''ਹਕੀਕਤ ਵਿੱਚ ਮੈਂ ਖ਼ੁਸ਼ਕਿਸਮਤ ਹਾਂ,'' ਰੌਸ਼ਨ ਸਦਾਸ਼ਿਵ ਕੂਲੇ ਪਾਰੀ ਨੂੰ ਦੱਸਦੇ ਹਨ। ਵਢਭਾਗ ਦੀ ਗੱਲ ਰਹੀ ਕਿ ਉਹ ਜਿਊਂਦੇ ਵੀ ਹਨ ਤੇ ਆਪਣੇ ਘਰ ਵੀ।
ਇਸ ਸਭ ਦੀ ਸ਼ੁਰੂਆਤ ਪੰਜ ਸਾਲ ਪਹਿਲਾਂ ਹੁੰਦੀ ਹੈ ਜਦੋਂ ਮਿੰਥੂਰ ਪਿੰਡ ਦੇ 34 ਸਾਲਾ ਕਿਸਾਨ ਨੇ ਦੇਖਿਆ ਕਿ ਉਨ੍ਹਾਂ ਦੀਆਂ 12 ਜਰਸੀ ਗਾਵਾਂ ਨੂੰ ਲੰਪੀ ਸਕਿਨ ਡਿਜੀਜ਼ (ਚਮੜੀ ਰੋਗ ਜਿਸ ਵਿੱਚ ਸਰੀਰ 'ਤੇ ਗੰਢਾਂ ਉੱਭਰ ਆਉਂਦੀਆਂ ਹਨ) ਨੇ ਘੇਰ ਲਿਆ ਹੈ। ਇਹ ਮਾਰਚ 2021 ਦੀ ਗੱਲ ਹੈ ਜਦੋਂ ਮਹਾਰਾਸ਼ਟਰ ਦੇ ਪਸ਼ੂ ਇਸ ਬੀਮਾਰੀ ਦੀ ਚਪੇਟ ਵਿੱਚ ਆ ਕੇ ਮਰਨ ਲੱਗੇ, ਦਰਅਸਲ ਇਹੀ ਸਮਾਂ ਸੀ ਜਦੋਂ ਦੇਸ਼ ਕੋਵਿਡ-19 ਦੀ ਦੂਜੀ ਲਹਿਰ ਨਾਲ਼ ਝੰਭਿਆ ਪਿਆ ਸੀ।
''ਮੈਂ ਉਨ੍ਹਾਂ ਦੇ ਇਲਾਜ 'ਤੇ ਪਾਣੀ ਵਾਂਗ ਪੈਸਾ ਵਹਾਇਆ। ਪਰ ਕੋਈ ਫਾਇਦਾ ਨਾ ਹੋਇਆ,'' ਰੌਸ਼ਨ ਚੇਤੇ ਕਰਦੇ ਹਨ।
ਛੇ ਗਾਵਾਂ ਮਰ ਗਈਆਂ ਤੇ ਦੁੱਧ ਦਾ ਉਤਪਾਦਨ ਰੁਕ ਗਿਆ। ਡੇਅਰੀ ਤੋਂ ਹੋਣ ਵਾਲ਼ੀ ਆਮਦਨੀ ਖ਼ਤਮ ਹੋ ਗਈ ਪਰ ਖਰਚੇ ਨਾ ਮੁੱਕੇ। ਚੰਦਰਾਪੁਰ ਦੇ ਜੰਗਲ ਨਾਲ਼ ਘਿਰੀ ਖ਼ੁਸ਼ਹਾਲ ਤਹਿਸੀਲ ਮਾਗਭੀੜ ਦੇ ਇਸ ਛੋਟੇ ਕਿਸਾਨ ਕੋਲ਼ ਆਪਣੀਆਂ ਬਚੀਆਂ ਛੇ ਗਾਵਾਂ ਦੇ ਇਲਾਜ ਲਈ ਦਵਾਈਆਂ ਤੇ ਟੀਕਿਆਂ 'ਤੇ ਖਰਚਾ ਕਰਨ ਜੋਗੇ ਪੈਸੇ ਨਹੀਂ ਸਨ।
ਮਹਾਂਮਾਰੀ ਦੌਰਾਨ ਨਗਦੀ ਵਿੱਚ ਖੜ੍ਹੀ ਹੋਈ ਕਿੱਲਤ ਕਾਰਨ ਬੈਂਕਾਂ ਤੋਂ ਕਰਜਾ ਲੈਣਾ ਮੁਸ਼ਕਲ ਹੁੰਦਾ ਰਿਹਾ। ਇੱਕ ਦੋਸਤ, ਜੋ ਬੈਂਕਿੰਗ ਕੌਰਸਪੌਂਡਸ ਵਜੋਂ ਕੰਮ ਕਰਦਾ ਸੀ, ਦੇ ਕਹਿਣ 'ਤੇ ਰੌਸ਼ਨ ਨੇ ਬ੍ਰਹਮਾਪੁਰੀ ਕਸਬੇ ਦੇ ਨੇੜਲੇ ਇੱਕ ਨਿੱਜੀ ਸ਼ਾਹੂਕਾਰ ਕੋਲ਼ੋਂ 1 ਲੱਖ ਰੁਪਏ ਦਾ ਕਰਜਾ ਚੁੱਕ ਲਿਆ।
ਉਨ੍ਹਾਂ ਨੂੰ ਲੱਗਿਆ ਫ਼ੌਰੀ ਸੰਕਟ ਟਲ਼ ਗਿਆ ਹੈ।
''ਪਰ ਸ਼ੁਰੂਆਤ ਹੀ ਇੱਥੋਂ ਹੋਈ,'' ਉਹ ਚੇਤੇ ਕਰਦੇ ਹਨ।
ਮਾਰਚ 2021 ਵਿੱਚ ਗਾਵਾਂ ਦੀ ਜਾਨ ਬਚਾਉਣ ਲਈ ਗ਼ੈਰ-ਪੰਜੀਕ੍ਰਿਤ ਸ਼ਾਹੂਕਾਰਾਂ ਤੋਂ ਚੁੱਕਿਆ ਇੱਕ ਲੱਖ ਦਾ ਕਰਜਾ ਵੱਧਦੇ-ਵੱਧਦੇ 50 ਲੱਖ ਰੁਪਏ ਤੱਕ ਹੋ ਗਿਆ। ਇਹਦੇ ਬਾਅਦ, ਡੇਅਰੀ ਕਿਸਾਨ ਰੌਸ਼ਨ ਇੱਕ ਅਜਿਹੇ ਨਜਾਇਜ਼ ਅੰਗ ਤਸਕਰੀ ਗਿਰੋਹ ਦੇ ਜਾਲ਼ ਵਿੱਚ ਫਸ ਗਏ, ਜਿਹਦੀ ਕੀਮਤ ਉਨ੍ਹਾਂ ਨੂੰ ਆਪਣੀ ਇੱਕ ਕਿਡਨੀ ਦੇ ਕੇ ਚੁਕਾਉਣੀ ਪਈ। ਉਨ੍ਹਾਂ ਨੂੰ ਇੱਕ ਅੰਤਰਰਾਸ਼ਟਰੀ ਸਾਈਬਰ ਅਪਰਾਧ ਗਿਰੋਹ ਦੇ ਜਾਲ਼ ਵਿੱਚ ਵੀ ਫਸਾਇਆ ਗਿਆ ਤੇ ਲਾਓਸ ਲੈ ਜਾਇਆ ਗਿਆ।















