ਚਦਰਿਆ ਝੀਨੀ ਰੇ ਝੀਨੀ, ਚਦਰਿਆ ਝੀਨੀ ਰੇ ਝੀਨੀ
ਰਾਮ ਨਾਮ ਰਸ ਭੀਨੀ, ਚਦਰਿਆ ਝੀਨੀ ਰੇ ਝੀਨੀ
ਆਠ ਕੰਵਲ ਕਾ ਚਰਖਾ ਬਨਾਯਾ, ਪਾਂਚ ਤੱਤਵ ਕੀ ਪੂਨੀ
ਨੌ ਦਸ ਮਾਸ ਬੁਨਨ ਕੋ ਲਾਗੇ, ਮੂਰਖ ਮੈਲੀ ਕੀਨੀ
ਚਦਰਿਆ ਝੀਨੀ ਰੇ ਝੀਨੀ।
ਨਹਿਰੂ ਦਾਸ ਜੀ ਦੀਆਂ ਉਂਗਲਾਂ ਹਰਮੋਨੀਅਮ ਦੀਆਂ ਕੁੰਜੀਆਂ 'ਤੇ ਬੇਹੱਦ ਨਜ਼ਾਕਤ ਤੇ ਬਾਕਮਾਲ ਤਾਲਮੇਲ ਪੈਦਾ ਕਰਦੀਆਂ ਹੋਈਆਂ ਸੁਰਾਂ ਅਤੇ ਭਾਵਨਾਵਾਂ ਦੀ ਇੱਕ ਜਟਿਲ ਬੁਣਾਵਟ ਰਚਦੀਆਂ ਹਨ। ਅੱਜ ਉਨ੍ਹਾਂ ਨੂੰ ਕਬੀਰ ਦਾ ਦੋਹਾ ਗਾਉਂਦੇ ਹੋਏ ਦੇਖਣਾ ਇਹ ਕਲਪਨਾ ਕਰਨਾ ਆਸਾਨ ਬਣਾ ਦਿੰਦਾ ਹੈ ਕਿ ਕਦੇ ਇਹੀ ਉਂਗਲਾਂ ਉਨ੍ਹਾਂ ਦੇ ਪਿਟ ਲੂਮ (ਕਰਘੇ) 'ਤੇ ਕਿਵੇਂ ਨੱਚਦੀਆਂ ਰਹੀਆਂ ਹੋਣਗੀਆਂ। ਹਾਲਾਂਕਿ ਉਨ੍ਹਾਂ ਲਈ ਬੁਣਾਈ ਦੇ ਮੁਕਾਬਲੇ ਹੁਣ ਗਾਉਣਾ ਜ਼ਿਆਦਾ ਸੁਭਾਵਕ ਹੋ ਗਿਆ ਹੈ। ਉਨ੍ਹਾਂ ਨੇ ਇਹ ਵਿਰਾਸਤ ਆਪਣੇ ਦੋਹਾਂ ਪੁੱਤਾਂ ਨੂੰ ਸੌਂਪ ਦਿੱਤੀ ਹੈ। ਫਿਰ ਵੀ, ਉਹ ਸਾਨੂੰ ਆਪਣੇ ਗੀਤ ਅਤੇ ਆਪਣੇ ਕੰਮ ਵਿਚਾਲ਼ੇ ਸਬੰਧ ਨੂੰ ਦਿਖਾਉਣ ਲਈ ਉਤਸੁਕ ਹਨ।
“ਜਿਵੇਂ ਪ੍ਰਭੂ ਇਸ ਸਰੀਰ ਨੂੰ ਬੁਣਨ ਵਿੱਚ ਸਮਾਂ ਲੈਂਦੇ ਨੇ, ਮਾਂ ਦੇ ਗਰਭ ਵਿੱਚ ਬੱਚੇ ਨੂੰ ਜਨਮ ਲੈਣ ਵਿੱਚ ਨੌ ਮਹੀਨੇ ਲੱਗਦੇ ਨੇ। ਸਾਡੇ ਕਬੀਰ ਸਾਹਿਬ ਇਸੇ ਗੱਲ ਨੂੰ ਕੱਪੜਾ ਬੁਣਨ ਦੀ ਪ੍ਰਕਿਰਿਆ ਨਾਲ਼ ਜੋੜ ਕੇ ਇਸ ਸੰਸਾਰ ਦੀ ਹਕੀਕਤ ਸਮਝਾਉਂਦੇ ਹਨ,'' 70 ਸਾਲਾ ਨਹਿਰੂ ਦਾਸ ਆਪਣੇ ਆਪ ਨੂੰ ਬੈਗਾਚਕ ਦਾ ਸਭ ਤੋਂ ਬਜ਼ੁਰਗ ਬੁਣਕਰ ਦੱਸਦੇ ਹਨ।






















