ਤਾਜ਼ੀਆਂ ਤੋੜੀਆਂ ਚੈਰੀਆਂ ਪੀਲ਼ੀ ਤਰਪਾਲ 'ਤੇ ਢੇਰ ਕੀਤੀਆਂ ਪਈਆਂ ਹਨ, ਉੱਥੇ ਹੀ ਸੱਠਵਿਆਂ ਦੀ ਉਮਰ ਪਾਰ ਕਰ ਚੁੱਕੇ ਦੋ ਭਰਾ ਅਬਦੁਲ ਸਲਾਮ ਖ਼ਾਨ ਤੇ ਨਸਰੁੱਲਾ ਖ਼ਾਨ, ਚੌਂਕੜੀ ਮਾਰੀ ਬੈਠੇ ਹਨ ਤੇ ਆਪਣੇ ਮਾਹਰ ਹੱਥਾਂ ਨਾਲ਼ ਬੜੇ ਹੀ ਕਰੀਨੇ ਨਾਲ਼ ਫਲਾਂ ਨੂੰ ਗ੍ਰੇਡ ਦੇ ਹਿਸਾਬ ਨਾਲ਼ ਛਾਂਟ ਰਹੇ ਹਨ। ਜਲਰੋਧੀ ਕੱਪੜੇ 'ਤੇ ਪੈਂਦੀ ਧੁੱਪ ਉਨ੍ਹਾਂ ਦੇ ਝੁਰੜਾਏ ਚਿਹਰਿਆਂ ਨੂੰ ਰੌਸ਼ਨ ਕਰਦੀ ਹੈ, ਜੋ ਇਸ ਮੁਸ਼ਕਲ ਰਹੇ ਸੀਜ਼ਨ ਕਾਰਨ ਥੱਕੇ-ਥੱਕੇ ਜਾਪ ਰਹੇ ਹਨ।
ਲਗਭਗ ਪੌਣੇ ਏਕੜ ਵਿੱਚ ਫੈਲਿਆ ਉਨ੍ਹਾਂ ਦਾ ਛੋਟਾ ਜਿਹਾ ਬਾਗ਼ ਮੱਧ ਕਸ਼ਮੀਰ ਦੇ ਗਾਂਦਰਬਲ ਜ਼ਿਲ੍ਹੇ ਦੇ ਸੋਰਫ਼ ਰਾਵ ਪਿੰਡ ਵਿਖੇ ਸਥਿਤ ਹੈ।
ਜੂਨ ਦੀ ਨਿਖਰੀ ਇੱਕ ਸਵੇਰ ਅਬਦੁਲ ਸਲਾਮ ਕਹਿੰਦੇ ਹਨ,''ਇਹ ਸਾਲ ਬੜਾ ਔਖਾ ਰਹਿਣ ਵਾਲ਼ਾ ਹੈ। ਅਸੀਂ ਬੀਤੇ 40 ਸਾਲਾਂ ਤੋਂ ਇਹੀ ਕੰਮ ਕਰਦੇ ਰਹੇ ਹਾਂ ਪਰ ਇਸ ਵਾਰ ਵਰਗਾ ਸੀਜ਼ਨ ਮੈਂ ਪਹਿਲਾਂ ਕਦੇ ਨਹੀਂ ਸੀ ਥਿਆਇਆ।'' 65 ਸਾਲਾ ਬਜ਼ੁਰਗ ਸਿਰਫ਼ ਇੰਨਾ ਆਖ ਆਪਣੀ ਗੱਲ ਮੁਕੰਮਲ ਕਰਦੇ ਹਨ,''ਇੱਕ ਤਾਂ ਮੌਸਮ ਦੀ ਮਾਰ ਨੇ ਤੇ ਦੂਜਾ ਸੈਲਾਨੀਆਂ ਦੀ ਘਾਟ ਨੇ ਰਲ਼ ਕੇ ਸਾਨੂੰ ਮਾਰਿਆ ਹੈ।''
ਇਸ ਸਾਲ ਦੇ ਸ਼ੁਰੂ ਵਿੱਚ, ਪਸ਼ਤੂਨ ਭਾਈਚਾਰੇ ਨਾਲ਼ ਤਾਅਲੁੱਕ ਰੱਖਦੇ ਖ਼ਾਨ ਭਰਾਵਾਂ ਨੇ ਸੋਰਫ਼ ਰਾਵ ਵਿਖੇ ਅੱਡੋ-ਅੱਡ ਇਲਾਕਿਆਂ ਵਿੱਚ ਚੈਰੀਆਂ ਦਾ ਦੋ ਏਕੜ ਦਾ ਬਾਗ਼ ਪਟੇ 'ਤੇ ਲਿਆ। ਇਹ ਪਿੰਡ ਸ਼੍ਰੀਨਗਰ ਦੇ 49 ਕਿਲੋਮੀਟਰ ਉੱਤਰ ਵੱਲ ਪੈਂਦਾ ਹੈ ਜੋ ਉਨ੍ਹਾਂ ਦੇ ਘਰ, ਗੋਤਲੀ ਬਾਘ ਤੋਂ ਕੋਈ 35 ਕਿਲੋਮੀਟਰ ਦੂਰ ਹੈ।
ਪਰਿਵਾਰ ਨੇ ਭਾੜੇ ਦੇ ਮਜ਼ਦੂਰਾਂ ਨਾਲ਼ ਰਲ਼ ਕੇ ਤੁੜਾਈ ਕੀਤੀ, ਪਰ ਇੱਕ ਮਹੀਨੇ ਦੀ ਮੁਸ਼ੱਕਤ ਤੋਂ ਬਾਅਦ, ਅੱਜ ਖਰੀਦਦਾਰ ਲੱਭਣੇ ਮੁਸ਼ਕਲ ਹੋ ਰਹੇ ਹਨ।














