ਬਗਦੁਆਰ ਪ੍ਰਾਇਮਰੀ ਸਕੂਲ ਦੀ ਪੁਰਾਣੀ ਇਮਾਰਤ ਦੇ ਸਾਹਮਣੇ ਖੜ੍ਹੇ ਹੋ ਕੇ ਉਹ ਆਪਣੇ ਵਿਦਿਆਰਥੀ ਜੀਵਨ ਨੂੰ ਯਾਦ ਕਰਦੇ ਹਨ। ਉਹ ਸਮਾਂ ਜਦੋਂ ਬਾਲ਼ਪੁਣੇ ਵਿੱਚ ਪੜ੍ਹਾਈ ਉਨ੍ਹਾਂ ਨੂੰ ਕਦੇ ਚੰਗੀ ਨਹੀਂ ਸੀ ਲੱਗੀ। ਪਿੰਡ ਦੇ ਜ਼ਿਆਦਾਤਰ ਬੱਚਿਆਂ ਵਾਂਗ ਸਕੂਲ ਜਾਣ ਲਈ ਜਿਸ ਚੀਜ਼ ਨੇ ਉਨ੍ਹਾਂ ਨੂੰ ਸਭ ਤੋਂ ਵੱਧ ਖਿੱਚਿਆ ਉਹ ਸੀ ਮਿਡ-ਡੇ ਮੀਲ, ਜਿਸ ਖਾਤਰ ਉਹ ਬਾਪਤੇਲ ਪਿੰਡ ਸਥਿਤ ਆਪਣੇ ਘਰ ਤੋਂ 1.5 ਕਿਲੋਮੀਟਰ ਦੂਰ ਤੱਕ ਪੈਦਲ ਤੁਰ ਲੈਂਦੇ।
“ਮੈਂ ਸਕੂਲ ਵਿੱਚ ਹਰ ਕਿਸੇ ਨਾਲ਼ ਲੜਾਈ ਕਰਦਾ ਅਤੇ ਪੜ੍ਹਾਈ ਵੱਲ ਕੋਈ ਧਿਆਨ ਨਾ ਦਿੰਦਾ। ਅਧਿਆਪਕ ਮੈਨੂੰ ਰੋਜ਼ ਕੁੱਟਦੇ। ਪੰਜਵੀਂ ਜਮਾਤ ਵਿੱਚ ਮੈਂ ਪੜ੍ਹਾਈ ਛੱਡ ਦਿੱਤੀ। ਉਸੇ ਦੌਰਾਨ ਮੇਰੇ ਦਿਮਾਗ਼ 'ਤੇ ਬੰਬੇ [ਮੁੰਬਈ] ਜਾਣ ਦਾ ਭੂਤ ਸਵਾਰ ਹੋ ਗਿਆ,” 24 ਸਾਲਾ ਨਬੀਨ ਠਾਕੁਰ ਦੱਸਦੇ ਹਨ। ਫਿਲਹਾਲ (ਅਗਸਤ, 2024) ਵਿੱਚ ਉਹ ਆਪਣੇ ਸੁਪਨਿਆਂ ਦੇ ਸ਼ਹਿਰ ਤੋਂ ਤਪਨ ਬਲਾਕ ਦੇ ਆਪਣੇ ਪਿੰਡ ਵਿਖੇ ਪਰਿਵਾਰ ਦੇ ਇੱਕ ਵਿਆਹ ਵਿੱਚ ਸ਼ਾਮਲ ਹੋਣ ਲਈ ਮੁੜੇ ਹਨ। ਪਿਛਲੇ 11 ਸਾਲਾਂ ਤੋਂ ਵੱਧ ਸਮੇਂ ਤੱਕ ਨਬੀਨ ਮੁੰਬਈ ਵਿੱਚ ਨਿਰਮਾਣ ਸਥਲਾਂ 'ਤੇ ਦਿਹਾੜੀ ਮਜ਼ਦੂਰੀ ਕਰ ਰਹੇ ਹਨ।
“ਉਨ੍ਹੀਂ ਦਿਨੀਂ ਖਰੀਪਾੜਾ ਮੁਹੱਲੇ ਦੇ ਜ਼ਿਆਦਾਤਰ ਬੱਚੇ, ਜਿਨ੍ਹਾਂ ਦੇ ਮਾਪੇ ਦਿਹਾੜੀਦਾਰ ਜਾਂ ਖੇਤ ਮਜ਼ਦੂਰ ਸਨ, ਪ੍ਰਾਇਮਰੀ ਸਕੂਲ ਛੱਡ ਦਿੰਦੇ ਅਤੇ ਕੰਮ ਦੀ ਭਾਲ਼ ਵਿੱਚ ਲੱਗ ਜਾਂਦੇ ਸਨ,” ਉਹ ਕਹਿੰਦੇ ਹਨ। “ਪਰ ਉੱਥੇ ਕੋਈ ਕੰਮ ਹੁੰਦਾ ਹੀ ਨਾ। ਭਾਵੇਂ ਅੱਠ-ਨੌ ਸਾਲਾ ਬੱਚਾ ਹੋਵੇ ਜਾਂ ਪੰਜਾਹ ਸਾਲਾ ਬੰਦਾ, ਸਾਰਿਆਂ ਨੂੰ ਰੋਜ਼ੀ-ਰੋਟੀ ਦੇ ਲਈ ਬਾਹਰ ਜਾਣਾ ਹੀ ਪੈਂਦਾ। ਸਾਡੇ ਕੋਲ਼ ਹੋਰ ਕੀ ਵਿਕਲਪ ਸੀ?” ਇਹ ਸਵਾਲ ਪੁੱਛਦਿਆਂ ਜਿਓਂ ਨਬੀਨ ਪ੍ਰਵਾਸ ਦੇ ਕਾਰਨਾਂ ਨੂੰ ਵਾਜਬ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਹੋਣ।
























