ਰੌਸ਼ਨ ਸਦਾਸ਼ਿਵ ਕੂਲੇ ਆਪਣੇ ਆਮ ਸਧਾਰਣ ਜਿਹੇ ਸਮਾਰਟ ਫ਼ੋਨ 'ਤੇ ਫੇਸਬੁੱਕ ਅਕਾਊਂਟ ਖੋਲ੍ਹਦੇ ਹਨ। ਪੁਰਾਣੇ ਨੋਟੀਫਿਕੇਸ਼ੰਸ 'ਤੇ ਨਜ਼ਰ ਮਾਰਦੇ ਹੋਏ ਉਨ੍ਹਾਂ ਦੀ ਨਜ਼ਰ ਇੱਕ ਅਜਿਹੇ ਨੋਟੀਫਿਕੇਸ਼ਨ 'ਤੇ ਪੈਂਦੀ ਹੈ, ਜਿਸ ਨੇ ਉਨ੍ਹਾਂ ਦੀ ਦੁਨੀਆ ਬਦਲ ਕੇ ਰੱਖ ਦਿੱਤੀ। ਪਾਰੀ ਨਾਲ਼ ਗੱਲਬਾਤ ਕਰਦੇ ਹੋਏ ਉਹ ਆਪਣੇ ਜੀਵਨ ਵਿੱਚ ਆਈਆਂ ਮੁਸ਼ਕਿਲਾਂ ਦੇ ਅਗਲੇ ਪੜਾਅ ਦੀ ਕਹਾਣੀ ਸ਼ੁਰੂ ਕਰਦੇ ਹਨ।
ਮਿੰਥੁਰ ਪਿੰਡ ਵਿਖੇ ਉਨ੍ਹਾਂ ਦੇ ਘਰੇ ਪਰਿਵਾਰਕ ਮੈਂਬਰ ਉਨ੍ਹਾਂ ਦੇ ਆਸ-ਪਾਸ ਹੀ ਬੈਠੇ ਹਨ। ਸਾਰੇ ਚੁੱਪ ਹਨ, ਚਿਹਰੇ 'ਤੇ ਥਕਾਵਟ ਸਾਫ਼ ਝਲ਼ਕ ਰਹੀ ਹੈ। ਇਸ ਪਰਿਵਾਰ ਦੇ ਲੋਕ ਹਾਲੇ ਤੱਕ ਉਸ ਸਦਮੇ ਤੋਂ ਉਭਰ ਹੀ ਨਹੀਂ ਸਕੇ ਹਨ।
ਰੌਸ਼ਨ ਦੱਸਦੇ ਹਨ ਕਿ ਅਕਤੂਬਰ 2023 ਦੀ ਇੱਕ ਸਵੇਰ, ਤਿੰਨ ਸ਼ਾਹੂਕਾਰ ਸਵੇਰੇ ਪੰਜ ਵਜੇ ਕਾਰ ਵਿੱਚ ਬੈਠ ਉਨ੍ਹਾਂ ਦੇ ਘਰ ਆ ਪਹੁੰਚੇ। ਉਸ ਵੇਲ਼ੇ ਪੂਰਾ ਪਰਿਵਾਰ ਸੌਂ ਰਿਹਾ ਸੀ। ਉਹ ਹੱਥਾਂ ਵਿੱਚ ਲੱਠ ਤੇ ਸੋਟੀਆਂ ਫੜ੍ਹੀ ਦਰਵਾਜ਼ੇ 'ਤੇ ਖੜੇ ਸਨ ਅਤੇ ਦਰਵਾਜ਼ਾ ਖੜਕਾ ਰਹੇ ਸਨ। ਦਾਅਵਾ ਹੈ ਕਿ ਉਨ੍ਹਾਂ ਨੇ ਰੌਸ਼ਨ ਨੂੰ ਰੱਜ ਕੇ ਗਾਲ਼੍ਹਾਂ ਕੱਢੀਆਂ ਅਤੇ ਕਿਹਾ ਕਿ ਉਸ ਵੱਲ ਉਨ੍ਹਾਂ ਦਾ ਬਹੁਤ ਪੈਸਾ ਬਕਾਇਆ ਹੈ, ਇਸ ਲਈ ਉਹ ਤੁਰੰਤ ਕਰਜਾਾ ਚੁਕਾ ਦੇਵੇ।
ਉਹ ਬਾਰ-ਬਾਰ ਘਰ ਆਉਣ ਲੱਗੇ। ਉਨ੍ਹਾਂ ਦਾ ਕਹਿਣਾ ਸੀ ਕਿ ਰੌਸ਼ਨ ਵੱਲ ਹਾਲੇ ਵੀ 16 ਲੱਖ ਰੁਪਏ ਬਾਕੀ ਹਨ।
ਪਰ ਰੌਸ਼ਨ ਲਈ ਹੁਣ ਕਿਸੇ ਵੀ ਪਾਸਿਓਂ ਹੋਰ ਕਰਜਾ ਚੁਕਣਾ ਮੁਮਕਿਨ ਨਹੀਂ ਸੀ। ਪਰਿਵਾਰ ਕੋਲ਼ ਜੋ ਕੁਝ ਸੀ, ਜਾਂ ਤਾਂ ਉਹ ਗਹਿਣੇ ਰੱਖਿਆ ਜਾ ਚੁੱਕਿਆ ਸੀ ਜਾਂ ਵੇਚ ਦਿੱਤਾ ਗਿਆ ਸੀ। ਨੌਕਰੀ ਲੱਭਣ ਦੀਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਵੀ ਨਾਕਾਮ ਰਹਿ ਗਈਆਂ ਸਨ।
ਰੌਸ਼ਨ ਨੂੰ ਯਾਦ ਹੈ ਕਿ ਉਨ੍ਹਾਂ ਨੂੰ ਕਰਜਾ ਦੇਣ ਵਾਲ਼ੇ ਛੇ ਮੁਲਜ਼ਮ ਸ਼ਾਹੂਕਾਰਾਂ ਵਿੱਚੋਂ ਇੱਕ ਨੇ ਇੱਕ ਮੁਲਾਕਾਤ ਵਿੱਚ ਉਨ੍ਹਾਂ ਨੂੰ ਕਿਹਾ ਸੀ,“ਕਰਜਾ ਮੋੜਨ ਲਈ ਆਪਣੀ ਕਿਡਨੀ ਵੇਚ ਦੇ। ਨਹੀਂ ਤਾਂ ਮੈਂ ਤੇਰੇ ਪਰਿਵਾਰ ਨੂੰ ਦੇਖ ਲਊਂਗਾ।”
ਉਸ ਸ਼ਾਹੂਕਾਰ ਨੇ ਰੌਸ਼ਨ ਨੂੰ ਕਿਡਨੀ ਦੇਣ ਵਾਲ਼ਿਆਂ ਦੇ ਇੱਕ ਫੇਸਬੁੱਕ ਗਰੁੱਪ ਬਾਰੇ ਦੱਸਿਆ ਅਤੇ ਉਸ ਵਿੱਚ ਸ਼ਾਮਲ ਹੋਣ ਲਈ ਵੀ ਕਿਹਾ।
ਉਹ ਦੱਸਦੇ ਹਨ,“ਸ਼ੁਰੂ ਵਿੱਚ ਮੈਂ [ਕਿਡਨੀ ਵੇਚਣ ਲਈ] ਤਿਆਰ ਨਹੀਂ ਸਾਂ। ਪਰ ਜਦੋਂ ਉਹ ਹਥਿਆਰ ਅਤੇ ਡੰਡੇ ਲੈ ਕੇ ਬਾਰ-ਬਾਰ ਵਸੂਲੀ ਕਰਨ ਲਈ ਘਰ ਆਉਣ ਲੱਗੇ, ਤਾਂ ਅਸੀਂ ਸਾਰੇ ਡਰ ਗਏ। ਫਿਰ ਮੈਂ ਇਸ ਬਾਰੇ ਗੰਭੀਰਤਾ ਨਾਲ਼ ਸੋਚਣਾ ਸ਼ੁਰੂ ਕੀਤਾ।”
ਨਵੰਬਰ 2023 ਵਿੱਚ ਇੱਕ ਦਿਨ ਉਨ੍ਹਾਂ ਨੇ ਫੇਸਬੁੱਕ 'ਤੇ ‘ਕਿਡਨੀ ਡੋਨਰ ਕਮਿਊਨਿਟੀ’ ਗਰੁੱਪ ਦੇਖਿਆ ਅਤੇ ਉਸ ਵਿੱਚ ਸ਼ਾਮਲ ਹੋ ਗਏ। ਅਗਲੇ ਹੀ ਦਿਨ ਰੌਸ਼ਨ ਨੂੰ ਇੱਕ ਮੈਸੇਜ ਮਿਲ਼ਿਆ, ਜਿਸ ਵਿੱਚ ਉਨ੍ਹਾਂ ਨੂੰ ਇੱਕ ਵ੍ਹਟਸਐਪ ਗਰੁੱਪ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਸੀ। ਉਨ੍ਹਾਂ ਪਾਰੀ ਨੂੰ ਦੱਸਿਆ,“ਮੈਨੂੰ ਸ਼ੱਕ ਵੀ ਸੀ ਅਤੇ ਡਰ ਵੀ ਲੱਗ ਰਿਹਾ ਸੀ, ਪਰ ਫਿਰ ਵੀ ਮੈਂ ਉਸ ਵਿੱਚ ਸ਼ਾਮਲ ਹੋ ਗਿਆ।”
ਇਸ ਤੋਂ ਬਾਅਦ ਫੇਸਬੁੱਕ ਦਾ ਉਹ ਗਰੁੱਪ ਹਟਾ ਦਿੱਤਾ ਗਿਆ।










