“ਮੈਂ ਇੱਥੇ ਹੀ ਜਨਮਿਆ। ਇਹਨਾਂ ਜੰਗਲਾਂ, ਇਹਨਾਂ ਡੋਂਗਰਾਂ [ਪਹਾੜਾਂ] ’ਤੇ ਘੁੰਮਦਾ ਵੱਡਾ ਹੋਇਆ ਹਾਂ,” ਜਦੋਂ ਯੇਮਾ ਸੋਂਗਲ ਰਿਪੋਰਟਰ ਨੂੰ ਆਪਣਾ ਪਿੰਡ ਦਿਖਾਉਂਦੇ ਹਨ ਉਹਨਾਂ ਦੀ ਮੁਸਕੁਰਾਹਟ ਬਰਕਰਾਰ ਰਹਿੰਦੀ ਹੈ। ਸੰਘਣੀ ਹਰੇ ਸਹਯਾਦਰੀ ਨਾਲ਼ ਘਿਰੇ ਲਾਲ ਮਿੱਟੀ ਦੀਆਂ ਇੱਟਾਂ ਵਾਲ਼ੀਆਂ ਛੱਤਾਂ ਵਾਲ਼ੇ ਘਰ, ਕੁਦਰਤ ਅਤੇ ਮਨੁੱਖੀ ਬਸਤੀ ਦਾ ਇੱਕ ਸ਼ਾਂਤ ਇਕਸਾਰ ਦ੍ਰਿਸ਼ ਪੇਸ਼ ਕਰਦੇ ਹਨ। ਇਹ ਜੈਵਿਕ ਵਿਭਿੰਨਤਾ ਵਿੱਚ ਦੁਨੀਆ ਦੇ ਅੱਠ ਸਭ ਤੋਂ “ਪ੍ਰਮੁੱਖ ਸਥਾਨਾਂ” ਵਿੱਚੋਂ ਇੱਕ ਹੈ, ਭਾਵੇਂ ਕਿ ਉਹ ਇਸ ਗੱਲ ਤੋਂ ਅਣਜਾਣ ਹਨ।
ਪਰ ਬਦਕਿਸਮਤੀ ਨਾਲ਼ ਇੱਥੋਂ ਦਾ 280 ਹੈਕਟੇਅਰ ਹਿੱਸਾਂ ਜਲਦੀ ਹੀ ਪਾਣੀ ਹੇਠ ਹੋਵੇਗਾ।
“ਸਾਡਾ ਖ਼ੇਤ ਉਸ ਡੋਂਗਰ ਪਿੱਛੇ ਹੈ,” ਯੇਮਾ ਮਾਹਰਾਸ਼ਟਰ ਦੇ ਲਾਡੇਵਾੜੀ ਪਿੰਡ (ਕਾਲਭੌਂਡੇ ਪਿੰਡ ਗ੍ਰਾਮ ਪੰਚਾਇਤ) ਵਿੱਚ ਆਪਣੇ ਘਰ ਦੇ ਸਾਹਮਣੇ ਵਾਲ਼ੇ ਵਿਹੜੇ ਵਿੱਚ ਖੜ੍ਹੇ ਇੱਕ ਪਹਾੜੀ ਵੱਲ ਇਸ਼ਾਰਾ ਕਰਦੇ ਹਨ। ਉਹਨਾਂ ਦੇ ਛੋਟੇ ਜਿਹੇ ਖੇਤ ਵਿੱਚ ਵਾਰਾਈ (ਬਾਗਬਾਨੀ ਬਾਜਰਾ) ਦੀ ਖੇਤੀ ਕਰਨ ਜਾਣ ਲਈ ਉਹਨਾਂ ਨੂੰ ਅਤੇ ਉਹਨਾਂ ਦੇ ਪਤਨੀ, ਸੁਲੀ, ਜੋ ਆਪਣੇ 70ਵੇਂ ਦਹਾਕੇ ਵਿੱਚ ਹਨ, ਨੂੰ ਇੱਕ ਘੰਟੇ ਦੀ ਚੜ੍ਹਾਈ ਤੈਅ ਪੈਂਦੀ ਹੈ। “ਇਹ ਮਾਨਸੂਨੀ ਖੇਤੀ ਹੈ। ਸਾਨੂੰ 5-6 ਬੋਰੀਆਂ [ਕੁਇੰਟਲ] ਨਿਕਲ਼ਦੀਆਂ ਹਨ।” ਇਹ ਇੱਕ ਏਕੜ ਤੋਂ ਵੀ ਛੋਟੇ ਇਸ ਖੇਤ ਦੀ ਕੁੱਲ ਉਪਜ ਹੈ ਜਿਸ ਨਾਲ਼ ਪੰਦਰਾਂ ਪਰਿਵਾਰਕ ਜੀਆਂ- ਯੇਮਾ, ਸੁਲੀ, ਉਹਨਾਂ ਦੇ ਚਾਰ ਪੁੱਤਰ, ਤਿੰਨ ਨੂੰਹਾਂ ਅਤੇ ਛੇ ਪੋਤੇ-ਪੋਤੀਆਂ ਨੇ ਅਗਲੇ ਸਾਲ ਦੀ ਵਾਢੀ ਤੱਕ ਆਪਣਾ ਢਿੱਡ ਭਰਨਾ ਹੈ। ਇਹ ਪਰਿਵਾਰ ਜੰਗਲ ’ਤੇ ਵੀ ਓਨਾ ਹੀ ਨਿਰਭਰ ਕਰਦਾ ਹੈ ਜਿੰਨਾ ਖੇਤ ’ਤੇ।
ਉਹ ਅੱਗੇ ਦੱਸਦੇ ਹਨ, “ਜੰਗਲ ਸਾਨੂੰ ਫ਼ਲ, ਰਾਣਕੰਦ [ਜੰਗਲੀ ਕੰਦ], ਸਬਜ਼ੀਆਂ ਅਤੇ ਜ਼ੁਕਾਮ, ਬੁਖ਼ਾਰ, ਗੋਡਿਆਂ ਦੇ ਦਰਦ ਲਈ ਜੜ੍ਹੀ-ਬੂਟੀਆਂ ਪ੍ਰਦਾਨ ਕਰਦੇ ਹਨ।” ਥਾਨੇ ਜ਼ਿਲ੍ਹੇ ਦੇ ਸ਼ਾਹਾਪੁਰ ਤਾਲੁਕੇ ਵਿੱਚ ਰਹਿਣ ਵਾਲ਼ੇ ਮਾ ਠਾਕੁਰ ਅਨੁਸੂਚਿਤ ਕਬੀਲੇ ਨਾਲ਼ ਸਬੰਧਤ ਯੇਮਾ ਅਤੇ 97 ਪਰਿਵਾਰਾਂ ਦੇ ਉਹਨਾਂ ਦੇ ਭਾਈਚਾਰੇ ਲਈ ਇਹ ਜੰਗਲ ਉੱਤਰਜੀਵਤਾ ਲਈ ਜ਼ਰੂਰੀ ਹਨ। “ਅਸੀਂ ਜੰਗਲ ਨਹੀਂ ਕੱਟਦੇ। ਅਸੀਂ ਬਾਲਣ ਲਈ ਡਿੱਗੀਆਂ ਹੋਈਆਂ ਟਾਹਣੀਆਂ ਇਕੱਠੀਆਂ ਕਰਦੇ ਹਾਂ। ਅਸੀਂ ਗਾਰੇ, ਇੱਟਾਂ ਅਤੇ ਜੰਗਲੀ ਲੱਕੜੀ ਨਾਲ਼ ਪੱਕੇ ਘਰ ਬਣਾਏ ਹਨ; ਇਹ ਕਈ ਦਹਾਕੇ ਤੱਕ ਖੜ੍ਹੇ ਰਹਿੰਦੇ ਹਨ।”




















