"ਮੈਂ ਇੱਥੇ ਕੀ ਕਰ ਰਿਹਾ ਹਾਂ? ਮੈਂ ਇੱਥੇ ਨੇੜੇ ਈ ਰਹਿੰਦਾ ਆਂ," ਸੁਖਰਾਮ ਕੁਮੇਤੀ 200 ਕੁ ਮੀਟਰ ਦੂਰ ਆਪਣੇ ਘਰ ਵੱਲ ਇਸ਼ਾਰਾ ਕਰਦੇ ਹੋਏ ਕਹਿੰਦੇ ਹਨ। 60 ਦੀ ਉਮਰੇ ਪੜਦਾਦਾ ਬਣ ਚੁੱਕੇ ਸੁਖਰਾਮ, ਸੜਕ ਕੰਢੇ ਪਏ ਇੱਕ ਪੱਥਰ 'ਤੇ ਬੈਠੇ ਸਨ। ਉਨ੍ਹਾਂ ਦੀ ਦੇਹ 'ਤੇ ਰੁੱਖ ਦੀ ਅੱਧੀ ਕੁ ਛਾਂ ਪੈ ਰਹੀ ਸੀ। ਸੁਖਰਾਮ ਦੇ ਸਾਹਮਣੇ ਕੁਝ ਚੀਜ਼ਾਂ ਪਈਆਂ ਸਨ ਜਿਨ੍ਹਾਂ ਨੇ ਸਾਨੂੰ ਉਨ੍ਹਾਂ ਨਾਲ਼ ਗੱਲ ਕਰਨ ਲਈ ਮਜ਼ਬੂਰ ਕਰ ਦਿੱਤਾ।
ਉਨ੍ਹਾਂ ਸਾਹਮਣੇ ਪਈ 20 ਲੀਟਰ ਵਾਲ਼ੀ ਕੈਨੀ ਚਿੱਟੇ ਤਰਲ ਨਾਲ਼ ਭਰੀ ਹੋਈ ਸੀ। ਇਸ ਤੋਂ ਇਲਾਵਾ ਪਲਾਸਟਿਕ ਦੀ ਇੱਕ ਬਾਲਟੀ ਵੀ ਸੀ ਜਿਸ ਅੰਦਰ ਪਾਣੀ ਸੀ, ਜੋ ਦਹਾਕਾ ਪਹਿਲਾਂ ਪੇਂਟ ਨਾਲ਼ ਭਰੀ ਰਹੀ ਹੋਵੇਗੀ। ਪੂਰੇ ਦ੍ਰਿਸ਼ ਵਿੱਚ ਇੱਕ ਗੱਲ ਹੋਰ ਅਜੀਬ ਲੱਗੀ, ਉਹ ਸੀ ਪਾਣੀ 'ਤੇ ਤੈਰਦੇ ਰੰਗ-ਬਿਰੰਗੇ ਮੱਗ। ਭੁੰਜੇ ਪਏ ਲਾਲ ਗਲਾਸ ਤੋਂ ਛੁੱਟ ਦੋ ਹੋਰ ਮੱਗ ਸਨ ਜੋ ਰੰਗ ਦੇ ਹਿਸਾਬ ਨਾਲ਼ ਗਾਹਕਾਂ ਲਈ ਅੱਡ-ਅੱਡ ਕੰਮ ਆਉਂਦੇ ਹੋਣਗੇ। ਗੁਲਾਬੀ ਰੰਗ ਦਾ ਫਿੱਕੜ ਜਿਹਾ ਮੱਗ ਕੈਨੀ ਦੇ ਮੂੰਹ 'ਤੇ ਲਮਕ ਰਿਹਾ ਸੀ। ਫਿਰੋਜੀ ਰੰਗ ਦਾ ਇੱਕ ਹੋਰ ਮੱਗ ਜੈਤੂਨ ਰੰਗੀ ਬਾਲਟੀ ਤੋਂ ਲਮਕ ਰਿਹਾ ਸੀ।
ਇਹ ਕੋਡੋਲੀ ਹੈ, ਜੇ ਤੁਸੀਂ ਨਾਰਾਇਣਪੁਰ ਜ਼ਿਲ੍ਹਾ ਹੈੱਡਕੁਆਰਟਰ ਤੋਂ ਗੱਡੀ 'ਤੇ ਸਵਾਰ ਹੋ ਕੇ ਇੱਧਰ ਨੂੰ ਆਉਂਦੇ ਹੋ ਤਾਂ ਇਹ ਛੱਤੀਸਗੜ੍ਹ ਦੇ ਬਸਤਰ ਦੇ ਅਬੁਜਮਾੜ ਖੇਤਰ ਤੋਂ ਬਾਅਦ ਪੈਣ ਵਾਲ਼ਾ ਦੂਜਾ ਪਿੰਡ ਹੈ।
ਪੁੱਛੇ ਗਏ ਸਵਾਲ ਨੇ ਸੁਖਾਰਾਮ ਨੇ ਕੁਝ-ਕੁਝ ਬੇਚੈਨ ਕਰ ਦਿੱਤਾ ਤੇ ਉਹ ਸਮਝਾਉਣ ਲੱਗੇ ਕਿ ਉਹ ਇੱਥੇ ਕਰ ਕੀ ਰਹੇ ਹਨ। ਸਾਡੇ ਸਮੂਹ ਵਿੱਚ ਮੈਂ ਇਕਲੌਤਾ ਸਾਂ ਜਿਹਨੂੰ ਉਨ੍ਹਾਂ ਦੀ ਕਹੀ ਗੱਲ ਪੱਲੇ ਨਹੀਂ ਸੀ ਪਈ।
"ਸਲਫ਼ੀ, ਸਲਫ਼ੀ..." ਇੰਨਾ ਕਹਿ ਮੇਰੇ ਭਾਵਹੀਣ ਚਿਹਰੇ ਤੋਂ ਨਜ਼ਰ ਹਟਾ ਲੈਂਦੇ ਹਨ ਤੇ ਮੈਂ ਆਪਣੇ ਕੈਮਰਿਆਂ ਵੱਲ ਦੇਖਦਾ ਹੋਇਆ ਸੋਚੀਂ ਪੈ ਜਾਂਦਾ ਹਾਂ ਕਿ ਇਹ ਅੱਖੜ ਜਿਹਾ ਬੰਦਾ ਸਾਨੂੰ ਸੈਲਫ਼ੀ ਲੈਣ ਲਈ ਬੁਲਾ ਰਿਹਾ ਹੈ ਜਾਂ ਕੁਝ ਹੋਰ ਹੀ ਕਹਿ ਰਿਹਾ ਹੈ।





