕਈ ਸਾਲਾਂ ਤੋਂ ਸਬਰ ਭਾਈਚਾਰੇ ਦੀ ਖੋਜ-ਖ਼ਬਰ ਲੈਣ ਲਈ ਇਸ ਖੇਤਰ ਵਿੱਚ ਆਉਂਦਾ ਰਿਹਾ ਹਾਂ। ਬ੍ਰਿਟਿਸ਼ ਰਾਜ ਵਿੱਚ ਇਨ੍ਹਾਂ ਨੂੰ ਕਦੇ 'ਅਪਰਾਧੀ ਕਬੀਲੇ' ਦਾ ਦਰਜਾ ਦਿੱਤਾ ਗਿਆ ਸੀ, ਜੋ 1952 ਵਿੱਚ ਖ਼ਤਮ ਕਰ ਦਿੱਤਾ ਗਿਆ। ਪਰ ਅੱਜ ਵੀ ਇਸ ਭਾਈਚਾਰੇ ਦੇ ਜ਼ਿਆਦਾਤਰ ਲੋਕ ਬੇਜ਼ਮੀਨੇ ਹਨ ਅਤੇ ਆਪਣੀ ਰੋਜ਼ੀ-ਰੋਟੀ ਲਈ ਜੰਗਲਾਂ 'ਤੇ ਨਿਰਭਰ ਹਨ। ਪੜ੍ਹੋ: ਭੁੱਖ ਜਦੋਂ ਆਂਦਰਾਂ ਲੂਹਣ ਲੱਗੇ
ਜਦੋਂ-ਜਦੋਂ ਵੀ ਮੈਂ ਇੱਥੇ ਮੁੜਦਾ ਹਾਂ, ਵੇਖਦਾ ਹਾਂ ਕਿ ਇਨ੍ਹਾਂ ਆਦਿਵਾਸੀਆਂ ਦੇ ਹਾਲਾਤਾਂ ਵਿੱਚ ਕੋਈ ਸੁਧਾਰ ਨਹੀਂ ਹੋਇਆ। ਕਿੰਨੇ ਸਾਲ, ਕਿੰਨੇ ਹੀ ਦਹਾਕੇ ਲੰਘ ਗਏ ਪਰ ਉਨ੍ਹਾਂ ਦੀਆਂ ਜ਼ਿੰਦਗੀਆਂ ਜਿਓਂ ਦੀਆਂ ਤਿਓਂ ਹੀ ਲੰਘ ਰਹੀਆਂ ਹਨ। ਢਿੱਡ ਭਰਨ ਲਈ ਇੱਥੋਂ ਦੇ ਲੋਕ ਮਹੂਆ (ਮਧੁਕਾ ਲਾਂਗਿਫੋਲੀਆ) ਤੋਂ ਬਣੀ ਸਥਾਨਕ ਸ਼ਰਾਬ ਪੀਂਦੇ ਹਨ। ਇਹ ਤਰਲ ਹੀ ਇੱਥੇ ਖਾਣੇ ਦਾ ਵਿਕਲਪ ਬਣ ਗਿਆ ਹੈ ਕਿਉਂਕਿ ਇਸ ਨੂੰ ਪੀਣ ਤੋਂ ਬਾਅਦ ਢਿੱਡ ਭਰਿਆ ਜਿਹਾ ਮਹਿਸੂਸ ਹੁੰਦਾ ਹੈ। ਸ਼ਰਾਬਖੋਰੀ ਦੀ ਸਮੱਸਿਆ ਵਧਣ ਕਾਰਨ ਲਗਭਗ ਹਰ ਘਰ ਕੁਪੋਸ਼ਣ ਅਤੇ ਲਹੂ ਦੀ ਘਾਟ ਨਾਲ਼ ਜੂਝ ਰਿਹਾ ਹੈ।























