ਟੋਕਰੀਆਂ ਚੁੱਕੀ ਜਾਂਦੀਆਂ ਔਰਤਾਂ, ਕੁਹਾੜੀਆਂ ਫੜ੍ਹੀ ਜਾਂਦੇ ਆਦਮੀ, ਗੱਡੇ ਹੱਕਦੇ ਕਿਸਾਨ, ਗੌਰ ਮਾਰੀਆ ਦੀਆਂ ਧੁਨਾਂ ‘ਤੇ ਥਿਰਕਦੇ ਜਵਾਨ ਆਦਮੀ ਅਤੇ ਔਰਤਾਂ- ਗੜਬੰਗਾਲ ਦੇ ਇਸ ਪੁਰਾਣੇ ਕੱਚੇ ਬਾਂਸ ਦੀ ਵਾੜ ਵਾਲ਼ੇ ਘਰ ਦੇ ਵਿਹੜੇ ਵਿੱਚ ਗੋਂਡ ਆਦਿਵਾਸੀ ਭਾਈਚਾਰੇ ਦੀ ਦੁਨੀਆਂ ਜੀਵੰਤ ਹੋ ਗਈ ਹੈ। ਨਰਾਇਣਪੁਰ ਦੇ ਸੰਘਣੇ ਜੰਗਲਾਂ ਵਿੱਚ ਵੱਸੇ ਇੱਕ ਪਿੰਡ ਵਿੱਚ। ਇਹ ਥਾਂ ਤਾਜ਼ੀ ਚੀਰੀ ਹੋਈ ਲੱਕੜ ਦੇ ਫੱਟਿਆਂ ਅਤੇ ਟੁਕੜਿਆਂ ਦੀ ਨਿੱਘੀ, ਮਿੱਟੀ ਵਰਗੀ, ਫੁਟਾਲ਼ੇ ਜਿਹੀ ਮਹਿਕ ਨਾਲ਼ ਭਰੀ ਹੋਈ ਹੈ, ਜਿਨ੍ਹਾਂ ਵਿੱਚੋਂ ਕੁਝ ਅੱਧੇ ਤਰਾਸ਼ੇ ਟੁਕੜੇ ਇੱਧਰ ਉੱਧਰ ਖਿੱਲਰੇ ਹੋਏ ਹਨ। ਹਰ ਟੋਟਾ ਇੱਕ ਕਹਾਣੀ ਬਿਆਨ ਕਰਦਾ ਹੈ ਅਤੇ ਕਹਾਣੀਆਂ ਨਾਲ਼ ਭਰਿਆ ਹੈ ਇਹ ਬਜ਼ੁਰਗ, ਪੰਡੀ ਰਾਮ, ਜੋ ਆਪਣੇ ਸੰਦਾਂ, ਲੱਕੜ ਅਤੇ ਸਿਖਿਆਰਥੀਆਂ ਵਿਚਾਲ਼ੇ ਘਿਰਿਆ ਬੈਠਾ ਹੈ।
ਪੈਰੀਂ ਭਾਰ ਬੈਠੇ ਇਹ 70 ਸਾਲਾ ਬਜ਼ੁਰਗ ਲੱਕੜ ਦੇ ਤਰਾਸ਼ੇ ਹੋਏ ਇੱਕ ਛੋਟੇ ਟੁਕੜੇ ‘ਤੇ ਝੁਕੇ ਹੋਏ ਹਨ ਤੇ ਐਨਕਾਂ ਵਿੱਚੋਂ ਦੀ ਮੋਤੀਆ-ਉੱਤਰੀਆਂ ਅੱਖਾਂ ਨਾਲ਼ ਨੀਝ ਲਾ ਕੇ ਇਸ ਕਲਾ ਨੂੰ ਅੰਤਿਮ ਛੋਹਾਂ ਦੇ ਰਹੇ ਹਨ। ਵਿੱਚ-ਵਿੱਚ ਉਹ ਆਪਣੇ ਸੰਦਾਂ ਦੇ ਮੁਕਾਮੀ ਨਾਮ ਲੈ-ਲੈ ਕੇ ਛੈਣੀ, ਤ੍ਰਿਕੋਣ, ਰੇਗੀ, ਪਟਾਸੀ, ਹਥੌੜੀ ਮੰਗਦੇ ਰਹਿੰਦੇ ਹਨ। ਆਪਣੇ ਹੱਥਾਂ ਦੀ ਹਰ ਹਰਕਤ ਨਾਲ਼ ਉਹ ਆਪਣੇ ਸਿਖਿਆਰਥੀਆਂ ਨੂੰ ਸੇਧ ਦੇ ਰਹੇ ਹਨ ਅਤੇ ਥੋੜ੍ਹੀ ਥੋੜ੍ਹੀ ਦੇਰ ਬਾਅਦ ਆਪਣੀ ਮਾਤ-ਭਾਸ਼ਾ, ਗੋਂਡੀ ਵਿੱਚ ਉਹਨਾਂ ਨੂੰ ਨਸੀਹਤ ਦਿੰਦੇ ਜਾਂ ਸਾਵਧਾਨੀਆਂ ਦੱਸਦੇ ਹਨ। ਪੰਡੀ ਰਾਮ ਵੱਲੋਂ ਲੱਕੜ ‘ਤੇ ਉਕੇਰੀ ਜਾਂਦੀ ਹਰ ਲਕੀਰ ਜੰਗਲ ਅਤੇ ਇਸ ਨਾਲ਼ ਤਾਲਮੇਲ ਵਿੱਚ ਬਤੀਤ ਕੀਤੀ ਜ਼ਿੰਦਗੀ ਦੀ ਛਾਪ ਹੈ, ਜੋ ਕਿ ਉਹਨਾਂ ਦੇ ਮੁਰੀਆ ਗੋਂਡ ਭਾਈਚਾਰੇ ਦੀ ਇੱਕ ਪੀੜ੍ਹੀ ਦੇ ਚੇਤੇ ਵਿੱਚ ਅੱਜ ਵੀ ਤਾਜ਼ੀ ਹੈ।
ਪਰ ਇਹਨੀਂ ਦਿਨੀਂ ਉਹਨਾਂ ਲਈ ਕੰਮ ਕਰਨਾ ਮੁਸ਼ਕਿਲ ਹੋਇਆ ਪਿਆ ਹੈ, ਅਤੇ ਇਸ ਤੋਂ ਦੂਰ ਰਹਿਣਾ ਹੋਰ ਵੀ ਜ਼ਿਆਦਾ ਮੁਸ਼ਕਿਲ। “ਉਹਨਾਂ ਨੂੰ ਕਿਸੇ ਵੀ ਟੁਕੜੇ ਨੂੰ ਹੱਥ ਲਾਉਂਦਿਆਂ ਹੀ ਪਤਾ ਚੱਲ ਜਾਂਦਾ ਹੈ ਕਿ ਕੀ ਸਹੀ ਹੈ ਅਤੇ ਕੀ ਕੰਮ ਕਰਨ ਵਾਲ਼ਾ ਹੈ,” ਉਹਨਾਂ ਦੇ ਪੁੱਤਰ ਬਲਦੇਵ ਦਾ ਕਹਿਣਾ ਹੈ ਜੋ ਆਪ ਇੱਕ ਕਲਾਕਾਰ ਹਨ। “ਇਹ ਕਲਾ ਮੇਰੇ ਸਾਹਾਂ ਜਿੰਨੀ ਹੀ ਜ਼ਰੂਰੀ ਹੈ,” ਪੰਡੀ ਰਾਮ ਦਾ ਕਹਿਣਾ ਹੈ। “ਜੇ ਮੈਂ ਇਸਨੂੰ ਛੱਡ ਦਿੱਤਾ ਤਾਂ ਮੈਂ ਵੀ ਜ਼ਿਆਦਾ ਚਿਰ ਜ਼ਿੰਦਾ ਨਹੀਂ ਰਹਾਂਗਾ।” ਉਹ ਆਪਣੇ ਵਿਹੜੇ ਵਿੱਚ ਚਾਰ ਪੰਜ ਲੋਕਾਂ ਨਾਲ਼ ਬੈਠੇ ਲੱਕੜ ਨੂੰ ਰਗੜਨ, ਪੁਤਲੇ ਘੜ੍ਹਨ ਜਾਂ ਲੱਕੜਾਂ ਇੱਧਰ-ਉੱਧਰ ਕਰਨ ਵਿੱਚ ਵਿਅਸਤ ਹਨ।
“ਪਹਿਲਾਂ ਮੈਨੂੰ ਲੱਗਦਾ ਸੀ ਕਿ ਇਹ ਸਿਰਫ਼ ਪਿੰਡ ਦੀ ਹੀ ਗੱਲ ਹੈ,” ਪੰਡੀ ਰਾਮ ਜੀ ਦਾ ਕਹਿਣਾ ਹੈ। “ਫਿਰ ਸ਼ਹਿਰੀ ਲੋਕਾਂ ਨੇ ਵੀ ਇਸ ਨੂੰ ਸਰਾਹੁਣਾ ਸ਼ੁਰੂ ਕਰ ਦਿੱਤਾ ਅਤੇ ਮੈਨੂੰ ਲੱਗਿਆ ਕਿ ਇਹ ਮੇਰੀ ਰੋਜ਼ੀ-ਰੋਟੀ ਦਾ ਸਾਧਨ ਬਣ ਸਕਦਾ ਹੈ। ਆਪਣੇ ਪਿਤਾ ਤੋਂ ਮਿਲ਼ੇ ਹੁਨਰ ਨੂੰ ਤਰਾਸ਼ ਕੇ ਮੈਂ ਇਸ ਨੂੰ ਹੀ ਆਪਣੀ ਜ਼ਿੰਦਗੀ ਬਣਾਉਣ ਦਾ ਫ਼ੈਸਲਾ ਕਰ ਲਿਆ।” ਉਹਨਾਂ ਦਾ 35 ਸਾਲਾਂ ਦਾ ਅਭਿਆਸ ਆਪਣੇ ਭਾਈਚਾਰੇ ਦੀ ਅਮੀਰ ਵਿਰਾਸਤ ਅਤੇ ਲੱਕੜ ਤਰਾਸ਼ਣ ਦੀ ਪੁਰਾਣੀ ਕਲਾ ਨੂੰ ਜਿਉਂਦੇ ਰੱਖਣ ਲਈ ਸਮਰਪਿਤ ਹੈ। ਲੱਕੜ ਅਤੇ ਇਸ ਤੋਂ ਬਣੀਆਂ ਵਸਤਾਂ, ਫਿਰ ਚਾਹੇ ਉਹ ਘਰੇਲੂ ਵਰਤੋਂ ਲਈ ਹੋਣ ਜਾਂ ਸਜਾਵਟ ਲਈ, ਹਮੇਸ਼ਾ ਤੋਂ ਹੀ ਇਸ ਭਾਈਚਾਰੇ ਦੇ ਘਰਾਂ, ਰਿਵਾਜਾਂ, ਤਿਉਹਾਰਾਂ ਅਤੇ ਰੋਜ਼ਮਰਾ ਦੀ ਜ਼ਿੰਦਗੀ ਦਾ ਅਟੁੱਟ ਹਿੱਸਾ ਰਹੇ ਹਨ, ਨਾ ਕਿ ਆਜੀਵੀਕਾ ਦਾ ਸਾਧਨ।


























