ਕੇ. ਸੁਨੀਲ ਕਨਿਆਨਪੁਰਾ ਕਾਲੋਨੀ ਵਿੱਚ ਰਹਿੰਦੇ ਹਨ, ਜੋ ਕਰਨਾਟਕ ਦੇ ਚਾਮਰਾਜਨਗਰ ਜ਼ਿਲ੍ਹੇ ਦੇ ਬਾਂਦੀਪੁਰ ਰਾਸ਼ਟਰੀ ਪਾਰਕ ਦੀ ਚੋਹੱਦੀ 'ਤੇ ਸਥਿਤ ਹੈ। ਕਨਿਆਨਪੁਰਾ ਇੱਕ ਆਦਿਵਾਸੀ ਬਸਤੀਆਂ ਨਾਲ਼ ਨਾਲ਼ ਇਸੇ ਨਾਮ ਦਾ ਇੱਕ ਵੱਡਾ ਪਿੰਡ ਵੀ ਹੈ। ਉਹ ਸੋਲੀਗਾ ਆਦਿਵਾਸੀ ਪਰਿਵਾਰ ਤੋਂ ਹਨ- ਉਨ੍ਹਾਂ ਦੇ ਮਾਤਾ-ਪਿਤਾ ਮਜ਼ਦੂਰ ਹਨ ਅਤੇ ਇੱਕ ਭੈਣ ਹੈ ਜੋ ਘਰੇ ਹੀ ਰਹਿੰਦੀ ਹੈ।
ਸੁਨੀਲ 19 ਸਾਲ ਦੇ ਹਨ ਅਤੇ 10ਵੀਂ ਜਮਾਤ ਤੱਕ ਦੀ ਪੜ੍ਹਾਈ ਕਰ ਚੁੱਕੇ ਹਨ। ਉਹ ਹੁਣ ਮੁਡੁਮਲਾਈ ਦੇ ਕਰਗੁਡੀ ਪਿੰਡ ਵਿੱਚ ਕੰਮ ਕਰ ਰਹੇ ਹਨ- ਤਮਿਲਨਾਡੂ, ਕਰਨਾਟਕ ਅਤੇ ਕੇਰਲ ਦੇ ਤ੍ਰੈ-ਸੰਗਮ ਵਿਖੇ ਸਥਿਤ ਮੁਡੁਮਲਾਈ ਇੱਕ ਰਾਸ਼ਟਰੀ ਪਾਰਕ ਅਤੇ ਜੰਗਲੀ ਜੀਵ ਸੰਭਾਲ਼ ਕੇਂਦਰ ਹੈ, ਜਿਸ ਵਿੱਚ ਬਾਂਦੀਪੁਰ ਨੈਸ਼ਨਲ ਪਾਰਕ ਦਾ ਇੱਕ ਵਿਸ਼ਾਲ ਭਾਗ ਸ਼ਾਮਲ ਹੈ। ਸੁਨੀਲ ਨੂੰ ਇੱਥੇ ਭਾਰਤੀ ਵਿਗਿਆਨ ਸੰਸਥਾਨ ਦੁਆਰਾ ਨਿਯੁਕਤ ਕੀਤਾ ਗਿਆ ਹੈ, ਤਾਂਕਿ ਜਦੋਂ ਵਿਦਿਆਰਥੀ ਇੱਥੇ ਦਰੱਖ਼ਤਾਂ ਨੂੰ ਮਾਪਣ ਅਤੇ ਹੋਰ ਜ਼ਮੀਨੀ ਅਧਿਐਨ ਕਰਨ ਆਉਣ ਤਾਂ ਉਨ੍ਹਾਂ ਦੇ ਨਾਲ਼ ਜਾ ਸਕਣ।












