ਸਤੰਬਰ 2025 ਦਾ ਪੂਰਾ ਮਹੀਨਾ ਵੀਣਾ ਰਾਣੀ ਨੇ ਸੌਂ ਕੇ ਨਾ ਦੇਖਿਆ। ਉਹ ਅੱਖਾਂ ਮੀਟੀ ਘੰਟਿਆਂ-ਬੱਧੀ ਮੰਜੀ 'ਤੇ ਲੇਟੀ ਰਹਿੰਦੀ। ਉਹਦੇ ਦਿਮਾਗ਼ ਵਿੱਚ ਪਿਛਲੇ ਮਹੀਨੇ ਆਏ ਭਿਆਨਕ ਹੜ੍ਹ ਦੀਆਂ ਯਾਦਾਂ ਘੁੰਮਦੀਆਂ ਰਹਿੰਦੀਆਂ, ਜਿਸ ਨੇ ਉਨ੍ਹਾਂ ਦੀ ਪੈਲ਼ੀ ਵੀ ਨਿਗਲ਼ ਲਈ ਤੇ ਘਰ ਵੀ। ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਵੱਲੇ ਸ਼ਾਹ ਉੱਤਰ ਪੂਰਾ ਮਹੀਨਾ ਤਬਾਹੀ ਦੇ ਮੁਹਾਨੇ 'ਤੇ ਬੈਠਾ ਰਿਹਾ।
“ਮੈਂ ਹੁਣ ਪਹਿਲਾਂ ਨਾਲ਼ੋਂ ਰਤਾ ਕੁ ਠੀਕ ਆਂ,” ਵੀਣਾ ਰਾਤ ਦੀ ਦਵਾਈ ਖਾਂਦਿਆਂ ਕਹਿੰਦੇ ਹਨ। ਪਿੰਡ ਦੀ ਫਿਰਨੀ ਤੋਂ ਬਾਹਰ ਖੇਤਾਂ ਦੇ ਵਿਚਕਾਰ ਬਣਿਆ ਉਨ੍ਹਾਂ ਦਾ ਤਿੰਨ ਕਮਰਿਆਂ ਵਾਲ਼ਾ ਪੱਕਾ ਘਰ ਸਤਲੁਜ ਨਦੀ ਦੇ ਕੋਲ਼ ਹੈ। ਘਰ ਤੋਂ ਦੇਖਿਆਂ ਇਹ ਧਾਰ ਸ਼ਾਂਤ ਦਿੱਸਦੀ ਹੈ, ਪਰ ਇੱਥੇ ਵੀ ਇਹ ਨਦੀ ਕੋਈ ਅੱਠ ਫੁੱਟ ਡੂੰਘੀ ਹੈ। ਉਸ ਦੇ ਪਾਰ ਉਨ੍ਹਾਂ ਦੀ ਚਾਰ ਕਿੱਲੇ ਜ਼ਮੀਨ ਹੈ।
“ਉਸਨੇ ਹੱਸਣਾ ਬੰਦ ਕਰ ਦਿੱਤਾ,” ਵੀਣਾ ਦੀ 26 ਸਾਲਾ ਭੈਣ, ਕੈਲਾਸ਼ ਰਾਣੀ ਕਹਿੰਦੇ ਹਨ। ਉਨ੍ਹਾਂ ਦੇ ਪਿਤਾ 52 ਸਾਲਾ, ਜਰਨੈਲ ਸਿੰਘ ਦੱਸਦੇ ਹਨ ਕਿ ਜੇ ਉਹ ਉਹਨੂੰ ਉੱਠ ਕੇ ਬੈਠਣ ਨੂੰ ਵੀ ਕਹਿ ਦਿੰਦੇ, ਉਹ ਰੋਣ ਲੱਗਦੀ।
“ਮੇਰਾ ਮਨ ਬੱਸ ਇਹੀ ਸੋਚਦਾ ਰਹਿੰਦਾ ਕਿ ਫ਼ਸਲ ਤਾਂ ਰੁੜ੍ਹ ਗਈ ਹੁਣ ਪੈਸੇ ਕਿੱਥੋਂ ਆਉਣਗੇ, ਪਾਣੀ ਕਦੋਂ ਲੱਥੂਗਾ, ਕੀ ਅਸੀਂ ਅਗਲੇ ਮੌਸਮ ਕਣਕ ਬੀਜ ਵੀ ਸਕਾਂਗੇ,” ਵੀਣਾ ਕਹਿੰਦੇ ਹਨ। ਉਹ ਇੰਨੀ ਬੇਚੈਨ ਰਹਿਣ ਲੱਗੀ ਕਿ ਕਿਸੇ ਆਪਣੇ ਨੂੰ ਵੀ ਕੁਝ ਸਮਝਾ ਨਾ ਪਾਉਂਦੀ ਕਿ ਉਹਨੂੰ ਚਿੰਤਾ ਕਿਸ ਗੱਲ ਦੀ ਹੈ। “ਇਓਂ ਜਾਪਦਾ ਜਿਓਂ ਕੋਈ ਭਾਰੀ ਚੀਜ਼ ਮੇਰੇ ਸਿਰ ਨੂੰ ਦਬਾਈ ਜਾਂਦੀ ਹੋਵੇ।”
ਪਿੰਡ ਦਾ ਹਰ ਇੱਕ ਬਾਸ਼ਿੰਦਾ ਹੜ੍ਹ ਤੋਂ ਪਰੇਸ਼ਾਨ ਸੀ ਤੇ ਵੀਣਾ ਨੂੰ ਜਾਪਦਾ ਸੀ ਇਹ ਔਖਾ ਸਮਾਂ ਵੀ ਲੰਘ ਜਾਵੇਗਾ।
ਪਰ ਇੰਝ ਹੋਇਆ ਨਾ। ਹੌਲ਼ੀ-ਹੌਲ਼ੀ ਉਹ ਚੁੱਪ ਹੋ ਗਈ ਤੇ ਨਿਢਾਲ਼ ਪਈ ਰਹਿਣ ਲੱਗੀ। ਪਰਿਵਾਰ ਉਹਨੂੰ 50 ਕਿਲੋਮੀਟਰ ਦੂਰ ਅਬੋਹਰ ਦੇ ਇੱਕ ਮਨੋਵਿਗਿਆਨੀ ਕੋਲ਼ ਲੈ ਗਿਆ, ਜਿੱਥੇ ਉਹਨੂੰ ਡ੍ਰਿਪੈਸ਼ਨ ਤੋਂ ਪੀੜਤ ਦੱਸਿਆ ਗਿਆ ਤੇ ਪੰਜ ਮਹੀਨਿਆਂ ਦੀ ਦਵਾਈ ਦਿੱਤੀ ਗਈ।
ਡਾਕਟਰ ਸਾਹਮਣੇ ਵੀ ਉਹ ਰੋਂਦੀ ਹੀ ਰਹੀ। ''ਦਿਮਾਗ਼ ਦੀਆਂ ਨਸਾਂ ਕਮਜ਼ੋਰ ਹੋ ਗਈਆਂ ਨੇ,'' ਉਹ ਕਹਿੰਦੇ ਹਨ।
















