ਮਨੋਰ ਫਾਟਾ (ਜੰਕਸ਼ਨ) 'ਤੇ ਸਵੇਰ ਕਾਫ਼ੀ ਠੰਡੀ ਹੈ ਤੇ ਲੋਕੀਂ ਬੁਝ ਰਹੇ ਅਲਾਵਾਂ ਦੁਆਲ਼ੇ ਇਕੱਠੇ ਹੋ ਰਹੇ ਹਨ। ਬੀਤੀ ਰਾਤ ਵੀ ਬਹੁਤ ਠੰਡੀ ਸੀ ਸਵੇਰ ਦਾ ਹਾਲ ਵੀ ਕੁਝ ਬਿਹਤਰ ਤਾਂ ਨਹੀਂ, ਜਿਵੇਂ ਕਿ ਲਕਸ਼ਮੀ ਦੱਤੂ ਬੋਬਾ ਦੱਸਦੇ ਹਨ,''ਜਿਓਂ ਮੀਂਹ ਦੀਆਂ ਬੂੰਦਾਂ ਕਿਰ ਰਹੀ ਹੋਣ- ਇੰਨਾ ਠੰਡਾ ਪਾਣੀ ਸਾਡੇ 'ਤੇ ਡਿੱਗਦਾ ਰਿਹਾ।''
ਠੰਡ ਹੱਡ-ਚੀਰਵੀਂ ਸੀ, ਪਰ ਉਸ ਤੋਂ ਵੱਧ ਚੀਰਵਾਂ ਇਸ 46 ਸਾਲਾ ਆਦਿਵਾਸੀ ਕਿਸਾਨ ਦਾ ਗੁੱਸਾ ਹੈ ਜੋ ਜ਼ਮੀਨ, ਪਾਣੀ ਤੇ ਸਭ ਤੋਂ ਜ਼ਰੂਰੀ ਦਿਹਾੜੀਆਂ ਨੂੰ ਲੈ ਕੇ ਫੁੱਟ-ਫੁੱਟ ਪੈ ਰਿਹਾ ਸੀ। ਉਨ੍ਹਾਂ ਵਾਂਗਰ ਹੀ ਹਜ਼ਾਰਾਂ ਦੇ ਹਜ਼ਾਰ ਪੁਰਸ਼ ਤੇ ਔਰਤਾਂ ਲੰਬੇ ਸਮੇਂ ਤੋਂ ਟਲ਼ਦੇ ਆ ਰਹੇ ਮੁੱਦਿਆਂ ਦੇ ਹੱਲ ਦੀ ਉਡੀਕ ਕਰਦੇ-ਕਰਦੇ ਅਖ਼ੀਰ ਪਾਲਘਰ ਜ਼ਿਲ੍ਹਾ ਕੁਲੈਕਟਰ ਦਫ਼ਤਰ ਵੱਲ ਨੂੰ ਵੱਧਦੇ ਜਾ ਰਹੇ ਹਨ। ਉਨ੍ਹਾਂ ਦੇ ਮੁੱਦਿਆ ਵਿੱਚ ਜੋਤਾਂ (ਭੋਇੰ) ਦੇ ਕਨੂੰਨੀ ਹੱਕ, ਪੀਣਯੋਗ ਪਾਣੀ ਤੇ ਸਭ ਤੋਂ ਅਹਿਮ ਮਜ਼ਦੂਰੀ ਹਨ। ਅਜਿਹੇ ਮੁੱਦੇ ਜੋ ਉਨ੍ਹਾਂ ਨੂੰ ਮਾਣ ਨਾਲ਼ ਜ਼ਿੰਦਗੀ ਜਿਊਣ ਦੀ ਬੁਨਿਆਦੀ ਲੋੜ ਨਾਲ਼ ਜੁੜੇ ਹਨ।
''ਪੂਰੇ ਸਾਲ ਦੀ ਤਾਂ ਗੱਲ ਹੀ ਛੱਡੋ, ਸਾਨੂੰ ਤਾਂ ਰੋਜ਼ਗਾਰ ਹਮੀ ਯੋਜਨਾ ਨਾਲ਼ ਇੱਕ ਦਿਹਾੜੀ ਤੱਕ ਨਹੀਂ ਲੱਗਦੀ,'' ਖਿੱਝੇ ਸੁਰ ਵਿੱਚ ਲਕਸ਼ਮੀ ਕਹਿੰਦੀ ਹੈ, ਉਹ ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੋਜ਼ਗਾਰ ਗਰੰਟੀ ਐਕਟ (ਮਨਰੇਗਾ) ਬਾਰੇ ਗੱਲ ਕਰ ਰਹੇ ਹਨ। ਕੇਂਦਰ ਸਰਕਾਰ ਨੇ ਇਹਦੇ ਢਾਂਚੇ ਵਿੱਚ ਕੁਝ ਬਦਲਾਅ ਕੀਤੇ ਹਨ ਤੇ ਇਹਦਾ ਨਾਮ ਬਦਲ ਕੇ ਵਿਕਸਿਤ ਭਾਰਤ-ਜੀ ਰਾਮ ਜੀ ਐਕਟ (ਵੀਬੀ-ਜੀ ਰਾਮ ਜੀ) ਕਰ ਦਿੱਤਾ ਹੈ, ਕੰਮ ਦੀ ਕਨੂੰਨੀ ਗਰੰਟੀ ਯਕੀਨੀ ਬਣਾਉਣ ਦੀ ਥਾਂ ਸਰਕਾਰੀ ਬਜਟ ਦਾ ਬਹੁਤੇਰਾ ਹਿੱਸਾ ਰਾਜਾਂ ਦੇ ਸਿਰ ਮੜ੍ਹ ਦਿੱਤਾ ਗਿਆ।
ਸੀ.ਪੀ.ਆਈ. (ਐੱਮ) ਅਤੇ ਕੁੱਲ ਭਾਰਤੀ ਕਿਸਾਨ ਸਭਾ ਦੇ ਮਹਾਰਾਸ਼ਟਰ ਇਕਾਈ ਵੱਲੋਂ ਆਯੋਜਿਤ ਇਸ ਵਿਰੋਧ ਮਾਰਚ ਵਿੱਚ ਹਜ਼ਾਰਾਂ ਲੋਕ ਸ਼ਾਮਲ ਹੋਏ ਸਨ। ਉਨ੍ਹਾਂ ਦੀਆਂ ਮੁੱਖ ਮੰਗਾਂ ਵਿੱਚ ਸਾਲ ਵਿੱਚ 200 ਦਿਨਾਂ ਦੇ ਰੋਜ਼ਗਾਰ ਦੀ ਗਾਰੰਟੀ ਅਤੇ ਘੱਟੋ-ਘੱਟ 600 ਰੁਪਏ ਦੀ ਨਿਊਨਤਮ ਦਿਹਾੜੀ ਸ਼ਾਮਲ ਸੀ। 19 ਜਨਵਰੀ, 2026 ਨੂੰ ਸ਼ੁਰੂ ਹੋਇਆ ਇਹ ਮਾਰਚ 21 ਜਨਵਰੀ ਨੂੰ ਜ਼ਿਲ੍ਹਾ ਕਲੈਕਟਰ ਵੱਲੋਂ ਹਰ ਮੰਗ 'ਤੇ ਵਾਅਦੇ ਮਿਲ਼ਣ ਤੋਂ ਬਾਅਦ ਖ਼ਤਮ ਹੋ ਗਿਆ।












