ਭਰਤਜੋਏ ਰਿਆਂਗ ਕਹਿੰਦੇ ਹਨ,“ਸਾਡੇ ਘਰ ਡੇਗਣ ਲਈ ਉਨ੍ਹਾਂ ਨੂੰ ਹਾਥੀ ਲਿਆਉਣੇ ਪਏ।”
“ਫਿਰ ਵੀ [ਹਾਥੀਆਂ ਦੀ ਮਦਦ ਨਾਲ਼] ਉਹ ਸਾਡੇ ਘਰ ਨਾ ਡੇਗ ਸਕੇ। ਅਖ਼ੀਰ ਉਨ੍ਹਾਂ ਸਾਡੇ ਟੋਂਗ ਘਰਾਂ ਨੂੰ ਸਾੜ ਸੁੱਟਿਆ।” 75 ਸਾਲਾ ਇਸ ਰਿਯਾਂਗ ਆਦਿਵਾਸੀ ਨੂੰ ਉਹ ਸਮਾਂ ਕਦੇ ਭੁੱਲ ਨਹੀਂ ਸਕਦਾ, ਜਦੋਂ ਜੰਗਲਾਤ ਅਧਿਕਾਰੀ ਉਨ੍ਹਾਂ ਨੂੰ ਸਣੇ ਪਤਨੀ ਤੇ ਬੱਚਿਆਂ ਦੇ ਅਸਾਮ ਦੇ ਸ਼੍ਰੀਭੂਮੀ ਜ਼ਿਲ੍ਹੇ (ਪਹਿਲਾਂ ਕਰੀਮਗੰਜ) ਦੇ ਉਨ੍ਹਾਂ ਦੇ ਘਰੋਂ ਜ਼ਬਰਨ ਕੱਢ ਰਹੇ ਸੀ। ਇਹ ਘਟਨਾ 1980 ਦੇ ਮੁੱਢਲੇ ਸਾਲਾਂ ਦੀ ਹੈ। ਜਿਨ੍ਹਾਂ ਘਰਾਂ ਦੀ ਉਹ ਗੱਲ ਕਰ ਰਹੇ ਹਨ, ਉਨ੍ਹਾਂ ਨੂੰ ਟੋਂਗ ਘਰ ਕਿਹਾ ਜਾਂਦਾ ਹੈ ਜਾਂ ਸਥਾਨਕ ਲੋਕ ਇਸਨੂੰ ‘ਗੈਰਿੰਗ ਨੋਕ’ ਕਹਿੰਦੇ ਹਨ। ਇਹ ਇੱਕ ਪਾਰੰਪਰਿਕ ਆਵਾਸ ਹੈ, ਜੋ ਤ੍ਰਿਪੁਰਾ ਦੀਆਂ ਕਈ ਜਾਤੀਆਂ ਵਿੱਚ ਆਮ ਹੈ, ਜਿਸ ਵਿੱਚ ਭਾਰਤਜੋਏ ਦਾ ਆਪਣਾ ਭਾਈਚਾਰਾ ਵੀ ਸ਼ਾਮਲ ਹੈ।
ਉਹ ਦੱਸਦੇ ਹਨ,"ਅਸੀਂ ਪਹਾੜੀ ਲੋਕ ਕਦੇ ਵੀ ਕੱਚੇ ਜਾਂ ਪੱਕੇ ਘਰਾਂ ਵਿੱਚ ਨਹੀਂ ਰਹਿੰਦੇ। ਸਾਨੂੰ ਹਮੇਸ਼ਾ ਟੋਂਗ ਘਰ ਹੀ ਪਸੰਦ ਸਨ।" ਇਹ ਕਹਿੰਦੇ ਹੋਏ ਉਹ ਉੱਤਰ ਤ੍ਰਿਪੁਰਾ ਜ਼ਿਲ੍ਹੇ ਦੇ ਇਸ ਪਾਰਾ (ਬਸਤੀ) ਵਿੱਚ ਆਪਣੇ ਘਰ ਵੱਲ ਇਸ਼ਾਰਾ ਕਰਦੇ ਹਨ। ਬਾਂਸਾਂ ਦਾ ਬਣਿਆ ਇਹ ਘਰ ਖੜ੍ਹਾ ਵੀ ਬਾਂਸ ਦੇ ਖੰਭਿਆਂ 'ਤੇ ਹੀ ਹੈ, ਜ਼ਮੀਨ ਤੋਂ ਲਗਭਗ ਇੱਕ ਫੁੱਟ ਉਤਾਂਹ। ਪਹਿਲਾਂ ਇਨ੍ਹਾਂ ਘਰਾਂ ਦੀ ਛੱਤਾਂ ਘਾਹ-ਫੂਸ ਨਾਲ਼ ਢੱਕੀਆਂ ਹੁੰਦੀਆਂ ਸਨ, ਪਰ ਭਰਤਜੋਏ ਦੇ ਟੋਂਗ ਘਰ ਦੀ ਛੱਤ ਟੀਨ ਦੀ ਹੈ। ਇਹ ਇੱਕ ਲੰਮੀ ਅਤੇ ਟੇਢੇ-ਮੇਢੇ ਪੱਥਰਾਂ ਨਾਲ਼ ਬਣੀ ਸੜਕ ਦੇ ਕੰਢੇ ਖੜ੍ਹਾ ਹੈ, ਜੋ ਬਾਗਬਾਸਾ ਤੋਂ ਆਉਂਦੀ ਹੈ ਅਤੇ ਸ਼ਾਂਤੀ ਭਰੇ ਟੋਂਗਚੇਰਾ ਪਾਰਾ, ਜ਼ੈਥਾਂਗ ਪਿੰਡ ਤੱਕ ਜਾਂਦੀ ਹੈ, ਜਿੱਥੇ ਅਸੀਂ ਉਨ੍ਹਾਂ ਨਾਲ਼ ਗੱਲ ਕਰ ਰਹੇ ਹਾਂ।
ਪਿੰਡ ਵਿੱਚ ਪ੍ਰਵੇਸ਼ ਕਰਦਿਆਂ ਹੀ ਸਭ ਤੋਂ ਪਹਿਲਾਂ ਭਰਤਜੋਈ ਦਾ ਘਰ ਦਿੱਸਦਾ ਹੈ। ਇਹ ਪਹਾੜਾਂ ਦੀ ਉਚਾਈ 'ਤੇ ਵੱਸਿਆ ਇੱਕ ਪਿੰਡ ਹੈ, ਜੋ ਚੁਫ਼ੇਰਿਓਂ ਸੰਘਣੇ ਜੰਗਲ ਅਤੇ ਸ਼ਾਂਤ ਪਾਣੀ ਦੇ ਤਲਾਬ ਨਾਲ਼ ਘਿਰਿਆ ਹੈ। ਤ੍ਰਿਪੁਰਾ ਰਾਜ ਦੇ ਧਰਮਨਗਰ ਸ਼ਹਿਰ ਤੋਂ ਲਗਭਗ 25 ਕਿਲੋਮੀਟਰ ਦੂਰ, ਇਹ ਇੱਕ ਕਾਫ਼ੀ ਇਕੱਲੀ ਜਿਹੀ ਬਸਤੀ ਹੈ। ਇੱਥੇ ਰਿਆਂਗ (ਜਾਂ ਰਾਈਂਗ) ਜਾਤੀ ਦੇ ਲਗਭਗ 150 ਪਰਿਵਾਰ ਰਹਿੰਦੇ ਹਨ। ਇਹ ਜਾਤੀ ਰਾਜ ਦੀ ਇੱਕਮਾਤਰ ਵਿਸ਼ੇਸ਼ ਰੂਪ ਨਾਲ਼ ਕਮਜ਼ੋਰ ਜਾਤੀ ਗਰੁੱਪ (ਪੀਵੀਟੀਜੀ) ਦੇ ਰੂਪ ਵਿੱਚ ਸੂਚੀਬੱਧ ਹੈ।


















