ਮੁਰਗੇ ਦੀ ਧੌਣ ਵਿੱਚ ਦੰਦ ਗਡਾਉਣ ਤੋਂ ਬਾਅਦ ਉਹ ਇੱਕ ਤੋਰੱਪੂ (ਬੱਕਰੇ ਦਾ ਫੇਫੜੇ) ਨੂੰ ਆਪਣੇ ਦੰਦਾਂ ਵਿੱਚ ਫੜ੍ਹਦੇ ਹਨ ਤੇ ਥਿਰਕਦੀ ਹੋਏ ਅੱਗੇ ਵੱਧਦੇ ਹਨ। ਉਨ੍ਹਾਂ ਦੇ ਖੱਬੇ ਹੱਥ ਵਿੱਚ ਇੱਕ ਦਾਤੀ ਲਹਿਰਾ ਰਹੀ ਹੈ। ਇਹ ਬਲ਼ੀ ਸੂਡਈ ਕਾਲ਼ੀ ਜਾਂ ਕਬਰਿਸਤਾਨ ਦੀ ਦੇਵੀ ਦੇ ਸਨਮਾਨ ਵਿੱਚ ਦਿੱਤੀ ਜਾਂਦੀ ਹੈ। ਉਨ੍ਹਾਂ ਨੇ ਕਾਲ਼ੀ ਸਾੜੀ ਪਾਈ ਹੋਈ ਹੈ ਤੇ ਉਹ ਦੇਵੀ ਪੁਤਰੂ ਪੰਕਾਵਨੱਤੂ ਅੰਮਨ ਮੰਦਰ ਤੋਂ ਤੀਰਵਲਾਮ ਸ਼ਹਿਰ ਵਿਖੇ ਪੂਨਾਈ ਨਦੀ ਵੱਲ ਜਾਣ ਵਾਲ਼ੀ ਇੱਕ ਭੀੜ-ਭੜੱਕੇ ਵਾਲ਼ੀ ਸੜਕ 'ਤੇ ਪੰਬਈ ਤੇ ਪਰਈ ਢੋਲ ਦੀਆਂ ਥਾਪਾਂ 'ਤੇ ਨੱਚ ਰਹੇ ਹਨ। ਨੱਚਦੇ-ਨੱਚਦੇ ਇਹ ਤੀਰੂਨੰਗਈ (ਤਮਿਲ ਭਾਸ਼ਾ ਵਿੱਚ ਦੁਵਲੰਗੀ ਮਹਿਲਾ) ਸ਼ੋਭਾਯਾਤਰਾ ਦੇ ਨਦੀ ਦੇ ਸੁੱਕ ਚੁੱਕੇ ਤਲਛਟ ਤੱਕ ਪਹੁੰਚਣ ਬਾਅਦ ਥੱਕ ਕੇ ਡਿੱਗ ਜਾਂਦੀ ਹੈ। ਇਸ ਸ਼ੋਭਾਯਾਤਰਾ ਦੀ ਅਗਵਾਈ ਖੁਦ ਐਸ਼ਵਿਰਆ ਹੀ ਕਰ ਰਹੇ ਹਨ। ਪਰ ਇਹ ਸਿਰਫ਼ ਉਨ੍ਹਾਂ ਦੀ 'ਪੇਸ਼ਕਾਰੀ' ਹੀ ਨਹੀਂ ਹੈ। 37 ਸਾਲਾ ਇਹ ਦੁਵਲੰਗੀ ਮਹਿਲਾ ਆਪਣੀ ਇੱਕ ਨਾਟਕ ਮੰਡਲੀ ਵੀ ਚਲਾਉਂਦੀ ਹੈ। ਹਾਲਾਂਕਿ ਉਨ੍ਹਾਂ ਕੋਲ਼ ਅਜੇ ਕਈ ਘੰਟੇ ਬਾਕੀ ਹਨ। ਪਰ ਅੱਜ ਦੇ ਦਿਨ ਸਮਾਪਤੀ 'ਤੇ ਉਨ੍ਹਾਂ ਨੂੰ ਆਪਣਾ ਨਾਟਕ ਵੀ ਪੇਸ਼ ਕਰਨਾ ਹੈ।
ਉਨ੍ਹਾਂ ਨੇ ਤਮਿਲ਼ਨਾਡੂ ਦੇ ਵੇਲੂਰ ਜ਼ਿਲ੍ਹੇ ਦੇ ਇਸ ਪਿੰਡ ਵਿੱਚ ਦਲਿਤ ਭਾਈਚਾਰਿਆਂ ਦੁਆਰਾ ਮਨਾਏ ਜਾਣ ਵਾਲ਼ੇ ਸਲਾਨਾ ਮਯਾਨਾ ਕੋੱਲਈ (ਕਬਰਿਸਤਾਨ ਨੂੰ ਲੁੱਟਣ ਵਾਲ਼ਾ ਤਿਓਹਾਰ) ਮੇਲੇ ਵਿੱਚ ਭਾਗ ਲਿਆ। ਇਹ ਮੇਲਾ ਤਮਿਲ਼ ਪਚੰਗ ਦੇ ਮਾਸੀ (ਮਾਰਚ) ਮਹੀਨੇ ਦੀ ਮੱਸਿਆ (ਅਮਾਵਾਸੀ) ਮੌਕੇ ਮਨਾਇਆ ਜਾਂਦਾ ਹੈ। ਇਹ ਐਸ਼ਵਰਿਆ ਚੱਕੀਲਿਆਰ ਭਾਈਚਾਰੇ ਨਾਲ਼ ਸਬੰਧਤ ਹਨ। ਇਸ ਜਾਤੀ ਨੂੰ ਰਾਜ ਵਿੱਚ ਪਿਛੜੀਆਂ ਜਾਤੀਆਂ ਵਿੱਚ ਦਰਜ ਕੀਤਾ ਗਿਆ ਹੈ। ਉਹ ਪਿਛਲੇ ਦੋ ਦਹਾਕਿਆਂ ਤੋਂ ਮੰਦਿਰ ਤਿਓਹਾਰਾਂ ਨਾਲ਼ ਜੁੜੀਆਂ ਰਸਮਾਂ ਵਿੱਚ ਭਾਗ ਲੈ ਰਹੇ ਹਨ।
"ਉਹ ਮੈਂ ਨਹੀਂ ਸੀ ਜਿਹਨੇ ਇੰਨੇ ਜੋਸ਼ ਵਿੱਚ ਡਾਂਸ ਕੀਤਾ। ਮੇਰੇ ਵਿੱਚ ਅੰਮਾਂ ਆਈ ਸੀ। ਮੈਨੂੰ ਉਸ ਸਮੇਂ ਕੀ ਹੋਇਆ ਯਾਦ ਨਹੀਂ ਹੈ," ਐਸ਼ਵਰਿਆ ਕਹਿੰਦੇ ਹਨ। ਅੰਮਾਂ, ਜਿਹਨੂੰ ਕਾਲ਼ੀ ਦਾ ਰੂਪ ਮੰਨਿਆ ਜਾਂਦਾ ਹੈ, ਭਾਈਚਾਰੇ ਦੀ ਪੂਜਣੀਯ ਦੇਵੀ ਹੈ। ਸਾਰੀਆਂ ਰਸਮਾਂ ਅਦਾ ਹੋਣ ਤੋਂ ਬਾਅਦ ਰਾਤੀਂ 10 ਵਜੇ ਆਖ਼ਰੀ ਪ੍ਰਦਰਸ਼ਨ ਸ਼ੁਰੂ ਹੋਵੇਗਾ।
ਉਸ ਰਾਤ ਦਾ ਨਜ਼ਾਰਾ ਹੀ ਕੁਝ ਹੋਰ ਸੀ। ਐਸ਼ਵਰਿਆ ਨੇ ਆਪਣੀ ਊਰਜਾ ਮੁੜ ਪ੍ਰਾਪਤ ਕਰ ਲਈ ਸੀ ਜਿਵੇਂ ਗਲ਼ੀ ਦੇ ਐਨ ਵਿਚਕਾਰ ਲੱਗੇ 10X12 ਫੁੱਟ ਦੀ ਉੱਚੀ ਸਟੇਜ 'ਤੇ ਖੜ੍ਹੇ ਹੁੰਦੇ ਹਨ। ਉਹ ਤਿਓਹਾਰ ਦੇ ਅਯੋਜਕਾਂ ਨੂੰ ਦੱਸ ਰਹੇ ਹੁੰਦੇ ਹਨ ਕਿ ਬੈਨਰਾਂ ਨੂੰ ਕਿੱਥੇ ਰੱਖਣਾ ਹੈ, 500 ਵਾਟ ਦੀ ਬੱਤੀ ਲਈ ਢੁੱਕਵੀਂ ਥਾਂ ਲੱਭਣ ਤੱਕ ਵਿੱਚ ਸਾਰਿਆਂ ਦੀ ਮਦਦ ਕਰਦੇ ਹਨ। "ਇਨ੍ਹਾਂ ਦੋਹਾਂ ਨੂੰ ਸਟੇਜ ਵੱਲ ਮੂੰਹ ਕਰਕੇ ਬੰਨ੍ਹ ਦਿਓ, ਰਤਾ ਟੇਢਾ ਕਰਕੇ," ਉਹ ਉੱਥੇ ਮੌਜੂਦ ਲੋਕਾਂ ਨੂੰ ਦਿਸ਼ਾ-ਨਿਰਦੇਸ਼ ਦੇ ਰਹੇ ਸਨ। ਉਹੀ ਸਟੇਜ ਮੈਨੇਜਰ ਹਨ, ਪੁਸ਼ਾਕ ਡਿਜ਼ਾਈਨਰ, ਰੋਸ਼ਨੀ ਡਿਜ਼ਾਈਨਰ, ਡਾਇਰੈਕਟਰ, ਨਾਟਕ ਟੀਮ ਮੁਖੀਆ ਭਾਵ ਕੁੱਲ ਕਰਤਾ-ਧਰਤਾ ਉਹੀ ਹੀ ਤਾਂ ਹਨ। ਕਿਹਾ ਜਾ ਸਕਦਾ ਹੈ ਕਿ ਐਸ਼ਵਰਿਆ ਇਕੱਲਿਆਂ ਹੀ ਅਸ਼ੋਕ ਨਾਟਕ ਮੰਦਰਮ ਨਾਮਕ ਇਸ ਡਰਾਮਾ-ਕੰਪਨੀ ਨੂੰ ਚਲਾਉਂਦੇ ਹਨ। ਸਟੇਜ 'ਤੇ ਲਮਕ ਰਹੇ ਕੱਪੜੇ ਦੇ ਬੈਨਰ 'ਤੇ ਮੋਟੇ-ਮੋਟੇ ਅੱਖਰਾਂ ਵਿੱਚ ਨਾਮ ਲਿਖਿਆ ਹੋਇਆ ਹੈ।



