ਨੋਟ: ਇਹ ਭਾਰਤ ਦੇ ਪੇਂਡੂ ਇਲਾਕਿਆਂ ਦੀ ਸਿਹਤ ਦੀ ਹਾਲਤ 'ਤੇ ਅਧਾਰਤ ਲੜੀ ਦੀ ਪਹਿਲੀ ਕੜੀ ਹੈ।
ਛੋਟੇ ਜਿਹੇ ਖੇਤੀ ਪ੍ਰਧਾਨ ਪਿੰਡ ਮਲਾਜਪੁਰ ਵਿੱਚ 17 ਸਾਲਾ ਸਵੀ ਧੁਰਵੇ ਅਤੇ 16 ਸਾਲਾ ਆਸ਼ਾ ਕੋਰਕੂ (ਦੋਹਾਂ ਦੇ ਨਾਮ ਬਦਲੇ ਹੋਏ) ਦੇ ਵਿਚਕਾਰ ਇੱਕ ਅਜੀਬ ਦੋਸਤੀ ਬਣ ਗਈ ਹੈ। ਦੋਹਾਂ ਦੀ ਮੁਲਾਕਾਤ ਇਸ ਸਾਲ ਇੱਥੇ ਮੰਦਰ ਵਿੱਚ ਲੱਗੇ ਇੱਕ ਮੇਲੇ ਵਿੱਚ ਹੋਈ ਸੀ, ਜਿੱਥੇ ਉਨ੍ਹਾਂ ਦੇ ਪਰਿਵਾਰ ਉਨ੍ਹਾਂ ਨੂੰ ਸਥਾਨਕ ਝਾੜ-ਫੂਕ ਦੀ ਰਸਮ ਲਈ ਲੈ ਕੇ ਆਏ ਸਨ। ਦੋਹਾਂ ਮੁਟਿਆਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਮੰਨਣਾ ਹੈ ਕਿ ਉਹ ਕਿਸੇ ਦੁਸ਼ਟ ਆਤਮਾ ਦੇ ਪ੍ਰਭਾਵ ਹੇਠ ਹਨ।
ਸਵੀ ਆਪਣੀ ਸਥਿਤੀ ਦੱਸਦਿਆਂ ਕਹਿੰਦੀ ਹੈ,“ਮੈਨੂੰ ਇਓਂ ਲੱਗਦਾ ਜਿਵੇਂ ਕੋਈ ਮੈਨੂੰ ਕਮਰੇ ਵਿੱਚ ਇੱਧਰ-ਓਧਰ ਵਗਾਹ-ਵਗਾਰ ਸੁੱਟਰਿਹਾ ਹੋਵੇ ਅਤੇ ਮੈਨੂੰ ਬੇਹੋਸ਼ੀ ਦੇ ਦੌਰੇ ਪੈਂਦੇ ਸਨ। ਪੀੜ੍ਹ ਨਾਲ਼ ਮੇਰਾ ਸਰੀਰ ਮੁੜ-ਮੁੜ ਜਾਂਦਾ ਅਤੇ ਹੋਸ਼ ਆਉਣ 'ਤੇ ਮੈਨੂੰ ਕੁਝ ਵੀ ਯਾਦ ਨਾ ਰਹਿੰਦਾ,” ਸਵੀ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਆਸ਼ਾ ਬੋਲ ਪੈਂਦੀ ਹਨ, “ਮੇਰੇ ਨਾਲ਼ ਵੀ ਇਹੀ ਕੁਝ ਹੁੰਦਾ ਸੀ। ਮੈਨੂੰ ਵੀ ਕੁਝ ਯਾਦ ਨਾ ਰਹਿੰਦਾ।”
ਦੋਵੇਂ ਇੱਕ-ਦੂਜੇ ਵੱਲ ਵੇਖ ਕੇ ਬਿਨਾ ਕਿਸੇ ਖ਼ਾਸ ਵਜ੍ਹਾ ਦੇ, ਹਰ ਗੱਲ 'ਤੇ ਇਓਂ ਹੱਸ-ਹੱਸ ਪੈਂਦੀਆਂ ਹਨ। ਇਹੋ ਉਹ ਸ਼ਰਾਰਤੀ ਤਾਕਤ ਹੈ ਜੋ ਅਕਸਰ ਨੌਜਵਾਨ ਸਹੇਲੀਆਂ ਵਿੱਚ ਦਿਖਾਈ ਦਿੰਦੀ ਹੈ। ਦੋਵੇਂ ਕੁੜੀਆਂ ਲਗਭਗ ਇੱਕ ਮਹੀਨੇ ਤੋਂ ਮੰਦਰ ਪਰਿਸਰ ਵਿਚ ਰਹਿ ਰਹੀਆਂ ਹਨ। ਇਸੇ ਦੌਰਾਨ ਉਨ੍ਹਾਂ ਦੀ ਅਜਿਹੀ ਸਾਂਝ ਬਣ ਕਿ ਦੋਵਾਂ ਨੇ ਇੱਕ-ਦੂਜੀ ਤੋਂ ਅੱਡ ਹੋ ਕੇ ਨਾ ਰਹਿਣ ਦਾ ਵਚਨ ਲਿਆ। ਆਰਤੀ ਦੇ ਸਮੇਂ ਮੋਢੇ ਨਾਲ਼ ਮੋਢਾ ਜੋੜ ਕੇ ਬੈਠਣਾ, ਗਰਭਗ੍ਰਹਿ ਵਿੱਚ ਦੇਵਤਾ ਦੀ ਪਰਿਕਰਮਾ ਕਰਦੇ ਹੋਏ ਆਪਸ ਵਿਚ ਮਜ਼ਾਕ ਕਰਨਾ ਅਤੇ ਇੱਕ-ਦੂਜੇਦੀਆਂ ਗੱਲਾਂ ਕੱਟਦੇ ਹੋਏ ਲਗਾਤਾਰ ਗੱਲਬਾਤ ਕਰਨੀ।
ਸਵੀ ਆਸ਼ਾ ਵੱਲ ਪਿਆਰ ਨਾਲ਼ ਦੇਖਦਿਆਂ ਕਹਿੰਦੀ ਹੈ,''ਇਹਨੂੰ ਅਸਰ ਛੇਤੀ ਹੋ ਜਾਂਦਾ ਹੈ...''
“– ਮੈਂ ਇਹਨੂੰ ਚੰਗੀ ਤਰ੍ਹਾਂ ਸਮਝਾ ਨਹੀਂ ਸਕਦੀ –”
“– ਆਰਤੀ ਵੇਲ਼ੇ ਤੁਸੀਂ ਆਪਣੀ ਅੱਖੀਂ ਵੇਖ ਲਓਗੇ –”
“– ਪਰ ਹੁਣ ਮੈਂ ਪਹਿਲਾਂ ਨਾਲ਼ੋਂ ਕਾਫ਼ੀ ਠੀਕ ਹਾਂ –” ਆਸ਼ਾ ਆਪਣੀ ਗੱਲ ਮੁਕਾਉਂਦਿਆਂ ਕਹਿੰਦੀ ਹੈ, ਜਿਸ ਕਰਕੇ ਲੱਗਦਾ ਹੈ ਮੰਦਰ ਵਿੱਚ ਬਿਤਾਏ ਇਸ ਮਹੀਨੇ ਨਾਲ਼ ਉਹਦੀ ਹਾਲਤ ਵਿੱਚ ਕੁਝ ਸੁਧਾਰ ਹੋਇਆ ਹੈ।
ਮਲਾਜਪੁਰ ਦਾ ਘੋਸਟ ਫੇਅਰ, ਜਿਸਨੂੰ ਸਥਾਨਕ ਲੋਕ ਭੂਤੀਆ ਮੇਲਾ ਕਹਿੰਦੇ ਹਨ, ਸਦੀਆਂ ਪੁਰਾਣਾ ਸਾਲਾਨਾ ਆਯੋਜਨ ਹੈ। ਇਹ ਮੇਲਾ ਮਾਘ ਪੂਰਨਿਮਾ ਤੋਂ ਸ਼ੁਰੂ ਹੋ ਕੇ ਬਸੰਤ ਪੰਚਮੀ ਤੱਕ ਚੱਲਦਾ ਹੈ। ਬੈਤੂਲ ਜ਼ਿਲ੍ਹੇ ਦੇ ਚਿਚੋਲੀ ਬਲਾਕ ਵਿੱਚ ਲੱਗਣ ਵਾਲ਼ਾ ਇਹ ਮੇਲਾ ਗੁਰੂਸਾਹਿਬ ਬਾਬਾ ਜਾਂ ਦਿਓਜੀ ਮਹਾਰਾਜ਼ ਨਾਮ ਦੇ ਸੰਤ ਦੀ ਸਮਾਧੀ ਦੇ ਆਸ-ਪਾਸ ਲੱਗਦਾ ਹੈ। ਮੰਨਿਆ ਜਾਂਦਾ ਹੈ ਕਿ ਉਨ੍ਹਾਂ ਕੋਲ਼ ਐਸੀਆਂ ਅਧਿਆਤਮਿਕ ਸ਼ਕਤੀਆਂ ਸਨ ਜਿਨ੍ਹਾਂ ਨਾਲ਼ ਉਹ ‘ਆਤਮਾ ਦੇ ਪ੍ਰਭਾਵ’ ਤੋਂ ਪੀੜਤ ਲੋਕਾਂ ਨੂੰ ਠੀਕ ਕਰ ਦਿੰਦੇ ਸਨ। ਇੱਥੋਂ ਦੇ ਪਿੰਡ ਵਾਸੀਆਂ ਦਾ ਵਿਸ਼ਵਾਸ ਹੈ ਕਿ ਮੰਦਰ ਪਰਿਸਰ ਵਿੱਚ ਮੌਜੂਦ ਬੋਹੜ ਦੇ ਦਰੱਖ਼ਤਾਂ ਦੇ ਪੱਤਿਆਂ ਵਿੱਚ ਦੁਸ਼ਟ ਆਤਮਾਂ ਫਸ ਜਾਂਦੀਆਂ ਹਨ। ਇਸ ਮੇਲੇ ਵਿੱਚ ਮੱਧ ਪ੍ਰਦੇਸ਼ ਦੇ ਨਾਲ਼-ਨਾਲ਼ ਗੁਆਂਢੀ ਰਾਜਾਂ ਛੱਤੀਸਗੜ੍ਹ ਅਤੇ ਰਾਜਸਥਾਨ ਤੋਂ ਵੀ ਹਜ਼ਾਰਾਂ ਭਗਤ ਅਤੇ ਧਾਰਮਿਕ ਲੋਕ ਪਹੁੰਚਦੇ ਹਨ।












