“ਹਰਿਆਣਾ, ਪੰਜਾਬ ਹੂੰ ਲੇਗੇ ਜੈਸਲਮੇਰ ਤੱਕ ਸਾਰੋ ਦੇਸ਼ ਮਹਾਰੋ ਪਗਾਂ ਹੂ ਨਾਪੇੜੋ ਹੈ [ਹਰਿਆਣਾ ਅਤੇ ਪੰਜਾਬ ਤੋਂ ਲੈ ਕੇ ਜੈਸਲਮੇਰ ਤੱਕ ਅਸੀਂ ਸਾਰਾ ਦੇਸ਼ ਆਪਣੇ ਪੈਰਾਂ ਹੇਠ ਨਾਪਿਆ ਹੋਇਆ ਹੈ],” ਭਾਦਰ ਭੋਪਾ ਦਾ ਕਹਿਣਾ ਹੈ। 65 ਸਾਲਾ ਭਾਦਰ ਉੱਤਰ-ਪੱਛਮੀ ਰਾਜਸਥਾਨ ਵਿੱਚ ਆਪਣੇ ਘਰ ਨੇੜੇ ਇੱਕ ਦਰੱਖਤ ਹੇਠਾਂ ਬੈਠੇ ਹਨ। “ਕੋਈ ਅਜਿਹੀ ਥਾਂ ਨਹੀਂ ਜੋ ਅਸੀਂ ਦੇਖੀ ਨਹੀਂ,” ਉਹ ਅੱਗੇ ਕਹਿੰਦੇ ਹਨ।
ਗੁਜਰਾਤ ਅਤੇ ਰਾਜਸਥਾਨ ਵਿੱਚ ਵੱਸਣ ਵਾਲ਼ੇ ਖਾਨਾਬਦੋਸ਼ ਭੋਪਾ ਭਾਈਚਾਰੇ ਨਾਲ਼ ਸਬੰਧ ਰੱਖਣ ਵਾਲ਼ੇ ਭਾਦਰ ਨੇ ਆਪਣਾ ਜ਼ਿਆਦਾਤਰ ਜੀਵਨ ਦੇਸ਼ ਵਿੱਚ ਘੁੰਮਦਿਆਂ, ਬਾਂਸ ਅਤੇ ਨਾਰੀਅਲ ਦੇ ਖੋਲ ਤੋਂ ਬਣਿਆ ਸਾਜ਼ ਰਾਵਣਹੱਤਾ ਵਜਾਉਂਦਿਆਂ, ਬਤੀਤ ਕੀਤੀ ਹੈ। “ਅਸੀਂ ਇੱਕ ਥਾਂ ਤੋਂ ਦੂਜੀ ਥਾਂ ਜਾਂਦੇ, ਉੱਥੇ ਰਹਿੰਦੇ, ਪੇਸ਼ਕਾਰੀ ਕਰਦੇ ਅਤੇ ਅੱਗੇ ਵਧ ਜਾਂਦੇ,” ਉਹ ਪਾਰੀ ਨੂੰ ਦੱਸਦੇ ਹਨ।
ਆਖਿਰਕਾਰ, 11 ਸਾਲ ਪਹਿਲਾਂ, ਭਾਦਰ ਜੀ ਅਤੇ ਉਹਨਾਂ ਦੇ ਪੰਜ ਪੁੱਤਰਾਂ ਨੇ ਚੁਰੂ ਜਿਲ੍ਹੇ ਵਿੱਚ ਵੱਸਣ ਦਾ ਮਨ ਬਣਾ ਲਿਆ। “ਮੈਂ ਉਸ ਖਾਨਾਬਦੋਸ਼ ਜ਼ਿੰਦਗੀ ਤੋਂ ਤੰਗ ਆ ਗਿਆ ਸੀ, ਇਸ ਲਈ ਇੱਕ ਪਿੰਡ ਵਿੱਚ ਵੱਸਣ ਦਾ ਫ਼ੈਸਲਾ ਕੀਤਾ,” ਹੁਣ ਧੀਰਵਾਸ ਬੜਾ ਦੇ ਵਸਨੀਕ ਦਾ ਕਹਿਣਾ ਹੈ। ਉਹਨਾਂ ਨੇ ਇਸ ਪਿੰਡ ਨੂੰ ਇਸ ਲਈ ਚੁਣਿਆ ਕਿਉਂਕਿ ਉਹ ਇੱਥੋਂ ਪਹਿਲਾਂ ਵੀ ਕਈ ਵਾਰ ਸਫ਼ਰ ਕਰ ਚੁੱਕੇ ਸਨ ਅਤੇ ਇੱਥੋਂ ਦੇ ਲੋਕ ਜਾਣਕਾਰ ਸਨ। ਮੇਰੇ ਦਾਦਾ ਨੂੰ ਯਾਦ ਹੈ ਕਿ ਭੋਪਾ ਪਰਿਵਾਰ ਸੰਗੀਤਕਾਰ ਸਨ ਜੋ ਸਾਡੇ ਪਿੰਡ ਵਿੱਚ ਆਉਂਦੇ ਹਨ।
ਇਹ ਪਰਿਵਾਰ ਆਪਣਾ ਸਬੰਧ ਨਾਇਕ ਭਾਈਚਾਰੇ (ਅਨੁਸੂਚਿਤ ਜਾਤੀ ਵਜੋਂ ਸੂਚੀਬੱਧ) ਨਾਲ਼ ਦੱਸਦਾ ਹੈ, ਭਾਵੇਂ ਕਿ ਰਾਜਸਥਾਨ ਵਿੱਚ ਭੋਪਾ ਲੋਕਾਂ ਨੂੰ ਹੋਰ ਪਿਛੜੇ ਵਰਗ (ਓ. ਬੀ. ਸੀ.) ਵਿੱਚ ਮੰਨਿਆ ਜਾਂਦਾ ਹੈ। ਨਾਇਕ ਵੀ ਉਹਨਾਂ ਨੂੰ ਆਪਣੇ ਭਾਈਚਾਰੇ ਦਾ ਹਿੱਸਾ ਮੰਨਣ ਤੋਂ ਝਿਜਕਦੇ ਹਨ।
ਸ਼ੁਰੂਆਤ ਵਿੱਚ ਤਾਂ ਧੀਰਵਾਸ ਬੜਾ ਵਿੱਚ ਜ਼ਮੀਨ ਖਰੀਦਣਾ ਉਹਨਾਂ ਦੀ ਪਹੁੰਚ ਤੋਂ ਬਾਹਰ ਸੀ, ਇਸ ਲਈ ਉਹ ਪਹਿਲੇ ਦੋ ਸਾਲ ਪਿੰਡ ਦੇ ਬਾਹਰ ਹੀ ਵੱਸ ਗਏ। “ਫ਼ਿਰ ਅਸੀਂ ਸਰਪੰਚ ਤੱਕ ਪਹੁੰਚ ਕੀਤੀ ਅਤੇ ਉਹਨਾਂ ਨੇ ਸਾਨੂੰ ਕੁਝ ਜ਼ਮੀਨ ਦੇ ਦਿੱਤੀ,” ਭਾਦਰ ਭੋਪਾ ਦੇ ਪੁੱਤਰ ਭੰਵਰ ਲਾਲ ਦੱਸਦੇ ਹਨ। “ਲਗਭਗ ਇੱਕ ਵਿੱਘਾ ਅਤੇ ਤਿੰਨ ਵਿਸਵੇ [ਲਗਭਗ 0.75 ਏਕੜ] ਜ਼ਮੀਨ ਸੀ।”
ਧੀਰਵਾਸ ਬੜਾ ਦੇ ਮੁੱਖ ਬੱਸ ਅੱਡੇ ਤੋਂ ਦੱਖਣ ਵੱਲ ਨੂੰ ਖੇਤਾਂ ਦੇ ਨਾਲ਼ ਲੱਗਦੀ ਕੱਚੀ ਸੜਕ ‘ਤੇ ਜਾਉ, ਅਤੇ ਤੁਸੀਂ ਦੋ ਸ਼ਮਸ਼ਾਨ ਭੂਮੀ (ਸ਼ਮਸ਼ਾਨ ਘਾਟ) ਕੋਲੋਂ ਗੁਜ਼ਰੋਗੇ। ਪਹਿਲਾ ਸ਼ਮਸ਼ਾਨ ਘਾਟ ਸਵਾਮੀ ਭਾਈਚਾਰੇ (ਹੋਰ ਪਿਛੜੇ ਵਰਗ ਵਜੋਂ ਸੂਚੀਬੱਧ)ਵੱਲੋਂ ਵਰਤਿਆ ਜਾਂਦਾ ਹੈ ਅਤੇ ਕੁਝ ਦੂਰੀ ‘ਤੇ ਸਥਿਤ ਦੂਜਾ ਅਨੁਸੂਚਿਤ ਜਾਤੀਆਂ ਲਈ ਹੈ। ਇਹ ਸੜਕ ਸ਼ਮਸ਼ਾਨ ਘਾਟਾਂ ਨੂੰ ਦੂਜੇ ਬੰਨੇ ਸਥਿਤ ਦਲਿਤ ਮੁਹੱਲੇ ਤੋਂ ਵੱਖ ਕਰਦੀ ਹੈ। ਅਤੇ ਇਸ ਤੋਂ ਅੱਗੇ ਹੱਡਵਾਰ ਹੈ- ਜਿੱਥੇ ਮਰੇ ਡੰਗਰਾਂ ਨੂੰ ਸੁੱਟਿਆ ਜਾਂਦਾ ਹੈ।
ਇਸ ਹੱਡਵਾਰ ਦੇ ਇੱਕ ਹਿੱਸੇ ‘ਤੇ, ਆਪਣੇ ਅਰਜ਼ੀ ਘਰਾਂ ਵਿੱਚ ਭਾਦਰ ਭੋਪਾ ਦਾ 50 ਜੀਆਂ ਦਾ ਪਰਿਵਾਰ ਵੱਸਦਾ ਹੈ। ਉਹਨਾਂ ਦੀ ਇਹ ਇੱਕ ਥਾਂ ‘ਤੇ ਵੱਸਣ ਵਾਲ਼ੀ ਜ਼ਿੰਦਗੀ ਪਹਿਲਾਂ ਵਾਲ਼ੀ ਨਾਲ਼ੋਂ ਬਿਲਕੁਲ ਵੱਖਰੀ ਹੈ।










