ਝਾਰਖੰਡ ਦੇ ਗੁਮਲਾ ਜ਼ਿਲ੍ਹੇ ਦੇ ਕੁਜਾਮ ਪਿੰਡ ਦੀ ਰਹਿਣ ਵਾਲ਼ੀ ਸੁਖਨੀ ਅਸੁਰ ਕਹਿੰਦੀ ਹੈ,“ਜੇ ਤੁਸੀਂ ਘੁੰਘੂ ਪਾ ਕੇ ਜੰਗਲ ਜਾਓਗੇ, ਤਾਂ ਅਸਮਾਨੀ ਬਿਜਲੀ ਕਦੇ ਨਹੀਂ ਪਵੇਗੀ।” ਘੁੰਘੂ ਇੱਕ ਤਰ੍ਹਾਂ ਦੀ ਛੱਤਰੀ ਹੈ, ਜੋ ਮਾਲੂ (ਫਨੇਰਾ ਵਾਹਲੀ) ਨਾਂ ਦੇ ਬੂਟੇ ਦੇ ਪੱਤਿਆਂ ਨਾਲ਼ ਬਣਾਈ ਜਾਂਦੀ ਹੈ। ਇਹ ਇੱਕ ਵੇਲ਼ ਹੈ ਜੋ ਇਸ ਇਲਾਕੇ ਵਿੱਚ ਆਮ ਤੌਰ 'ਤੇ ਮਿਲ਼ਦੀ ਹੈ।
ਘੁੰਘੂ ਦਾ ਇਸਤੇਮਾਲ ਸਾਲ ਭਰ ਕੀਤਾ ਜਾਂਦਾ ਹੈ। ਗਰਮੀਆਂ ਵਿੱਚ ਇਹ ਲੂ ਤੋਂ ਬਚਾਉਂਦਾ ਹੈ, ਸਿਆਲ ਵਿੱਚ ਠੰਡੀ ਹਵਾ ਤੋਂ ਅਤੇ ਬਰਸਾਤ ਦੇ ਦਿਨੀਂ ਮੀਂਹ ਤੋਂ। ਇਸਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਸਿਰ 'ਤੇ ਟਿਕੀ ਹੋਣ ਦੇ ਬਾਵਜੂਦ ਕੰਮ ਲਈ ਦੋਵੇਂ ਹੱਥ ਖਾਲੀ ਰਹਿੰਦੇ ਹਨ।
56 ਸਾਲਾ ਸੁਖਨੀ ਨੇ ਬਚਪਨ ਵਿੱਚ ਆਪਣੀ ਮਾਂ ਤੋਂ ਘੁੰਘੂ ਬਣਾਉਣਾ ਸਿੱਖਿਆ ਸੀ। ਉਹ ਦੱਸਦੀ ਹੈ,“ਪਹਿਲਾਂ ਹਰ ਕੋਈ ਜੰਗਲ ਤੋਂ ਮਾਲੂ ਦੇ ਪੱਤੇ ਲਿਆ ਕੇ ਘੁੰਘੂ ਬਣਾਉਂਦਾ ਸੀ। ਪਰ ਹੁਣ ਬਹੁਤ ਘੱਟ ਲੋਕ ਇਸਦਾ ਇਸਤੇਮਾਲ ਕਰਦੇ ਹਨ ਤੇ ਇਸਨੂੰ ਬਣਾਉਣ ਵਾਲ਼ੇ ਤਾਂ ਹੋਰ ਵੀ ਘੱਟ ਗਏ ਹਨ।”
ਸੁਖਨੀ ਅਸੁਰ ਭਾਈਚਾਰੇ ਨਾਲ਼ ਤਾਅਲੁੱਕ ਰੱਖਦੇ ਹਨ, ਜਿਸਨੂੰ ਝਾਰਖੰਡ ਵਿੱਚ ਖ਼ਾਸ ਕਰਕੇ ਕਮਜ਼ੋਰ ਕਬਾਇਲੀ ਸਮੂਹ (ਪੀਵੀਟੀਜੀ) ਵਜੋਂ ਦਰਜ ਕੀਤਾ ਗਿਆ ਹੈ। ਉਨ੍ਹਾਂ ਦਾ ਪਰਿਵਾਰ ਆਪਣੀ 10 ਏਕੜ ਜ਼ਮੀਨ 'ਤੇ ਖੇਤੀ ਕਰਦਾ ਹੈ, ਜਿੱਥੇ ਮੁੱਖ ਤੌਰ 'ਤੇ ਚੌਲ਼, ਮੱਕੀ ਅਤੇ ਗੁੰਡਲੀ (ਕੁਟਕੀ) ਉਗਾਈ ਜਾਂਦੀ ਹੈ।
ਸੁਖਨੀ ਦਾ ਤਿੰਨ ਕਮਰਿਆਂ ਵਾਲ਼ਾ ਕੱਚਾ ਘਰ ਵਿਸ਼ੁਨਪੁਰ ਜੰਗਲੀ ਖੇਤਰ ਤੋਂ ਸਿਰਫ਼ 500 ਮੀਟਰ ਦੂਰ ਹੈ, ਜਿਸ ਵਿੱਚ ਉਨ੍ਹਾਂ ਦੇ ਪਰਿਵਾਰ ਦੇ 12 ਮੈਂਬਰ ਰਹਿੰਦੇ ਹਨ। ਕੁਜਾਮ ਦੇ ਵਾਸੀ ਜੰਗਲ ਦੀ ਲੱਕੜ, ਫਲ, ਚਰਾਂਦਾਂ ਅਤੇ ਹੋਰ ਜ਼ਰੂਰਤਾਂ ਲਈ ਇਸੇ ਜੰਗਲ 'ਤੇ ਨਿਰਭਰ ਰਹਿੰਦੇ ਹਨ। ਸੁਖਨੀ ਕਹਿੰਦੀ ਹੈ, “ਸਾਡੀ ਰੋਜ਼ੀ-ਰੋਟੀ ਸਭ ਇੱਥੇ ਹੀ ਹੈ।”
























