“ਤੁਸੀਂ ਦੇਖ ਸਕਦੇ ਹੋ ਕਿ ਅਸੀਂ ਜ਼ਿਆਦਾ ਪੈਸੇ ਵਾਲ਼ੇ ਨਹੀਂ ਹਾਂ, ਪਰ ਸਾਨੂੰ ਮਹਿਮਾਨ-ਨਵਾਜ਼ੀ ਚੰਗੀ ਤਰ੍ਹਾਂ ਆਉਂਦੀ ਹੈ। ਆ ਜਾਓ,” ਲੱਖਪਤ ਤਾਲੁਕਾ ਦੇ ਮੋਰੀ ਪਿੰਡ ਦੇ ਕਰੀਮ ਜਾਟ ਕਹਿੰਦੇ ਹਨ। ਅੱਧਖੜ ਉਮਰ ਦੇ ਕਰੀਮ ਜੀ ਉਹਨਾਂ ਅਨੇਕਾਂ ਫ਼ਕੀਰਾਨੀ ਜਾਟਾਂ ਵਿੱਚੋਂ ਇੱਕ ਹਨ ਜਿਨ੍ਹਾਂ ਦੀ ਜ਼ਿੰਦਗੀ ਬਾਰੇ ਮੈਂ ਪਾਰੀ ਲਈ ਪਿਛਲੇ ਕੁਝ ਸਾਲਾਂ ਤੋਂ ਲਿਖਦਾ ਆ ਰਿਹਾ ਹਾਂ। ਜਦ ਮੈਂ ਸਾਵਲਾ ਪੀਰ ਮੇਲੇ ਤੋਂ ਬਾਅਦ ਲੱਖਪਤ ਤੋਂ ਚੱਲਿਆ ਤਾਂ ਉਹ ਮੈਨੂੰ ਅਲਵਿਦਾ ਕਹਿਣ ਦੇ ਨਾਲ਼ ਨਾਲ਼ ਆਪਣੇ ਨਾਲ਼ ਈਦ ਅਲ-ਫਿਤਰ ਮਨਾਉਣ ਦਾ ਸੱਦਾ ਨਿਉਂਦਾ ਦੇ ਰਹੇ ਸਨ। ਉਹ ਸਮਾਂ ਮਾਰਚ 2024 ਦਾ ਸੀ ਅਤੇ ਅੱਜ ਮਾਰਚ 2025 ਹੈ। ਮੈਂ ਇੱਕ ਵਾਰ ਫ਼ਿਰ ਕਰੀਮ ਭਾਈ ਦੇ ਨਿਉਂਦੇ ਦਾ ਮਾਣ ਰੱਖਦਿਆਂ ਗੁਜਰਾਤ ਦੇ ਕੱਛ ਤੋਂ ਮੋਰੀ ਦੇ ਰਸਤੇ ‘ਤੇ ਹਾਂ।
ਕਰੀਮ ਭਾਈ ਇੱਕ ਗਲ਼ਵੱਕੜੀ ਨਾਲ਼ ਮੇਰਾ ਸਵਾਗਤ ਕਰਨ ਦੇ ਇੰਤਜ਼ਾਰ ਵਿੱਚ ਹਨ। “ਮੈਨੂੰ ਬਹੁਤ ਖੁਸ਼ੀ ਹੋਈ ਕਿ ਤੁਸੀਂ ਆਏ,” ਇਹ ਕਹਿੰਦਿਆਂ ਉਹਨਾਂ ਦੀ ਆਵਾਜ਼ ਵਿੱਚ ਉਤਸ਼ਾਹ ਅਤੇ ਮੋਹ ਝਲਕ ਰਿਹਾ ਹੈ। “ਇਸ ਸਾਲ ਦੀ ਰਮਦਾਨ ਦੀ ਆਖਰੀ ਨਮਾਜ਼ ਵਿੱਚ ਹਾਲੇ ਵਕਤ ਹੈ ਇਸ ਲਈ ਚਲੋ ਥੋੜ੍ਹੀ ਦੇਰ ਟਹਿਲਦੇ ਹਾਂ।” ਮੋਰੀ ਦਾ ਆਪਣਾ ਹੀ ਸੁਹੱਪਣ ਹੈ- ਇੱਕ ਬੰਜਰ ਇਲਾਕਾ ਜਿੱਥੇ ਦੂਰ ਦਿੱਸਹੱਦੇ ਤੱਕ ਹੋਰ ਕੁਝ ਨਹੀਂ ਬੱਸ ਕੁਝ ਥੋਹਰ ਦੇ ਪੌਦੇ ਉੱਗੇ ਹੋਏ ਹਨ। ਆਥਣ ਦਾ ਵੇਲਾ ਹੈ ਪਰ ਸੂਰਜ ਦੀ ਟਿੱਕੀ ਹਾਲੇ ਵੀ ਅਸਮਾਨ ਵਿੱਚ ਦਗ ਰਹੀ ਹੈ। ਪਰ ਕੱਛ ਦੀ ਖਾੜੀ ਵੱਲੋਂ ਆਉਂਦੀ ਹਵਾ ਸਰੀਰ ਵਿੱਚ ਧੁੜਧੁੜੀ ਛੇੜ ਦਿੰਦੀ ਹੈ।
ਇੱਕ ਛੋਟੇ ਜਿਹੇ ਤਲਾਬ ਦੇ ਕੰਢੇ ਖੜਿਆਂ ਅਸੀਂ ਸੂਰਜ ਦੇ ਦਿਲਕਸ਼ ਨਜ਼ਾਰੇ ਨੂੰ ਨਿਹਾਰ ਰਹੇ ਹਾਂ। “ਮੈਂ ਗੱਡੇ ਵੇਚ ਦਿੱਤੇ,” ਕਰੀਮ ਭਾਈ ਦਬੀ ਆਵਾਜ਼ ਵਿੱਚ ਕਹਿੰਦੇ ਹਨ। “ਮੇਰੇ ਕੋਲ਼ ਹਾਲੇ ਵੀ ਲਗਭਗ 200 ਊਠ ਹਨ ਜਿਨ੍ਹਾਂ ਨੂੰ ਮੇਰੇ ਛੋਟਾ ਬੇਟਾ ਚਰਾਉਂਦਾ ਹੈ। ਪਰ ਦਿਨੋਂ ਦਿਨ ਕਮਾਈ ਘਟਦੀ ਜਾ ਰਹੀ ਹੈ ਅਤੇ ਨਾਲ਼ ਹੀ ਚਰਾਂਦਾਂ ਵੀ।” ਉਹ ਥੋੜ੍ਹਾ ਰੁਕਦੇ ਹਨ ਅਤੇ ਫਿਰ ਗਲ਼ਾ ਸਾਫ਼ ਕਰਦਿਆਂ ਕਹਿੰਦੇ ਹਨ: “ਸ਼ਾਮ ਦੀ ਨਮਾਜ਼ ਦਾ ਸਮਾਂ ਹੋ ਗਿਆ ਹੈ। ਕੱਲ੍ਹ ਨੂੰ ਈਦ ਹੈ। ਸ਼ਿਕਾਇਤ ਕਰਨ ਦਾ ਕੀ ਫ਼ਾਇਦਾ ਹੈ। ਚਲੋ ਚੱਲਦੇ ਹਾਂ ਅਤੇ ਸ਼ਾਮ ਦਾ ਆਨੰਦ ਮਾਣਦੇ ਹਾਂ।”










