54 ਸਾਲਾ ਕਿਰਨ ਗਾਹਲਾ ਤੇ ਉਨ੍ਹਾਂ ਜਿਹੇ ਹੋਰ ਕਈ ਆਦਿਵਾਸੀ ਕਿਸਾਨਾਂ ਲਈ ਇਹ ਤਜ਼ਰਬਾ ਕੋਈ ਬਹੁਤਾ ਅਲੋਕਾਰੀ ਨਹੀਂ।
19 ਜਨਵਰੀ 2026 ਨੂੰ ਉਹ ਪਾਲਘਰ ਜ਼ਿਲ੍ਹੇ ਦੇ ਡੋਲਹਾਰੀ ਬੁਦਰੁਕ ਪਿੰਡ ਵਿਖੇ ਪੈਂਦੇ ਆਪਣੇ ਛੋਟੇ ਜਿਹੇ ਘਰ ਵਿੱਚੋਂ ਲਾਲ ਟੀ-ਸ਼ਰਟ ਤੇ ਗਲ਼ੇ ਵਿੱਚ ਲਾਲ ਪਰਨਾ ਪਾਈ ਬਾਹਰ ਨਿਕਲ਼ੇ। ਉਹ ਬਾਹਰ ਉਡੀਕ ਰਹੇ ਟੈਂਪੂ-ਟਰੱਕ ਵਿੱਚ ਸਵਾਰ ਹੋਏ ਜਿੱਥੇ ਹੋਰ ਆਦਿਵਾਸੀ ਕਿਸਾਨ ਵੀ ਉਨ੍ਹਾਂ ਦੇ ਨਾਲ਼ ਸਨ, ਟੈਂਪੂ ਚਾਰੋਟੀ ਪਿੰਡ ਵੱਲ ਨੂੰ ਰਵਾਨਾ ਹੋਇਆ। ਬੱਸ ਇਸੇ ਥਾਂ ਤੋਂ ਕੁੱਲ ਭਾਰਤੀ ਕਿਸਾਨ ਸਭਾ (AIKS), ਮਹਾਰਾਸ਼ਟਰ ਦਾ ਦੂਜਾ ਵੱਡਾ ਮਾਰਚ ਵਿੱਢਿਆ ਜਾਣ ਵਾਲ਼ਾ ਸੀ।
ਇੱਥੇ ਹਜ਼ਾਰਾਂ ਦੇ ਹਜ਼ਾਰ ਕਿਸਾਨ ਮੌਜੂਦ ਸਨ, ਮੀਡੀਆ ਰਿਪੋਰਟਾਂ ਅਤੇ AIKS ਦੇ ਅੰਦਾਜ਼ੇ ਦੀ ਗੱਲ ਕਰੀਏ 50,000 ਦੇ ਕਰੀਬ ਕਿਸਾਨਾਂ ਦਾ ਇਕੱਠ ਸੀ, ਜਿਸ ਵਿੱਚੋਂ ਵੱਡੀ ਗਿਣਤੀ ਪਾਲਘਰ ਜ਼ਿਲ੍ਹੇ ਦੇ ਆਦਿਵਾਸੀਆਂ ਦੀ ਸੀ। ਜ਼ਮੀਨੀ-ਹਕੂਕਾਂ ਨੂੰ ਬਿਹਤਰ ਢੰਗ ਨਾਲ਼ ਲਾਗੂ ਕੀਤੇ ਜਾਣ, ਮਨਰੇਗਾ ਦੀ ਬਹਾਲੀ, ਵਾਧਵਨ ਪੋਰਟ ਰੱਦ ਕਰਨ ਤੇ ਪੀਣ ਲਈ ਤੇ ਸਿੰਚਾਈ ਲਈ ਪਾਣੀ ਦੀ ਉਪਲਬਧਤਾਂ ਦੀਆਂ ਮੰਗਾਂ ਰੱਖਦਿਆਂ ਇਸ ਹਜ਼ੂਮ ਨੇ ਜ਼ਿਲ੍ਹਾ ਕੁਲੈਕਟਰ ਦਫ਼ਤਰ (ਕੁਲੈਕਟੋਰੇਟ) ਵੱਲ ਚਾਲੇ ਪਾਏ।











