ਜਿਓਂ-ਜਿਓਂ ਰੰਗੋਲੀ ਬੀਹੂ ਤਿਓਹਾਰ ਦੇ ਦਿਨ ਨੇੜੇ ਆਉਂਦੇ ਜਾਂਦੇ ਤਿਓਂ-ਤਿਓਂ ਗੁਆਂਢੋਂ ਆਉਂਦੀ ਲੱਕੜ ਦੀਆਂ ਖੱਡੀਆਂ ਦੀ ਖੜ੍ਹ-ਖੜ੍ਹ ਹੋਰ ਤੇਜ਼ ਹੁੰਦੀ ਜਾਂਦੀ ਹੈ।
ਭੇਲਾਪਾੜਾ ਗੁਆਂਢੀ ਦੀ ਇਸ ਸ਼ਾਂਤ ਗਲ਼ੀ ਵਿੱਚ, ਪਾਟਨੇ ਦੇਉਰੀ ਆਪਣੀ ਖੱਡੀ 'ਤੇ ਝੁਕੀ ਹੋਈ ਹਨ। ਬਜਰਾਝਾਰ ਪਿੰਡ ਸਥਿਤ ਆਪਣੇ ਘਰ ਵਿੱਚ ਉਹ ਏਂਡੀ ਗਾਮੂਸਾ ਬੁਣਨ ਵਿੱਚ ਮਸ਼ਰੂਫ਼ ਹਨ।ਅਪ੍ਰੈਲ ਵਿੱਚ ਆਉਂਦੇ ਅਸਾਮੀ ਨਵੇਂ ਸਾਲ ਤੇ ਵਾਢੀ ਦੇ ਤਿਓਹਾਰ ਤੋਂ ਪਹਿਲਾਂ-ਪਹਿਲਾਂ ਇਨ੍ਹਾਂ ਗਾਮੂਸਾ ਨੂੰ ਪੂਰਾ ਕਰਨਾ ਹੀ ਪੈਣਾ ਹੈ।
58 ਸਾਲਾ ਪਾਟਨੇ ਜਿਸ ਤਰੀਕੇ ਨਾਲ਼ ਇਨ੍ਹਾਂ ਉੱਤੇ ਫੁੱਲ-ਬੂਟੇ ਬੁਣਦੀ ਹਨ ਇਸ ਨਾਲ਼ ਇਹ ਗਾਮੂਸਾ ਕੋਈ ਆਮ ਸ਼ੈਅ ਰਹਿ ਹੀ ਨਹੀਂ ਜਾਂਦੇ। ''ਬੀਹੂ ਤੱਕ ਮੈਂ 30 ਗਾਮੂਸਾ ਬਣਾਉਣੇ ਹਨ ਕਿਉਂਕਿ ਲੋਕੀਂ ਆਪਣੇ ਮਹਿਮਾਨਾਂ ਨੂੰ ਇਹੀ ਤੋਹਫ਼ਾ ਦੇਣਾ ਪਸੰਦ ਕਰਦੇ ਹਨ,'' ਉਹ ਕਹਿੰਦੀ ਹਨ। ਡੇਢ ਮੀਟਰ ਦੀ ਲੰਬਾਈ ਵਿੱਚ ਬੁਣੇ ਇਹ ਗਾਮੂਸਾ ਅਸਾਮੀ ਸੱਭਿਆਚਾਰ ਦਾ ਅਹਿਮ ਅੰਗ ਹਨ। ਤਿਓਹਾਰਾਂ ਮੌਕੇ ਮੁਕਾਮੀ ਲੋਕੀਂ ਇਨ੍ਹਾਂ ਨੂੰ ਉਚੇਚੇ ਤੌਰ 'ਤੇ ਬੁਣਵਾਉਂਦੇ ਹਨ, ਇਨ੍ਹਾਂ ਵਿੱਚੋਂ ਦੀ ਲੰਘਣ ਵਾਲ਼ੀ ਲਾਲ ਧਾਰੀ ਇਨ੍ਹਾਂ ਨੂੰ ਵੱਖਰੀ ਨੁਹਾਰ ਬਖ਼ਸ਼ਦੀ ਹੈ।
''ਫੁੱਲ-ਬੂਟੇ ਬੁਣਨਾ ਮੈਨੂੰ ਬੜਾ ਚੰਗਾ ਲੱਗਦਾ ਹੈ। ਜਿੱਥੇ-ਕਿਤੇ ਵੀ ਮੈਂ ਕੋਈ ਫੁੱਲ ਵੇਖ ਲਵਾਂ, ਬਿਲਕੁਲ ਉਵੇਂ ਦਾ ਹੀ ਮੈਂ ਬੁਣ ਵੀ ਲੈਂਦੀ ਹਾਂ। ਮੇਰੇ ਲਈ ਇੱਕ ਝਲ਼ਕ ਹੀ ਕਾਫੀ ਹੈ,'' ਫ਼ਖ਼ਰ ਨਾਲ਼ ਮੁਸਕਰਾਉਂਦਿਆਂ ਦੇਉਰੀ ਕਹਿੰਦੀ ਹਨ। ਦੇਉਰੀ ਭਾਈਚਾਰਾ ਅਸਾਮ ਦੇ ਪਿਛੜੇ ਕਬੀਲੇ ਵਜੋਂ ਸੂਚੀਬੱਧ ਹੈ।












