ਜਿਓਂ ਹੀ ਮਾਲੋਜੀ ਆਪਣੇ ਇੱਕ ਏਕੜ ਦੇ ਅੰਗੂਰ ਦੇ ਬਾਗ਼ ਵਿੱਚ ਪੈਰ ਪਾਉਂਦੇ ਹਨ ਉਨ੍ਹਾਂ ਨੂੰ ਫੇਰ ਕਿਸੇ ਸਹਾਰੇ ਦੀ ਲੋੜ ਨਹੀਂ ਰਹਿ ਜਾਂਦੀ। ਉਹ ਆਪਣੇ ਦੋਸਤ ਸੰਤੋਸ਼ ਹਿੰਗਮਿਰੇ ਤੋਂ ਵੱਖ ਹੋ ਕੇ ਖੜ੍ਹੇ ਹੋ ਜਾਂਦੇ ਹਨ ਅਤੇ ਆਪਣੀਆਂ ਅੱਖਾਂ ਦੀ ਬਜਾਏ ਆਪਣੇ ਤਜ਼ਰਬੇ ਅਤੇ ਸਹਿਜ ਗਿਆਨ ਨਾਲ਼ ਹੀ ਆਪਣਾ ਰਸਤਾ ਫੜ੍ਹਦੇ ਤੇ ਤੈਅ ਕਰਦੇ ਹਨ। 31 ਸਾਲਾ ਮਾਲੋਜੀ ਦ੍ਰਿਸ਼ਟੀਹੀਣ ਹਨ, ਪਰ ਆਪਣੀ ਜ਼ਮੀਨ ਦੀ ਬਣਾਵਟ ਅਤੇ ਉਸਦੇ ਹਰ ਹਿੱਸੇ ਤੋਂ ਚੰਗੀ ਤਰ੍ਹਾਂ ਜਾਣੂ ਹਨ।
ਉਹ ਅੰਗੂਰ ਦੀ ਇੱਕ ਵੇਲ ਨੂੰ ਫੜ੍ਹੀ ਲੋਹੇ ਦੇ ਖੰਭੇ ਵੱਲ ਇਸ਼ਾਰਾ ਕਰਦਿਆਂ ਪੁੱਛਦੇ ਹਨ,''ਕੀ ਤੁਸੀਂ ਇਸ ਟਹਿਣੀ ਵੱਲ ਦੇਖ ਰਹੋ ਓ?''
ਪਲ ਕੁ ਲਈ ਅਸੀਂ ਭੰਬਲਭੂਸੇ ਵਿੱਚ ਪੈ ਜਾਂਦੇ ਹਾਂ,''ਕਿਹੜੀ ਵਾਲ਼ੀ?''
ਇਸ ਵਿਡੰਬਨਾ 'ਤੇ ਮੁਸਕਰਾਉਂਦਿਆਂ ਮਾਲੋਜੀ ਰਤਾ ਕੁ ਅੱਗੇ ਝੁਕਦੇ ਹਨ ਅਤੇ ਇੱਕ ਤਾਜ਼ਾ ਉੱਗੇ ਪੌਦੇ ਦੀ ਟਹਿਣੀ ਨੂੰ ਮਲ੍ਹਕੜੇ ਜਿਹੇ ਚੁੱਕਦੇ ਹਨ, ਜਿਸਦੀ ਨੋਕ 'ਤੇ ਪੰਜ ਤਾਜ਼ੀਆਂ ਪੱਤੀਆਂ ਸਨ ਪਰ ਮੁੜੀਆਂ ਹੋਈਆਂ। ਉਂਗਲਾਂ ਨਾਲ਼ ਉਸ ਨੂੰ ਸਹਿਲਾਉਂਦਿਆਂ ਮੱਠੇ ਸੁਰ ਵਿੱਚ ਉਹ ਕਹਿੰਦੇ ਹਨ,“ਇਹ ਚੰਗੀ ਤਰ੍ਹਾਂ ਵਧੀ ਨਹੀਂ ਹੈ। ਜੜ੍ਹਾਂ ਨੁਕਸਾਨੀਆਂ ਗਈਆਂ ਹਨ। ਮਹੀਨਿਆਂ ਤੱਕ ਇਨ੍ਹਾਂ ਨੂੰ ਖੁੱਲ੍ਹ ਕੇ ਧੁੱਪ ਨਹੀਂ ਮਿਲੀ।”
ਉਹ ਇੱਕ ਬੇਲ ਹੀ ਉਨ੍ਹਾਂ ਦੇ ਇੱਕ ਏਕੜ ਅੰਗੂਰ ਦੇ ਪੂਰੇ ਬਾਗ਼ ਦੀ ਕਹਾਣੀ ਬਿਆਨ ਕਰ ਦਿੰਦੀ ਹੈ, ਜੋ ਉਨ੍ਹਾਂ ਦੇ ਪਿਤਾ, ਧਨਾਂਜੀ ਅਤੇ ਮਾਂ, ਪੁਸ਼ਪਾਬਾਈ ਦੇ ਪੰਜ ਏਕੜ ਸਿੰਚਤ ਖੇਤ ਦਾ ਹਿੱਸਾ ਹੈ। ਇਸ ਸਾਲ ਅੰਗੂਰ ਦੀ ਫ਼ਸਲ ਨਹੀਂ ਹੋਵੇਗੀ। ਖੇਤ ਵਿੱਚ ਗੰਨੇ ਦੀ ਨਵੀਂ ਪੌਦ ਅਤੇ ਹੋਰ ਫਲਦਾਰ ਦਰੱਖਤ ਵੀ ਸੜ ਰਹੇ ਹਨ। ਪਰਿਵਾਰ ਨੇ ਕੁੱਲ ਮਿਲ਼ਾ ਕੇ ਲਗਭਗ 10 ਲੱਖ ਰੁਪਏ ਦੇ ਨੁਕਸਾਨ ਦਾ ਅੰਦਾਜ਼ਾ ਲਗਾਇਆ ਹੈ। ਇਸ ਨਾਲ਼ ਉਨ੍ਹਾਂ ਦੀ ਆਰਥਿਕ ਸਥਿਤੀ ਘੱਟੋ-ਘੱਟ ਇੱਕ ਦਹਾਕਾ ਪਿੱਛੜ ਜਾਣੀ ਹੈ।
ਇਹ ਵਿਨਾਸ਼ਕਾਰੀ ਨੁਕਸਾਨ 2025 ਦੇ ਮਾਨਸੂਨ ਦੌਰਾਨ ਪਏ ਭਾਰੀ ਮੀਂਹ ਦਾ ਨਤੀਜਾ ਹੈ, ਜਦੋਂ ਮੀਂਹ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਸੀ। ਨਾ ਹੀ ਜਾਮਗਾਓਂ ਵਿੱਚ, ਨਾ ਹੀ ਪੂਰੇ ਸੋਲ੍ਹਾਪੁਰ ਜ਼ਿਲ੍ਹੇ ਵਿੱਚ ਅਤੇ ਨਾ ਹੀ ਮਰਾਠਵਾੜਾ ਦੇ ਗੁਆਂਢੀ ਬੀਡ ਅਤੇ ਧਾਰਾਸਿਵ ਜ਼ਿਲ੍ਹਿਆਂ ਵਿੱਚ। ਨਵੰਬਰ 2025 ਦੇ ਸ਼ੁਰੂ ਤੱਕ ਸੋਇਆਬੀਨ ਦੇ ਖੇਤ ਅਤੇ ਅੰਗੂਰ ਦੇ ਬਾਗ਼ ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਸਨ। ਜੋ ਛੋਟੀਆਂ ਧਾਰਾਵਾਂ ਸਾਲ ਦਾ ਜ਼ਿਆਦਾ ਸਮਾਂ ਸੁੱਕੀਆਂ ਰਹਿੰਦੀਆਂ ਸਨ, ਉਹ ਵੀ ਸੋਕੇ ਮਾਰੇ ਇਸ ਖੇਤਰ ਵਿੱਚ ਨੱਕੋ-ਨੱਕ ਭਰੀਆਂ ਵਗ ਰਹੀਆਂ ਸਨ।
ਮਈ 2025 ਦੇ ਮੱਧ ਤੋਂ ਲੈ ਕੇ ਅਕਤੂਬਰ ਦੇ ਅੰਤ ਤੱਕ ਪੱਛਮੀ ਮਹਾਰਾਸ਼ਟਰ ਅਤੇ ਮਰਾਠਵਾੜਾ ਨੇ ਲਗਾਤਾਰ ਅਤੇ ਲੰਬੇ ਸਮੇਂ ਤੱਕ ਚੱਲਣ ਵਾਲ਼ੀ ਮੀਂਹ ਦੀ ਝੜੀ ਝੱਲੀ। 19 ਤੋਂ 25 ਸਤੰਬਰ ਦਰਮਿਆਨ ਸਥਿਤੀ ਬਹੁਤ ਗੰਭੀਰ ਹੋ ਗਈ, ਜਦੋਂ ਬੱਦਲ ਫਟਣ ਅਤੇ ਅਚਾਨਕ ਆਏ ਹੜ੍ਹ ਦੀਆਂ ਘਟਨਾਵਾਂ ਨੇ ਖੜ੍ਹੀਆਂ ਫ਼ਸਲਾਂ, ਬਾਗ਼ਬਾਨੀਆਂ, ਮਿੱਟੀ, ਪਸ਼ੂਪਾਲਨ ਅਤੇ ਕੁਝ ਮਾਮਲਿਆਂ ਵਿੱਚ ਮਨੁੱਖੀ ਜ਼ਿੰਦਗੀ ਤੱਕ ਨੂੰ ਨਸ਼ਟ ਕਰ ਦਿੱਤਾ। ਪੂਰੇ ਸੋਲ੍ਹਾਪੁਰ ਜ਼ਿਲ੍ਹੇ ਵਿੱਚ ਅਧਿਕਾਰੀਆਂ ਨੇ 47,000 ਹੈਕਟਰ ਤੋਂ ਵੱਧ ਫ਼ਸਲਾਂ ਨੂੰ ਪੂਰਿਆ ਨਾ ਜਾ ਸਕਣ ਵਾਲ਼ਾ ਨੁਕਸਾਨ ਪਹੁੰਚਾਇਆ।













