ਜਿਓਂ ਹੀ ਮੋਬਾਇਲ ਫ਼ੋਨ ਵੱਜਣ ਲੱਗਦਾ ਹੈ, 20 ਸਾਲਾ ਕਿਰੀਤ ਫ਼ੌਰਨ ਆਪਣੇ ਡੈਸਕਟੌਪ ਦੇ ਸਾਹਮਣੇ ਬੈਠ ਜਾਂਦਾ ਹੈ, ਹੈੱਡਫ਼ੋਨ ਲਾਉਂਦਾ ਹੈ, ਪੈੱਨ ਚੁੱਕਦਾ ਹੈ ਤੇ ਆਪਣੀ ਡਾਇਰੀ ਖੋਲ਼੍ਹ ਲੈਂਦਾ ਹੈ।
''ਨਮਸਕਾਰ, ਸ਼ਿਵਾਰ ਹੈਲਪਲਾਈਨ,'' ਉਹ ਸ਼ਾਂਤ ਤੇ ਠਰ੍ਹਮੇ ਭਰੀ ਅਵਾਜ਼ ਵਿੱਚ ਕਹਿੰਦਾ ਹੈ।
ਦੂਜੇ ਪਾਸੇ ਅੱਧਖੜ੍ਹ ਕਿਸਾਨ ਔਰਤ ਸੀ, ਪਾਰਵਤੀ ਜੋ ਮਹਾਰਾਸ਼ਟਰ ਦੇ ਨੰਦੇੜ ਜ਼ਿਲ੍ਹੇ ਦੀ ਰਹਿਣ ਵਾਲ਼ੀ ਸੀ।
''ਮੈਂ ਤੁਹਾਡੀ ਕੀ ਮਦਦ ਕਰ ਸਕਦਾ ਹਾਂ?'' ਕਿਰੀਤ ਨੇ ਮਰਾਠੀ ਵਿੱਚ ਪੁੱਛਿਆ। ਮਨੋਵਿਗਿਆਨ ਵਿੱਚ ਗ੍ਰੈਜੁਏਸ਼ਨ ਦੇ ਤੀਜੇ ਵਰ੍ਹੇ ਦਾ ਵਿਦਿਆਰਥੀ ਕਿਰੀਤ ਪੁਣੇ ਦੇ ਕਾਲਜ ਵਿੱਚ ਪੜ੍ਹਦਾ ਹੈ ਤੇ ਪਾਰਭਨੀ ਪਿੰਡ ਤੋਂ ਹੈ।
ਪਾਰਵਤੀ ਰਤਾ ਕੁਝ ਝਿਜਕਦੀ ਹੈ ਤੇ ਉਹਦੀ ਅਵਾਜ਼ ਲਰਜ਼ ਜਾਂਦੀ ਹੈ।
''ਮੀਂਹ ਨੇ ਸਾਡੀ ਸਾਰੀ ਫ਼ਸਲ ਡੁਬੋ ਛੱਡੀ,'' ਉਹ ਜਿਵੇਂ-ਕਿਵੇਂ ਬੋਲ ਪਾਈ,''ਸੋਇਆਬੀਨ, ਤੁਅਰ... ਬੱਕਰੀਆਂ ਵੀ ਮਰ ਗਈਆਂ। ਹੁਣ ਸਾਡੇ ਕੋਲ਼ ਕੋਈ ਕੰਮ ਨਹੀਂ ਰਿਹਾ।''
ਪਰਿਵਾਰ ਦੀ ਰੀੜ੍ਹ- ਖੇਤੀ, ਡੰਗਰ, ਮੌਸਮੀ ਮਜ਼ਦੂਰੀ ਟੁੱਟ ਗਈ ਸਭ ਕੁਝ ਪਾਣੀ ਵਿੱਚ ਰੁੜ੍ਹ ਗਿਆ। ਪਰ ਕਰਜ਼ਾ ਸਿਰ 'ਤੇ ਖੜ੍ਹੇ ਦਾ ਖੜ੍ਹਾ ਹੈ; ਉਮੀਦਾਂ ਦਮ ਤੋੜ ਚੁੱਕੀਆਂ ਹਨ। ਉਹ ਹਿੰਮਤ ਕਰਕੇ ਪੁੱਛਦੀ ਹੈ ਕਿ ਕੀ ਉਨ੍ਹਾਂ ਨੂੰ ਰਬੀ ਵਾਸਤੇ ਬੀਜਣ ਨੂੰ ਕੁਝ ਬੀਜ ਮੂੰਗੀ ਮਿਲ਼ ਸਕਦੇ ਹਨ।
''ਜੇ ਸਾਨੂੰ ਬੀਜ ਮਿਲ਼ ਜਾਣ, ਅਸੀਂ ਘੱਟੋਘੱਟ ਗਰਮੀਆਂ ਵਿੱਚ ਤਾਂ ਕੁਝ ਕੁ ਸੰਭਲ਼ ਜਾਵਾਂਗੇ,'' ਉਹ ਦਲੀਲ ਦਿੰਦੀ ਹੈ।

























