ਸੱਤ ਕੁੜੀਆਂ, ਛੇ ਪਿੰਡ, ਪੰਜ ਮਾਂ-ਬੋਲੀਆਂ, ਦੋ ਖੇਡਾਂ ਪਰ ਖੇਡਣ ਦੀ ਭਾਸ਼ਾ ਇੱਕ!
12 ਸਾਲਾ ਰੰਜਨ ਰਾਥਾਵਾ, 11 ਸਾਲਾ ਜਯੋਤੀ ਭੀਲ, 9 ਸਾਲਾ ਸ਼ਰਮਿਲਾ ਧਾਏਕੀ, 10 ਸਾਲਾ ਕਿਜਲ ਨਯਾਕਾ ਤੇ 10 ਸਾਲਾ ਨਿਰਾਲ ਰਾਥਾਵਾ... ਸਾਰੀਆਂ ਬੱਚੀਆਂ ਹੀ ਆਪਣੇ ਰਿਹਾਇਸ਼ੀ ਪ੍ਰਾਇਮਰੀ ਸਕੂਲ ਵਸੰਤ ਸ਼ਾਲਾ ਦੇ ਖੇਡ ਮੈਦਾਨ ਵਿੱਚ ਇੱਕ ਅਨੋਖੀ ਖੇਡ ਖੇਡਣ ਵਿੱਚ ਮਸਰੂਫ਼ ਹਨ। ਉਨ੍ਹਾਂ ਦਾ ਇਹ ਸਕੂਲ ਗੁਜਰਾਤ ਦੇ ਛੋਟਾਉਦਯਪੁਰ ਜ਼ਿਲ੍ਹੇ ਦੇ ਤੇਜ਼ਗੜ੍ਹ ਆਦਿਵਾਸੀ ਪਿੰਡ ਵਿਖੇ ਕੋਰਾਜ ਪਹਾੜੀ ਦੀ ਗੋਦ ਵਿੱਚ ਵੱਸਿਆ ਹੈ।
ਅਡਾਕੋ ਦਾਦੂਕੋ ਦਾਹੀ ਦਾਦੂਕੋ
ਸ਼੍ਰਾਵਨ ਗਾਜੇ, ਪਿੱਲੂ ਪਾਕੇ...
ਇਹ ਗੀਤ ਦਰਅਸਲ ਗੁਜਰਾਤ ਦੇ ਬੈਡ-ਬੈਡ ਗੀਤੋ ਜਾਂ ਕਹਿ ਲਵੋ ਬੇਤੁਕੀਆਂ ਲੈਆਂ ਦੇ ਅਜਿਹੇ ਵਿਸ਼ਾਲ ਸੰਗ੍ਰਹਿ ਦਾ ਹਿੱਸਾ ਹੈ, ਪੂਰੇ ਰਾਜ ਵਿਖੇ ਬੱਚੇ ਖੇਡ-ਖੇਡ ਵਿੱਚ ਇਨ੍ਹਾਂ ਗੀਤਾਂ ਦਾ ਇਸਤੇਮਾਲ ਕਰਦੇ ਹਨ। ਦਿਲਚਸਪ ਗੱਲ ਇਹ ਵੀ ਹੈ ਕਿ ਗੀਤ ਦੀ ਇਹ ਭਾਸ਼ਾ ਸਮੂਹ ਦੀ ਕਿਸੇ ਵੀ ਬੱਚੀ ਦੀ ਮਾਤ-ਭਾਸ਼ਾ ਨਹੀਂ ਹੈ। ਇਹ ਪੰਜੋ ਬੱਚੀਆਂ ਆਪੋ-ਆਪਣੇ ਪਿੰਡਾਂ ਵਿੱਚ ਕਾਠੀਯੂ ਸੋਧਵਾਨੀ ਰਾਮਤਰਾਠਵੀ, ਧਾਨਕੀ, ਦੁੰਗਰਾ ਭੀਲੀ, ਅਤੇ ਨਯਾਕੀ ਬੋਲੀ ਬੋਲਦੀਆਂ ਹਨ, ਇਨ੍ਹਾਂ ਸਾਰੀਆਂ ਦੇ ਘਰ (ਪਿੰਡ) ਸਕੂਲ ਤੋਂ ਕੋਈ 30 ਤੋਂ 50 ਕਿਲੋਮੀਟਰ ਦੇ ਦਾਇਰੇ ਵਿੱਚ ਹੀ ਪੈਂਦੇ ਹਨ। ਪਰ ਆਦਿਵਾਸੀ ਅਕੈਡਮੀ ਦੇ ਇਸ ਕੈਂਪਸ (ਸਕੂਲ ਤੇ ਹੋਸਟਲ ਵਿਖੇ) ਵਿੱਚ ਗੁਜਰਾਤੀ ਹੀ ਉਨ੍ਹਾਂ ਦੇ ਆਪਸੀ ਰਾਬਤੇ ਤੇ ਸੰਚਾਰ ਦੀ ਮੁੱਖ ਭਾਸ਼ਾ ਬਣ ਕੇ ਉੱਭਰੀ ਹੈ।





