“ਕੌਡੀ, ਕੌਡੀ, ਕੌਡੀ, ਕਬੱਡੀ, ਕਬੱਡੀ, ਕਬੱਡੀ….”
ਮਿੱਟੀ ਦੇ ਘੇਰੇ ਵਿੱਚ ਆਵਾਜ਼ਾਂ ਉੱਚੀਆਂ ਹੁੰਦੀਆਂ ਜਾ ਰਹੀਆਂ ਸੀ - ਰੇਡਰਾਂ ਤੇ ਸਟਾਪਰਾਂ ਵਿਚਾਲੇ ਜੰਗ ਦਾ ਦ੍ਰਿਸ਼। ਜਗ੍ਹਾ ਸੀ ਦਿੱਲੀ ਦੇ ਬਾਹਰ 2020-2021 ਵਿੱਚ ਸਿੰਘੂ ਅਤੇ ਟੀਕਰੀ ਬਾਰਡਰ ਉੱਤੇ ਹੋ ਰਿਹਾ ਕਿਸਾਨ ਅੰਦੋਲਨ। ਕਬੱਡੀ ਦੀ ਕਮੈਂਟਰੀ ਨਾਲ਼-ਨਾਲ਼ ਨਾਅਰਿਆਂ ਅਤੇ ਅੰਦੋਲਨ ਦੇ ਭਾਸ਼ਣ ਹਵਾ ਵਿੱਚ ਤੈਰ ਰਹੇ ਸਨ, ਜਿੱਥੇ ਲੱਖਾਂ ਕਿਸਾਨ ਤੇ ਖੇਤ ਮਜ਼ਦੂਰ ਉਦੋਂ ਤੱਕ ਡਟੇ ਰਹੇ ਜਦ ਤੱਕ ਤਿੰਨ ਖੇਤੀ ਕਾਨੂੰਨ ਵਾਪਸ ਨਹੀਂ ਲਏ ਗਏ।
ਸਤੰਬਰ 2021 ਵਿੱਚ ਚੱਲੇ ਹਫ਼ਤੇ ਦੇ ਟੂਰਨਾਮੈਂਟ ਵਿੱਚ ਇੱਕ ਨਵਾਂ ਖਿਡਾਰੀ ਉੱਭਰਿਆ: ਹਰਿਆਣੇ ਦੇ ਰੋਹਤਕ ਦਾ ਸ਼ੀਲੂ ਬਲਹਾਰਾ। ਉਹ ਬਾਅਦ ਵਿੱਚ ਪੰਜਾਬ ਦੇ ਕਬੱਡੀ ਸਿਤਾਰਿਆਂ ਦੀ ਲੀਗ ਵਿੱਚ ਸ਼ਾਮਲ ਹੋ ਗਿਆ, ਜਿੱਥੇ ਘੱਟ-ਆਮਦਨੀ ਵਾਲ਼੍ ਤੇ ਹਾਸ਼ੀਆਗਤ ਭਾਈਚਾਰਿਆਂ ਦੇ ਨੌਜਵਾਨ ਆਰਥਿਕ ਤੌਰ ’ਤੇ ਮਜ਼ਬੂਤ ਹੋ ਰਹੇ ਹਨ।
ਸਰਕਲ-ਸਟਾਈਲ ਕਬੱਡੀ ਉਨ੍ਹਾਂ ਪਹਿਲੀਆਂ ਖੇਡਾਂ ਵਿੱਚੋਂ ਹੈ ਜੋ ਪੰਜਾਬ ਦੇ ਪਿੰਡਾਂ ਦੇ ਮੁੰਡੇ ਖੇਡਣੀ ਸ਼ੁਰੂ ਕਰਦੇ ਹਨ। ਇਹਦੀ ਖਿੱਚ ਇਹਦੀ ਸਾਦਗੀ ਵਿੱਚ ਹੈ; ਕੋਈ ਸਾਜ਼ੋ-ਸਮਾਨ ਨਹੀਂ ਚਾਹੀਦਾ - ਆਮ ਕਰਕੇ ਖਿਡਾਰੀ ਜੁੱਤੇ ਵੀ ਨਹੀਂ ਪਾਉਂਦੇ। ਸੌਖੇ ਨਿਯਮ ਹਨ, ਤੇ ਮਿੱਟੀ ’ਤੇ ਖੇਡੀ ਜਾਂਦੀ ਹੈ।
ਜਿਹੜੇ ਨੌਜਵਾਨ ਤਾਕਤਵਰ ਸਰੀਰ ਬਣਾਉਣ ’ਚ ਮਾਣ ਮਹਿਸੂਸ ਕਰਦੇ ਨੇ, ਉਨ੍ਹਾਂ ਲਈ ਇਹ ਹੋਰ ਵੀ ਖਿੱਚ ਦਾ ਕੇਂਦਰ ਬਣਦੀ ਹੈ ਕਿਉਂਕਿ ਸਰੀਰ ਦੀ ਮਿਹਨਤ ਲੱਗਦੀ ਹੈ। ਇਹ ਪੰਜਾਬ ਸਟਾਈਲ ਕਬੱਡੀ ਮੇਲਿਆਂ, ਭਾਈਚਾਰਕ ਇਕੱਠਾਂ, ਅਤੇ ਸਥਾਨਕ ਟੂਰਨਾਮੈਂਟਾਂ ਵਿੱਚ ਖੇਡੀ ਜਾਂਦੀ ਹੈ।
ਪੰਜਾਬ ’ਚ ਕਬੱਡੀ ਖੇਤੀ ਦੇ ਸੀਜ਼ਨ ਦੇ ਹਿਸਾਬ ਨਾਲ਼ ਖੇਡੀ ਜਾਂਦੀ ਹੈ। ਬਿਜਾਈ ਤੋਂ ਬਾਅਦ ਅਕਤੂਬਰ ਵਿੱਚ ਸ਼ੁਰੂਆਤ ਹੁੰਦੀ ਹੈ, ਤੇ ਵਾਢੀ ਵੇਲ਼ੇ ਅਪ੍ਰੈਲ ਤੱਕ ਖੇਡੀ ਜਾਂਦੀ ਹੈ।




















