ਪਹਿਲੀ ਵਾਰ ਗਜਾਨੰਦ ਸਹਾਰਿਆ ਨੇ ਸੁਣਿਆ ਹੋਣਾ ਕਿ ਉਹ ਵੀ ਕਿਸੇ ਜ਼ਮੀਨ ਦੇ ਮਾਲਕ ਹਨ, ਜਦੋਂ ਕੁਝ ਲੋਕੀਂ ਉਨ੍ਹਾਂ ਦੇ ਕੱਚੇ ਘਰ ਅੰਦਰ ਅਚਾਨਕ ਦਾਖਲ ਹੋ ਜਾਂਦੇ ਹਨ ਤੇ ਉਸ ਕੋਲ਼ੋਂ ਜ਼ਮੀਨ ਵੇਚਣ ਬਾਰੇ ਪੁੱਛਣ ਲੱਗਦੇ ਹਨ। ''ਉਨ੍ਹਾਂ ਦੱਸਿਆ ਕਿ ਮੇਰੇ ਨਾਮ 10 ਬਿਘੇ (ਕੋਈ ਛੇ ਏਕੜ) ਬੋਲ਼ਦੇ ਹਨ। ਹੈਰਾਨ ਹੋ ਕੇ ਮੈਂ ਵੀ ਉਹ ਜ਼ਮੀਨ (ਕੋਈ ਦੋ ਕਿਲੋਮੀਟਰ ਦੂਰ) ਦੇਖਣ ਚਲਾ ਗਿਆ। ਥੋੜ੍ਹੀ ਦੇਰ ਬਾਅਦ ਮੈਂ ਇੱਕ ਬੰਜਰ ਪੈਲ਼ੀ ਸਾਹਮਣੇ ਖੜ੍ਹਾ ਸਾਂ ਜਿਹਨੂੰ ਕਦੇ ਕਿਸੇ ਵਾਹਿਆ ਤੱਕ ਨਹੀਂ ਸੀ,'' ਕਾਲੋਨੀ ਪਿੰਡ ਦੇ ਮੁੰਡੇਯਾਰ (ਆਦਿਵਾਸੀ ਬਸਤੀ) ਦੇ ਵਾਸੀ ਦਾ ਕਹਿਣਾ ਹੈ।
35 ਸਾਲਾ ਸਹਾਰਿਆ ਆਦਿਵਾਸੀ ਖ਼ੁਦ ਦੇ ਨਾਮ ਨਾਲ਼ ਜੁੜੇ ਇਸ ਰੁਤਬੇ ਨੂੰ ਲੈ ਕੇ ਖ਼ੁਸ਼ ਵੀ ਸੀ ਤੇ ਹੈਰਾਨ ਵੀ ਸੀ ਤੇ ਹੱਥ ਲੱਗਣ ਵਾਲ਼ੇ ਪੈਸੇ ਬਾਰੇ ਸੋਚ-ਸੋਚ ਕੇ ਗੁਦਗੁਦਾ ਰਿਹਾ ਸੀ। ਵੈਸੇ ਵੀ ਮਹੀਨੇ ਵਿੱਚ ਉਨ੍ਹਾਂ ਦੀਆਂ ਚਾਰ-ਪੰਜ ਦਿਹਾੜੀਆਂ ਹੀ ਲੱਗਦੀਆਂ ਹਨ ਤੇ 200 ਰੁਪਏ ਦਿਹਾੜੀ ਮਿਲ਼ਦੀ ਹੈ; ਸੋ ਕਈ ਵਾਰੀਂ ਉਨ੍ਹਾਂ ਨੂੰ ਪ੍ਰਵਾਸ ਵੀ ਕਰਨਾ ਪੈਂਦਾ ਹੈ। ਗਜਾਨੰਦ ਦਾ 15 ਮੈਂਬਰਾਂ ਦਾ ਸਾਂਝਾ ਪਰਿਵਾਰ ਗੁਜ਼ਾਰੇ ਵਾਸਤੇ ਜੰਗਲੀ ਉਤਪਾਦਾਂ 'ਤੇ ਨਿਰਭਰ ਰਹਿੰਦਾ ਹੈ। ''ਅਸੀਂ ਮਹੂਆ, ਤੇਂਦੂ, ਬਾਲਣ, ਅਚਾਰ, ਆਂਵਲਾ ਆਦਿ ਚੁਗਦੇ ਹਾਂ,'' ਉਹ ਦੱਸਦੇ ਹਨ। ''ਬੱਸ ਇਓਂ ਸਾਡਾ ਗੁਜ਼ਾਰਾ ਚੱਲਦਾ ਰਹਿੰਦਾ ਹੈ।'' ਇਸ ਤਰੀਕੇ ਉਨ੍ਹਾਂ ਨੂੰ ਮਹੀਨ ਦੇ ਕੁਝ ਹਜ਼ਾਰ ਰੁਪਏ ਬਣ ਜਾਂਦੇ ਹਨ।
ਸ਼ਾਹਬਾਦ ਤਾਲੇਤੀ ਜੰਗਲ ਪੱਛਮੀ ਰਾਜਸਥਾਨ ਵਿਖੇ 179 ਵਰਗ ਕਿਲੋਮੀਟਰ ਵਿੱਚ ਫੈਲਿਆ ਹੋਇਆ ਹੈ ਜੋ ਉਨ੍ਹਾਂ ਦੀ ਰੋਜ਼ੀਰੋਟੀ ਦਾ ਵਸੀਲਾ ਹੈ। ਇਸ ਜੰਗਲ ਵਿਚਲੇ ਦੁਰਲੱਭ ਪੌਦੇ, ਰੁੱਖ ਤੇ ਜੰਗਲੀ ਜੀਵ ਇਹਨੂੰ ਸੰਘਣਾ ਬਣਾਉਂਦੇ ਹਨ। 2022 ਆਉਂਦੇ-ਆਉਂਦੇ, ਜੰਗਲਾਤ ਵਿਭਾਗ ਨੇ ਇਸ ਜੰਗਲ ਨੂੰ ਜੀਵ-ਤੰਤਰ ਦਾ ਅਹਿਮ ਹਿੱਸਾ ਕਬੂਲਿਆ ਤੇ ਉਹਨੂੰ ਸੁਰੱਖਿਆ-ਸੰਭਾਲ਼ ਰੱਖ ਦਾ ਨਾਮ ਦਿੱਤਾ। ਕਰਾਯਾ (Sterculia urens) ਬਹੁਤ ਹੀ ਵਿਰਲੇ-ਟਾਂਵੇ ਜੰਗਲਾਂ ਵਿੱਚ ਮਿਲ਼ਦਾ ਹੈ ਤੇ ਸ਼ਾਹਬਾਦ ਉਨ੍ਹਾਂ ਵਿੱਚੋਂ ਇੱਕ ਹੈ ਜਿੱਥੇ ਔਸ਼ਧੀ ਜੜ੍ਹੀਆਂ-ਬੂਟੀਆਂ ਭਰੀਆਂ ਪਈਆਂ ਹਨ।
ਇਹ ਜੰਗਲ ਜੰਗਲੀ ਜੀਵ ਐਕਟ 1972 ਤਹਿਤ ਪਹਿਲੀ ਅਨੁਸੂਚੀ ਵਿੱਚ ਸ਼ਾਮਲ ਕੀਤੇ ਗਏ ਜਾਨਵਰਾਂ ਅਤੇ ਪੰਛੀਆਂ ਦਾ ਅਵਾਸ ਸਥਾਨ ਹੈ, ਜਿਨ੍ਹਾਂ ਦਾ ਸ਼ਿਕਾਰ ਕਰਨਾ ਗ਼ੈਰ-ਕਨੂੰਨੀ ਹੈ। ਇਨ੍ਹਾਂ ਦੀ ਸੂਚੀ ਵਿੱਚ: ਬੰਗਾਲ ਫੌਕਸ, ਗੋਲਡਨ ਫੌਕਸ, ਭਾਰਤੀ ਭੇੜੀਆ, ਤੇਂਦੂਆ (ਪੈਂਥੇਰਾ ਪਾਰਡਸ), ਭਾਰਤੀ ਸਲੇਟੀ ਰੰਗਾ ਨਿਓਲ਼ਾ, ਧਾਰੀਦਾਰ ਗਿੱਦੜ (ਹਾਇਨਾ ਹਾਇਨਾ), ਬਿੱਜੂ, ਸਿਵੇਟ ਬਿੱਲੀ, ਕਾਲ਼ੇ ਰਿੱਛ (ਮੇਲਸਰਸ ਅਰਸਿਨਸ), ਲਾਲ ਸਿਰੀ ਵਾਲ਼ਾ ਗਿਰਝ, ਭਾਰਤੀ ਮੋਰ ਤੇ ਹੋਰ ਕਈ ਪ੍ਰਜਾਤੀਆਂ ਸ਼ਾਮਲ ਹਨ।
ਇਹ ਜੰਗਲ ਕੂਨੋ ਰਾਸ਼ਟਰੀ ਪਾਰਕ ਤੋਂ ਇੱਕ ਘੰਟੇ ਤੋਂ ਵੀ ਘੱਟ ਦੂਰੀ 'ਤੇ ਹੈ। ਇਹ ਉਸ ਪ੍ਰਸਤਾਵਿਤ ਕੌਰੀਡੋਰ ਦੇ ਅੰਦਰ ਸਥਿਤ ਹੈ, ਜਿਸ ਰਾਹੀਂ ਕੂਨੋ ਨੂੰ ਗਾਂਧੀ ਸਾਗਰ ਜੰਗਲੀ ਜੀਵ ਰੱਖ ਨਾਲ਼ ਜੋੜਨ ਦੀ ਯੋਜਨਾ ਬਣਾਈ ਗਈ ਹੈ। ਕਿਉਂਕਿ ਚੀਤੇ ਬਹੁਤ ਤੇਜ਼ੀ ਨਾਲ਼ ਖ਼ਤਮ ਹੋ ਰਹੇ ਹਨ, ਇਸ ਲਈ ਅਧਿਕਾਰੀਆਂ ਨੂੰ ਉਮੀਦ ਹੈ ਕਿ ਇਸ ਕੌਰੀਡੋਰ ਤੋਂ ਉਨ੍ਹਾਂ ਨੂੰ ਬਚਾਉਣ ਵਿੱਚ ਮਦਦ ਕਰੇਗਾ।
ਜੂਨ ਵਿੱਚ ਇਸ ਪੂਰੇ ਹਫ਼ਤੇ ਮੀਂਹ ਪੈਂਦਾ ਰਿਹਾ। ਪੂਰਾ ਜੰਗਲ ਛੋਟੀਆਂ-ਛੋਟੀਆਂ ਜਲ ਧਾਰਾਵਾਂ ਨਾਲ਼ ਭਰ ਗਿਆ ਹੈ ਜੋ ਜਾ ਕੇ ਵੱਡੀਆਂ ਧਾਰਾਵਾਂ ਨਾਲ਼ ਜੁੜਦੀਆਂ ਹਨ। ਇਹ ਸਾਰੀਆਂ ਧਾਰਾਵਾਂ ਕੁੰਡਾ ਖੋਹ ਝਰਨੇ ਵੱਲ ਨੂੰ ਵਹਿ ਰਹੀਆਂ ਹਨ, ਜੋ ਲਗਭਗ 100 ਫੁੱਟ ਉੱਚਾਈ ਤੋਂ ਚਿੱਕੜ ਭਰੇ ਪਾਣੀ ਨੂੰ ਇੱਕ ਡੂੰਘੀ ਖੱਡ ਵਿੱਚ ਸੁੱਟ ਰਿਹਾ ਹੈ। ਹੇਠਾਂ ਕੂਨੋ ਨਦੀ ਸੱਪ ਵਾਂਗੂੰ ਵਲ਼ੇਵੇਂ ਖਾਂਦੀ ਵਹਿ ਰਹੀ ਹੈ। ਮੀਂਹ ਦੇ ਬਾਵਜੂਦ ਪਿੰਡ ਵਾਲ਼ੇ ਇੱਥੇ ਜੰਗਲੀ ਉਤਪਾਦ ਇਕੱਠੇ ਕਰਦੇ ਹੋਏ ਨਜ਼ਰ ਆ ਰਹੇ ਹਨ।



















