ਨਿਰਾਸ਼ਾ ਭਰੀ ਅਵਾਜ਼ ਵਿੱਚ ਉਹ ਕਹਿੰਦੇ ਹਨ,"ਜੇ ਕਿਤੇ ਮੇਰੇ ਪਿਤਾ ਨੇ ਮੈਨੂੰ ਪੜ੍ਹਨ ਦਿੱਤਾ ਹੁੰਦਾ, ਤਾਂ ਮੈਂ ਪੁਲਿਸ ਅਫ਼ਸਰ ਬਣ ਸਕਦੀ ਸਾਂ।" ਇੰਨਾ ਆਖ ਉਹ ਸਿੰਕ ਵੱਲ ਮੁੜ ਜਾਂਦੇ ਹਨ, ਜੋ ਝੱਗ ਲੱਗੇ ਭਾਂਡਿਆਂ ਨਾਲ਼ ਭਰਿਆ ਪਿਆ ਹੈ। ਸਵੇਰ ਦੇ 9 ਵੱਜੇ ਹਨ ਅਤੇ ਉਨ੍ਹਾਂ ਨੇ ਅਜੇ ਹਾਊਸਿੰਗ ਸੋਸਾਇਟੀ ਦੇ ਹੋਰ ਘਰਾਂ ਵਿੱਚ ਵੀ ਜਾਣਾ ਹੈ। ਸੋਸਾਇਟੀ ਦੇ ਲੋਕ ਉਨ੍ਹਾਂ ਨੂੰ 'ਅਨੀਤਾ ਦੀਦੀ' ਕਹਿ ਕੇ ਬੁਲਾਉਂਦੇ ਹਨ। ਪੰਜ ਘਰਾਂ ਦੀ ਸਫ਼ਾਈ ਦਾ ਕੰਮ ਨਬੇੜ ਕੇ ਹੀ ਉਹ ਘਰ ਵਾਪਸ ਜਾਣਗੇ। ਉਹ ਹੈਦਰਾਬਾਦ ਦੇ ਨਾਲ਼ਗੰਡਲਾ ਉਪਨਗਰ ਵਿੱਚ ਕੰਮ ਕਰਦੇ ਹਨ ਜੋ ਇੱਕ ਉੱਚ-ਵਰਗੀ (ਹਾਈ-ਕਲਾਸ) ਇਲਾਕਾ ਹੈ। ਉੱਥੋਂ ਉਨ੍ਹਾਂ ਦਾ ਘਰ ਲਗਭਗ 10 ਕਿ:ਮੀ ਦੂਰ ਹੈ ਜੋ ਗੁਆਂਢ ਦੇ ਸੰਗਾਰੇੱਡੀ ਜ਼ਿਲ੍ਹੇ ਦੇ ਪਟਨਚੇਰੂ ਵਿਖੇ ਪੈਂਦਾ ਹੈ।
25 ਸਾਲਾ ਅਨੀਤਾ ਰਾਠੌੜ ਦੇ ਚਾਰ ਬੱਚੇ ਹਨ ਅਤੇ ਉਹ ਲੰਬਾਡੀ ਭਾਈਚਾਰੇ ਤੋਂ ਆਉਂਦੇ ਹਨ। ਤੇਲੰਗਾਨਾ ਵਿਖੇ ਇਹ ਭਾਈਚਾਰਾ ਅਨੁਸੂਚਿਤ ਜਨਜਾਤੀ ਵਜੋਂ ਸੂਚੀਬੱਧ ਕੀਤਾ ਗਿਆ ਹੈ। ਉਹ ਉਨ੍ਹਾਂ ਹਜ਼ਾਰਾਂ ਪ੍ਰਵਾਸੀ ਮਜ਼ਦੂਰਾਂ ਵਿੱਚੋਂ ਇੱਕ ਹਨ ਜੋ ਹੈਦਰਾਬਾਦ ਦੀਆਂ ਵੱਡੀਆਂ-ਵੱਡੀਆਂ ਕਾਲੋਨੀਆਂ ਵਿੱਚ ਕੰਮ ਕਰਦੇ ਹਨ। ਹੈਦਰਾਬਾਦ ਭਾਰਤ ਦੇ ਉਨ੍ਹਾਂ ਪੰਜ ਵੱਡੇ ਸ਼ਹਿਰਾਂ ਵਿੱਚ ਸ਼ਾਮਲ ਹੈ ਜਿੱਥੇ ਹਰ ਸਾਲ ਵੱਡੀ ਸੰਖਿਆ ਵਿੱਚ ਪ੍ਰਵਾਸੀ ਮਜ਼ਦੂਰ ਕੰਮ ਕਰਨ ਲਈ ਆਉਂਦੇ ਹਨ। ਹੈਦਰਾਬਾਦ ਵਿੱਚ ਪੂਰਾ-ਪੂਰਾ ਦਿਨ ਕੰਮ ਕਰਨ ਲਈ ਅਨੀਤਾ ਨੂੰ ਆਪਣਾ ਕਾਫ਼ੀ ਕੁਝ ਪਿਛਾਂਹ ਛੱਡ ਕੇ ਆਉਣਾ ਪਿਆ ਹੈ। ਉਨ੍ਹਾਂ ਨੂੰ ਨਾ ਸਿਰਫ਼ ਆਪਣੇ ਪਿੰਡ ਚੱਲਾਗਿੱਡਾ ਥਾਂਡਾ ਦੀ ਜ਼ਿੰਦਗੀ ਛੱਡਣੀ ਪਈ, ਬਲਕਿ ਆਪਣੇ ਬੱਚਿਆਂ ਨੂੰ ਵੀ ਆਪਣੇ ਮਾਪਿਆਂ ਕੋਲ਼ ਛੱਡਣਾ ਪਿਆ ਅਤੇ ਆਪਣੇ ਸੁਪਨਿਆਂ ਨੂੰ ਵੀ।
ਦਿਨ ਦੀ ਸ਼ੁਰੂਆਤ ਉਹ ਸਵੇਰੇ 4 ਵਜੇ ਕਰਦੇ ਹਨ ਫਿਰ ਖਾਣਾ ਬਣਾਉਣਾ, ਕੱਪੜੇ ਧੋਣਾ, ਘਰ ਦੀ ਸਫ਼ਾਈ। ਇਹ ਸਾਰੇ ਕੰਮ ਨਬੇੜ ਕੇ ਉਹ ਸਵੇਰੇ 5:30 ਵਜੇ ਬੱਸ ਫੜ੍ਹਦੇ ਹਨ ਅਤੇ ਰੰਗਾਰੇੱਡੀ ਦੇ ਲਿੰਗਮਪੱਲੀ ਇਲਾਕੇ ਪਹੁੰਚ ਕੇ ਫਿਰ 20 ਰੁਪਏ ਸਵਾਰੀ ਦੇ ਹਿਸਾਬ ਆਟੋ ਕਰਕੇ ਸਵੇਰੇ 6 ਵਜੇ ਤੱਕ ਨਾਲ਼ਗੰਡਲਾ ਦੀ ਅਪਸਨਾ ਸਰੋਵਰ ਹਾਊਸਿੰਗ ਸੋਸਾਇਟੀ ਪਹੁੰਚਦੇ ਹਨ। ਤੇਲੰਗਾਨਾ ਸਰਕਾਰ ਦੁਆਰਾ 2023 ਵਿੱਚ ਸ਼ੁਰੂ ਕੀਤੀ ਗਈ ਮਹਾਂਲਕਸ਼ਮੀ ਯੋਜਨਾ ਅਨੁਸਾਰ ਰਾਜ ਦੀਆਂ ਬੱਸਾਂ ਵਿੱਚ ਔਰਤਾਂ ਮੁਫ਼ਤ ਵਿੱਚ ਯਾਤਰਾ ਕਰ ਸਕਦੀਆਂ ਹਨ। ਇਸ ਯੋਜਨਾ ਨਾਲ਼ ਅਨੀਤਾ ਨੂੰ ਥੋੜ੍ਹੀ ਰਾਹਤ ਜ਼ਰੂਰ ਮਿਲ਼ਦੀ ਹੈ, ਬਾਵਜੂਦ ਇਹਦੇ ਉਨ੍ਹਾਂ ਦੇ ਆਉਣ-ਜਾਣ 'ਤੇ 80 ਰੁਪਏ ਕਰੀਬ ਖਰਚ ਹੋ ਹੀ ਜਾਂਦੇ ਹਨ।














