"ਉਹ ਕਹਿੰਦੇ ਹਨ ਕਿ ਇੱਥੇ ਮੱਛੀ ਵੇਚਣ ਨਾਲ਼ ਬਦਬੂ ਆਉਂਦੀ ਹੈ, ਇਹ ਥਾਂ ਗੰਦੀ ਦਿਖਾਈ ਦਿੰਦੀ ਹੈ ਅਤੇ ਕੂੜੇ ਦੇ ਢੇਰ ਲੱਗ ਜਾਂਦੇ ਨੇ," ਗੁੱਸੇ ਵਿੱਚ ਆਈ ਐੱਨ. ਗੀਤਾ ਸੜਕ ਦੇ ਦੋਵੇਂ ਪਾਸੇ ਮੱਛੀ ਵੇਚਣ ਵਾਲ਼ੇ ਵਪਾਰੀਆਂ ਦੇ ਬਕਸਿਆਂ ਵੱਲ ਇਸ਼ਾਰਾ ਕਰਦਿਆਂ ਕਹਿੰਦੀ ਹਨ। "ਇਹ ਕੂੜਾ ਹੀ ਤਾਂ ਸਾਡੀ ਦੌਲਤ ਹੈ, ਇਹ ਬਦਬੂ ਸਾਡੀ ਰੋਜ਼ੀ-ਰੋਟੀ। ਅਸੀਂ ਉਨ੍ਹਾਂ ਨੂੰ ਛੱਡ ਕੇ ਕਿੱਥੇ ਜਾਵਾਂਗੇ?" 42 ਸਾਲਾ ਗੀਤਾ ਪੁੱਛਦੀ ਹਨ।
ਅਸੀਂ ਲੂਪ ਰੋਡ 'ਤੇ ਅਸਥਾਈ ਨੋਚੀਕੁੱਪਮ ਮੱਛੀ ਬਜ਼ਾਰ ਵਿੱਚ ਖੜ੍ਹੇ ਹਾਂ, ਜੋ ਮਰੀਨਾ ਬੀਚ 'ਤੇ 2.5 ਕਿਲੋਮੀਟਰ ਦੀ ਲੰਬਾਈ ਤੱਕ ਫੈਲਿਆ ਹੋਇਆ ਹੈ। ਜਿਹੜੇ 'ਲੋਕ' ਸ਼ਹਿਰ ਨੂੰ ਸੁੰਦਰ ਬਣਾਉਣ ਦੇ ਨਾਮ 'ਤੇ ਇਨ੍ਹਾਂ ਮੱਛੀ ਵਿਕਰੇਤਾਵਾਂ ਨੂੰ ਇੱਥੋਂ ਉਜਾੜਨਾ ਚਾਹੁੰਦੇ ਹਨ, ਉਹ ਕੁਲੀਨ ਕਨੂੰਨ ਘਾੜ੍ਹੇ ਅਤੇ ਨੌਕਰਸ਼ਾਹ ਹਨ। ਗੀਤਾ ਵਰਗੇ ਮਛੇਰਿਆਂ ਲਈ, ਨੋਚੀਕੁੱਪਮ ਉਨ੍ਹਾਂ ਦਾ ਓਰੂ (ਪਿੰਡ) ਹੈ। ਇਹੀ ਉਹ ਥਾਂ ਹੈ ਜਿਸ ਨਾਲ਼ ਉਹ ਹਮੇਸ਼ਾਂ ਜੁੜੇ ਰਹੇ ਹਨ - ਕਿਸੇ ਵੀ ਤੂਫ਼ਾਨ ਜਾਂ ਸੁਨਾਮੀ ਤੋਂ ਬਾਅਦ ਵੀ।
ਗੀਤਾ ਬਜ਼ਾਰ ਵਿੱਚ ਭੀੜ ਵਧਣ ਤੋਂ ਪਹਿਲਾਂ ਸਵੇਰੇ-ਸਵੇਰੇ ਆਪਣਾ ਸਟਾਲ ਤਿਆਰ ਕਰ ਰਹੇ ਹਨ। ਕੁਝ ਲੋਕ ਉਲਟੇ ਕਰਕੇ ਰੱਖੇ ਕ੍ਰੇਟਾਂ 'ਤੇ ਪਲਾਸਟਿਕ ਬੋਰਡ ਰੱਖ ਕੇ ਬਣਾਏ ਗਏ ਕੰਮਚਲਾਊ ਮੇਜ਼ਾਂ 'ਤੇ ਪਾਣੀ ਛਿੜਕ ਕੇ ਸਫਾਈ ਕਰ ਰਹੇ ਹਨ। ਉਹ ਦੁਪਹਿਰ 2 ਵਜੇ ਤੱਕ ਆਪਣੇ ਸਟਾਲ 'ਤੇ ਰਹਿਣਗੇ। ਉਹ ਆਪਣੇ ਵਿਆਹ ਤੋਂ ਬਾਅਦ ਤੋਂ ਹੀ ਇੱਥੇ ਮੱਛੀ ਵੇਚ ਰਹੇ ਹਨ, ਇਸ ਗੱਲ ਨੂੰ 20 ਸਾਲ ਬੀਤ ਚੁੱਕੇ ਹਨ।
ਪਰ ਲਗਭਗ ਇੱਕ ਸਾਲ ਪਹਿਲਾਂ, 11 ਅਪ੍ਰੈਲ, 2023 ਨੂੰ, ਉਨ੍ਹਾਂ ਤੋਂ ਇਲਾਵਾ, ਲੂਪ ਰੋਡ 'ਤੇ ਮੱਛੀ ਵੇਚਣ ਵਾਲ਼ੇ ਲਗਭਗ 300 ਹੋਰ ਵਿਕਰੇਤਾਵਾਂ ਨੂੰ ਗ੍ਰੇਟਰ ਚੇੱਨਈ ਕਾਰਪੋਰੇਸ਼ਨ (ਜੀਸੀਸੀ) ਵੱਲ਼ੋਂ ਥਾਂ ਖਾਲੀ ਕਰਨ ਦਾ ਨੋਟਿਸ ਦਿੱਤਾ ਗਿਆ ਸੀ। ਮਦਰਾਸ ਹਾਈ ਕੋਰਟ ਦੇ ਆਦੇਸ਼ ਵਿੱਚ ਜੀਸੀਸੀ ਨੂੰ ਇੱਕ ਹਫ਼ਤੇ ਦੇ ਅੰਦਰ ਸੜਕ ਸਾਫ਼ ਕਰਨ ਦਾ ਆਦੇਸ਼ ਦਿੱਤਾ।
"ਗ੍ਰੇਟਰ ਚੇੱਨਈ ਕਾਰਪੋਰੇਸ਼ਨ ਸਾਰੇ ਕਬਜ਼ਿਆਂ (ਮੱਛੀ ਵੇਚਣ ਵਾਲ਼ੇ ਮਛੇਰਿਆਂ, ਸਟਾਲਾਂ, ਪਾਰਕ ਕੀਤੀਆਂ ਗੱਡੀਆਂ) ਨੂੰ ਕਨੂੰਨੀ ਪ੍ਰਕਿਰਿਆ ਦਾ ਪਾਲਣ ਕਰਦੇ ਹੋਏ ਲੂਪ ਰੋਡ ਤੋਂ ਹਟਾਏਗਾ। ਅਦਾਲਤ ਨੇ ਆਪਣੇ ਆਦੇਸ਼ 'ਚ ਕਿਹਾ ਕਿ ਪੁਲਿਸ ਇਸ ਕੰਮ 'ਚ ਨਿਗਮ ਦੀ ਮਦਦ ਕਰੇਗੀ ਤਾਂ ਜੋ ਪੂਰੀ ਸੜਕ ਅਤੇ ਫੁੱਟਪਾਥਾਂ ਨੂੰ ਕਬਜ਼ੇ ਤੋਂ ਮੁਕਤ ਕਰਵਾਇਆ ਜਾ ਸਕੇ ਅਤੇ ਉਨ੍ਹਾਂ 'ਤੇ ਪੈਦਲ ਚੱਲਣ ਵਾਲਿਆਂ ਦੀ ਨਿਰਵਿਘਨ ਆਵਾਜਾਈ ਨੂੰ ਯਕੀਨੀ ਬਣਾਇਆ ਜਾ ਸਕੇ,'' ਅਦਾਲਤ ਨੇ ਆਪਣੇ ਆਦੇਸ਼ ਵਿੱਚ ਕਿਹਾ।






















