ਹਰਿਆਣਾ ਦੇ ਪਿੰਡਾਂ ਵਿੱਚ ਇਕੱਠ ਹੋਵੇ ਤੇ ਹੁੱਕਾ ਨਾ ਹੋਵੇ ਇਹ ਕਿੱਦਾਂ ਹੋ ਸਕਦਾ ਹੈ। ਪਿੰਡ ਦੀ ਸੱਥ ਬਾਰੇ ਗੱਲ ਕਰਦਿਆਂ ਰੋਹਤਾਸ ਕਹਿੰਦੇ ਹਨ,''ਹੁੱਕਾ ਕੇ ਸਹਾਰੇ ਪੰਚਾਇਤ ਚਲਤੀ ਰੇਆ ਕਰਤੀ (ਹੁੱਕੇ ਸਹਾਰੇ ਹੀ ਪੰਚਾਇਤ ਚੱਲਦੀ ਹੈ)।''
''ਜਿੱਥੇ ਚਾਹ ਤੇ ਪਾਣੀ ਦੇ ਭਰੇ ਗਲਾਸ ਪੂਰਾ ਦਿਨ ਨਹੀਂ ਚੱਲਦਾ, ਉੱਥੇ ਹੁੱਕੇ 'ਚੋਂ ਸੂਟਾ ਪੂਰਾ-ਪੂਰਾ ਦਿਨ ਖਿੱਚਿਆ ਜਾ ਸਕਦਾ ਹੈ। ਤੁਸੀਂ ਬੱਸ ਤੰਬਾਕੂ ਭਰਨਾ ਤੇ ਸੁਲਗਾ ਲੈਣਾ ਤੇ ਬੱਸ ਪੂਰਾ ਦਿਨ ਪੀਵੀ ਜਾਓ। ਪੰਜ ਤੋਂ ਦਸ ਲੋਕੀਂ ਇਕੱਠਿਆਂ ਬੈਠ ਕੇ ਵਾਰੀ ਸਿਰ ਹੁੱਕੇ ਦਾ ਸੂਟਾ ਲੈ ਸਕਦੇ ਹਨ। ਇਹ ਸਮਾਂ ਲੰਘਾਉਣ ਦਾ ਵਧੀਆ ਢੰਗ ਹੈ,'' ਰੋਹਤਾਸ ਗੱਲ ਜੋੜਦੇ ਹਨ।
ਹੁੱਕਾ ਬਣਾਉਣ ਵਾਲ਼ਾ 40 ਸਾਲਾ ਕਾਰੀਗਰ ਮੁਸਕਰਾਉਂਦਿਆਂ ਕਹਿੰਦਾ ਹੈ: ''ਹੁਣ ਤਾਂ ਹਰ ਘਰ ਦੀ ਆਪਣੀ ਹੀ ਚੌਪਾਲ (ਪਿੰਡ ਦੀ ਸੱਥ) ਹੈ ਤੇ ਹਰ ਘਰ ਦਾ ਆਪਣਾ ਹੀ ਹੁੱਕਾ।'' ਕੰਮ ਤੋਂ ਮਿਲ਼ੀ ਵਿਹਲ ਸਮੇਂ ਉਹ ਹੁੱਕੇ ਦਾ ਸੂਟਾ ਲਾਉਂਦਿਆਂ ਪਾਰੀ ਨਾਲ਼ ਗੱਲਬਾਤ ਕਰਦਿਆਂ ਕਹਿੰਦਾ ਹੈ।
ਇਹ ਮੰਨਿਆ ਜਾਂਦਾ ਹੈ ਕਿ ਹੁੱਕੇ ਦਾ ਜਨਮ ਤੇ ਇਸਤੇਮਾਲ 16ਵੀਂ ਸਦੀ ਵਿੱਚ ਉੱਤਰ ਭਾਰਤ ਵਿੱਚ ਮੁਗਲ ਸਾਮਰਾਜ ਦੌਰਾਨ ਹੋਇਆ ਸੀ। ਹੋਰ ਸਰੋਤਾਂ ਦੀ ਮੰਨੀਏ ਤਾਂ ਮੁਗਲ ਸਾਮਰਾਜ ਦੇ ਤੀਜੇ ਬਾਦਸ਼ਾਹ ਅਕਬਰ ਹੁੱਕੇ ਦਾ ਇਸਤੇਮਾਲ ਸ਼ੁਰੂ ਕਰਨ ਵਾਲ਼ੇ ਕੁਝ ਪਹਿਲੇ ਲੋਕਾਂ ਵਿੱਚੋਂ ਇੱਕ ਸਨ। ਹਾਲਾਂਕਿ, ਹੋਰ ਇਤਿਹਾਸਿਕ ਵੇਰਵਿਆਂ ਦੇ ਅਨੁਸਾਰ, ਹੁੱਕੇ ਦਾ ਪ੍ਰਚਲਨ ਸ਼ਾਇਦ ਇਸ ਤੋਂ ਪਹਿਲਾਂ ਮੱਧ ਅਤੇ ਪੱਛਮੀ ਏਸ਼ੀਆ ਵਿੱਚ ਸ਼ੁਰੂ ਹੋ ਚੁੱਕਾ ਸੀ।
ਇਸਦੀ ਸ਼ੁਰੂਆਤ ਭਾਵੇਂ ਕਿਤਿਓਂ ਵੀ ਹੋਈ ਹੋਵੇ, ਹੁੱਕਾ ਹਰਿਆਣਾ ਦੇ ਲੋਕਾਂ ਲਈ ਉਨ੍ਹਾਂ ਦੇ ਰੋਜ਼ਮੱਰਾ ਜੀਵਨ ਦਾ ਮਹੱਤਵਪੂਰਨ ਅੰਗ ਹੈ। ਧਰਮਬੀਰ ਕਹਿੰਦੇ ਹਨ,“ਇਹ ਸਾਡੇ ਸੱਭਿਆਚਾਰ ਦਾ ਹਿੱਸਾ ਹੈ। ਹੁੱਕਾ ਪੀਦਿਆਂ ਵੱਡੇ-ਵੱਡੇ ਫ਼ੈਸਲੇ ਲਏ ਗਏ ਹਨ।”




















