“ਕੁਦਰਤੀ ਰੰਗਾਂ ਨਾਲ਼ ਰੰਗੇ ਕੱਪੜੇ ਨੂੰ ਧੋਣ ਲਈ ਵਗਦੀ ਹੋਈ ਨਦੀ ਦਾ ਹੋਣਾ ਜ਼ਰੂਰੀ ਹੈ,” ਅਬਦੁਲ ਹਲੀਮ ਦਾ ਕਹਿਣਾ ਹੈ। “ਯਹਾਂ ਪੇ ਤੋ ਹਾਥ ਧੋਨੇ ਕਾ ਪਾਨੀ ਨਹੀਂ ਮਿਲਤਾ !
ਹਲੀਮ ਜੀ ਤੀਜੀ ਪੀੜ੍ਹੀ ਦੇ ਬਲਾਕ ਛਪਾਈ ਦੇ ਕਾਰੀਗਰ ਹਨ ਜੋ ਦਿਨੋਂ ਦਿਨ ਘਟਦੇ ਮੁਨਾਫ਼ੇ ਅਤੇ ਨਕਲੀ ਉਤਪਾਦਾਂ ਦੇ ਥਪੇੜਿਆਂ ਨੂੰ ਝੱਲਦਿਆਂ ਆਪਣੀ ਵਰਕਸ਼ਾਪ ਨੂੰ ਚਾਲੂ ਰੱਖਣ ਦਾ ਸੰਘਰਸ਼ ਕਰ ਰਹੇ ਹਨ। ਇੰਦੌਰ ਵਰਗੇ ਪਾਣੀ ਦੀ ਕਿੱਲਤ ਵਾਲ਼ੇ ਇਲਾਕੇ ਵਿੱਚ ਉਹਨਾਂ ਕੋਲ਼ ਛੇਤੀ ਰੰਗ ਫੜ੍ਹਨ ਵਾਲ਼ੇ ਕੈਮੀਕਲ ਰੰਗਾਂ ਨੂੰ ਵਰਤਣ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਬਚਿਆ।
ਬਲਾਕ ਛਪਾਈ ਦਾ ਕੰਮ ਲੱਕੜ ਦੇ ਬਲਾਕ ਦੇ ਨਮੂਨੇ ਤਿਆਰ ਕਰਨ ਤੋਂ ਹੁੰਦਾ ਹੈ ਅਤੇ ਹਲੀਮ ਜੀ ਜੋ ਨਮੂਨੇ ਤਿਆਰ ਕਰਦੇ ਹਨ ਉਹਨਾਂ ਨੂੰ ਉਹ ਜੈਪੁਰ, ਫਰੂਖਾਬਾਦ ਅਤੇ ਫ਼ਤਿਹਪੁਰ ਦੇ ਬਲਾਕ ਬਣਾਉਣ ਵਾਲ਼ੇ ਕਾਰੀਗਰਾਂ ਕੋਲ਼ ਭੇਜਦੇ ਹਨ। ਉਹ ਆਮ ਤੌਰ ‘ਤੇ ਬਲਾਕ ਬਣਾਉਣ ਲਈ ਸਾਗਵਾਨ (ਟੀਕ) ਜਾਂ ਸ਼ੀਸ਼ਮ (ਟਾਹਲੀ) ਦੀ ਲੱਕੜ ਦੀ ਵਰਤੋਂ ਕਰਦੇ ਹਨ।
ਇਹਨਾਂ ਬਲਾਕਾਂ ਨੂੰ ਰੰਗ ਵਿੱਚ ਡੁਬੋ ਕੇ ਫਿਰ ਕੱਪੜੇ ‘ਤੇ ਛਾਪਿਆ ਜਾਂਦਾ ਹੈ। “ਇਹ ਸਾਡੀ ਵਿਰਾਸਤ ਦਾ ਹਿੱਸਾ ਹੈ,” ਹਲੀਮ ਜੀ ਇੰਨਾ ਕਹਿੰਦਿਆਂ ਹੀ ਚੰਦੇਰੀ ਦੇ ਦੁਪੱਟੇ 'ਤੇ ਝੁਕ ਜਾਂਦੇ ਹਨ ਜਿਸ ‘ਤੇ ਗੁਲਾਬੀ ਰੰਗ ਦੇ ਗੁਲਾਬ ਦੇ ਫੁੱਲਾਂ ਦੇ ਨਮੂਨੇ ਛਾਪੇ ਜਾਣੇ ਹਨ ਤਾਂ ਜੋ ਇਹ ਪੱਕਾ ਰੰਗ ਇੱਧਰ-ਓਧਰ ਨਾ ਫ਼ੈਲ ਜਾਵੇ। ਉਹ ਜੋ ਰੰਗ ਵਰਤ ਰਹੇ ਹਨ ਉਸ ਨੂੰ ਕੱਪੜੇ ‘ਤੇ ਲਾਉਣ ਤੋਂ ਪਹਿਲਾਂ ਜੂਟ, ਮਲਮਲ ਦੇ ਕੱਪੜੇ ਅਤੇ ਫ਼ਿਰ ਮੱਛਰਦਾਨੀ ਵਿੱਚੋਂ ਪੁਣਿਆ ਗਿਆ ਹੈ। ਇਸ ਨੂੰ ਸੁੱਕਣ ‘ਤੇ ਲਗਭਗ 72 ਘੰਟੇ ਲੱਗਦੇ ਹਨ, ਜੋ ਕਿ ਮੌਸਮ ‘ਤੇ ਕਾਫ਼ੀ ਨਿਰਭਰ ਕਰਦਾ ਹੈ ਖ਼ਾਸ ਤੌਰ ‘ਤੇ ਮੌਨਸੂਨ ਦੌਰਾਨ।














