ਸਵੇਰ ਦੇ ਤਿੰਨ ਵੱਜੇ ਸਨ। ਨੰਦਿਨੀ ਸੰਤਰੀ ਰੰਗੇ ਇੱਕ ਤੰਬੂ ਦੇ ਬਾਹਰ ਬੈਠੀ ਹੋਈ, ਆਪਣੀ ਸਹੇਲੀ ਵੱਲ਼ੋਂ ਫੜ੍ਹੇ ਮੋਬਾਇਲ ਫ਼ੋਨ ਦੀ ਟਾਰਚ ਦੀ ਰੌਸ਼ਨੀ ਵਿੱਚ ਆਪਣੇ ਚਿਹਰੇ 'ਤੇ ਮੇਕਅਪ ਕਰ ਰਹੀ ਸੀ।
ਸਾਧਾਰਨ ਸੂਤੀ ਸਾੜੀ ਪਹਿਨ ਕੇ 18 ਸਾਲਾ ਲੜਕੀ ਆਪਣੇ ਵਿਆਹ ਦੀ ਤਿਆਰੀ ਕਰ ਰਹੀ ਹੈ, ਜੋ ਕੁਝ ਘੰਟਿਆਂ 'ਚ ਹੋਣ ਵਾਲਾ ਹੈ।
ਉਸ ਤੋਂ ਇੱਕ ਦਿਨ ਪਹਿਲਾਂ, ਉਹ ਅਤੇ ਉਸਦਾ ਹੋਣ ਵਾਲਾ ਪਤੀ ਜੈਰਾਮ (21) ਆਪਣੇ ਦੋਸਤਾਂ ਅਤੇ ਪਰਿਵਾਰ ਨਾਲ਼ ਬੰਗਲਾਮੇਡੂ (ਅਧਿਕਾਰਤ ਤੌਰ 'ਤੇ ਚੇਰੂਕਨੂਰ ਇਰੂਲਰ ਕਲੋਨੀ ਵਜੋਂ ਜਾਣਿਆ ਜਾਂਦਾ ਹੈ) ਤੋਂ ਮਮੱਲਪੁਰਮ ਆਏ ਸਨ। ਤਾਮਿਲਨਾਡੂ ਦੇ ਤਿਰੂਵਲੂਰ ਜ਼ਿਲ੍ਹੇ ਦਾ ਰਹਿਣ ਵਾਲਾ ਇਹ ਸਮੂਹ ਚੇਨਈ ਦੇ ਦੱਖਣੀ ਸਮੁੰਦਰੀ ਕੰਢੇ 'ਤੇ ਛੋਟੇ ਟੈਂਟਾਂ 'ਚ ਰਹਿ ਰਹੇ ਸੈਂਕੜੇ ਇਰੂਲਾ ਪਰਿਵਾਰਾਂ 'ਚੋਂ ਇਕ ਹੈ।
ਹਰ ਸਾਲ ਮਾਰਚ ਵਿੱਚ, ਜਿਓਂ ਹੀ ਤੱਟਵਰਤੀ ਤਾਮਿਲਨਾਡੂ ਦੀ ਥੋੜ੍ਹੀ ਜਿਹੀ ਸਰਦੀ ਗਰਮੀਆਂ ਲਈ ਰਾਹ ਪੱਧਰਾ ਕਰਦੀ ਹੈ, ਮਮੱਲਪੁਰਮ (ਪਹਿਲਾਂ ਮਹਾਬਲੀਪੁਰਮ ਵਜੋਂ ਜਾਣਿਆ ਜਾਂਦਾ ਸੀ) ਦੇ ਸਮੁੰਦਰੀ ਕੰਢੇ 'ਤੇ ਸੁਨਹਿਰੀ ਰੇਤ ਵੰਨ-ਸੁਵੰਨੇ ਲੋਕਾਂ ਤੇ ਰੰਗਾਂ ਨਾਲ਼ ਚਮਕਣ ਲੱਗਦੀ ਹੈ। ਪੂਰਾ ਸਮੁੰਦਰੀ ਤੱਟ ਪਤਲੀਆਂ ਸਾੜੀਆਂ ਅਤੇ ਤਰਪਾਲਾਂ ਦੀ ਵਰਤੋਂ ਕਰਕੇ ਬਣਾਏ ਗਏ ਵਾੜਿਆਂ ਅਤੇ ਟੈਂਟਾਂ ਦੇ ਇੱਕ ਵਿਸ਼ਾਲ ਨੈਟਵਰਕ ਵਿੱਚ ਬਦਲ ਜਾਂਦਾ ਹੈ। ਨੇੜੇ ਲੱਗੇ ਰੁੱਖਾਂ ਦੀਆਂ ਟਹਿਣੀਆਂ ਨਾਲ਼ ਟੈਂਟ ਨੂੰ ਆਸਰਾ ਦਿੱਤਾ ਜਾਂਦਾ ਹੈ।
ਖੇਤਰ ਦਾ ਇਹ ਪ੍ਰਸਿੱਧ ਬੀਚ ਹੈ ਜੋ ਸਾਰਾ ਸਾਲ ਸੈਲਾਨੀਆਂ ਨੂੰ ਆਕਰਸ਼ਿਤ ਕਰਦਾ ਹੈ। ਪਰ ਇਸ ਸਮੇਂ ਦੌਰਾਨ ਮਾਸੀ ਮਾਗਮ ਮਨਾਉਣ ਲਈ ਆਉਣ ਵਾਲ਼ੇ ਇਰੂਲੀ ਲੋਕਾਂ ਦਾ ਜਸ਼ਨ ਤੇ ਸ਼ੋਰ ਇਸਨੂੰ ਇੱਕ ਵੱਖਰੀ ਦਿੱਖ ਦਿੰਦੇ ਹਨ। ਇਰੂਲਾ ਦੀ ਪਛਾਣ ਇੱਕ ਵਿਸ਼ੇਸ਼ ਕਮਜ਼ੋਰ ਕਬਾਇਲੀ ਸਮੂਹ (ਪੀਵੀਟੀਜੀ) ਵਜੋਂ ਕੀਤੀ ਗਈ ਹੈ - ਅਨੁਮਾਨਤ ਆਬਾਦੀ ਲਗਭਗ 2 ਲੱਖ ਹੈ (ਭਾਰਤ ਦੇ ਅਨੁਸੂਚਿਤ ਕਬੀਲਿਆਂ ਦਾ ਅੰਕੜਾ ਵੇਰਵਾ, 2013)। ਉਹ ਤਾਮਿਲਨਾਡੂ ਵਿੱਚ ਫੈਲੇ ਛੋਟੇ ਸਮੂਹਾਂ ਵਿੱਚ ਅਲੱਗ-ਥਲੱਗ ਖੇਤਰਾਂ ਵਿੱਚ ਰਹਿੰਦੇ ਹਨ।


























